More

  ਪੰਥ ਚੋਂ ਛੇਕੇ ਲੰਗਾਹ ਦੀ ਨਵੀਂ ਗੁਸਤਾਖੀ; ਪੰਥਕ ਰਵਾਇਤਾਂ ਨੂੰ ਚੁਣੌਤੀ ਦੇਣ ਵਿਚ ਸ਼ਾਮਲ ਦੋ ਹੋਰ ਕਮੇਟੀ ਮੈਂਬਰ

  ਅਪੱਤੀਜਨਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਖਾਲਸਾ ਪੰਥ ਵਿਚੋਂ ਛੇਕੇ ਗਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਇਕ ਹੋਰ ਗੁਨਾਹ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ ਸਾਹਿਬ ਤੋਂ ਪਾਸੇ ਜਾਂਦਿਆਂ ਬੀਤੇ ਕੱਲ੍ਹ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਪੰਜ ਸਿੰਘਾਂ ਅੱਗੇ ਪੇਸ਼ ਹੋ ਕੇ ਮੁਆਫੀ ਦੀ ਤਨਖਾਹ ਲਵਾ ਲਈ। ਇਹ ਸਿੱਖ ਰਵਾਇਤ ਤੋਂ ਉਲਟ ਗੱਲ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਸਿੱਖ ਨੂੰ ਮੁਆਫੀ ਅਕਾਲ ਤਖ਼ਤ ਸਾਹਿਬ ਤੋਂ ਹੀ ਮਿਲ ਸਕਦੀ ਹੈ। ਲੰਗਾਹ ਵੱਲੋਂ ਕੀਤੀ ਇਸ ਨਵੀਂ ਗਲਤੀ ਵਿਚ ਦੋ ਹੋਰ ਸ਼੍ਰੌਮਣੀ ਕਮੇਟੀ ਮੈਂਬਰ ਵੀ ਸ਼ਾਮਲ ਪਾਏ ਗਏ ਹਨ, ਜਿਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਨੂੰ ਇਕ ਚਿੱਠੀ ਲਿਖ ਕੇ ਦੱਸਿਆ ਹੈ ਕਿ ਸਾਹਮਣੇ ਆਈਆਂ ਤਸਵੀਰਾਂ ਵਿਚ ਲੰਗਾਹ ਨਾਲ ਮੌਕੇ ‘ਤੇ ਬਟਾਲਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਅਤੇ ਧਾਰੀਵਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੇ ਪਤੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਰਤਨ ਸਿੰਘ ਜ਼ਫਰਵਾਲ ਵੀ ਨਜ਼ਰ ਆ ਰਹੇ ਹਨ।

  ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪੈਣ ਤੋਂ ਬਾਅਦ ਹਰਕਤ ਵਿਚ ਆਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਤੈਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

  ਮੁਅੱਤਲ ਕੀਤੇ ਗਏ ਮੁਲਾਜ਼ਮਾਂ ’ਚ ਗੁਰਦੁਆਰੇ ਦੇ ਇੰਚਾਰਜ ਰਛਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਅਤੇ ਕਥਾਵਾਚਕ ਹਰਮੀਤ ਸਿੰਘ ਸ਼ਾਮਲ ਹਨ। ਗੁਰਦੁਆਰਾ ਬਾਬਾ ਬੰਦਾ ਬਹਾਦਰ ਗੜੀ ਗੁਰਦਾਸ ਨੰਗਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ ਜਿਥੇ ਅੱਜ ਸਾਲਾਨਾ ਮੇਲੇ ਦੌਰਾਨ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕਰਮਚਾਰੀਆਂ ਨੇ ਮੁੱਖ ਦਫ਼ਤਰ ’ਚ ਇਸ ਘਟਨਾਕ੍ਰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿਤੀ ਸੀ। ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਅਤੇ ਸਿਧਾਂਤਾਂ ਨਾਲ ਜੁੜਿਆ ਹੋਣ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਸਖ਼ਤ ਨੋਟਿਸ ਲਿਆ ਅਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿਤੇ। ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ ਅਤੇ ਇਹ ਜਾਂਚ ਫਲਾਇੰਗ ਵਿਭਾਗ, ਪ੍ਰਚਾਰਕਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕਰਨਗੇ।

  ਉਧਰ ਅੰਮ੍ਰਿਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਲੰਗਾਹ ਨੂੰ ਅਜੇ ਅਕਾਲ ਤਖ਼ਤ ਤੋਂ ਕੋਈ ਮੁਆਫ਼ੀ ਨਹੀਂ ਮਿਲੀ ਹੈ।

  ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ’ਚ ਜਥੇਦਾਰ ਬਾਬਾ ਤਰਸੇਮ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਦੀ ਅਗਵਾਈ ਹੇਠ ਪੂਰਨਮਾਸ਼ੀ ਮੌਕੇ ਕਰਾਏ ਗਏ ਸਾਲਾਨਾ ਸਮਾਗਮ ਦੌਰਾਨ ਸੁੱਚਾ ਸਿੰਘ ਲੰਗਾਹ ਪਰਿਵਾਰ ਸਣੇ ਪੰਜ ਸਿੰਘਾਂ ਅੱਗੇ ਪੇਸ਼ ਹੋਇਆ।

  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਅੰਮ੍ਰਿਤਸਰ ’ਚ ਕਿਹਾ ਕਿ ਲੰਗਾਹ ਦਾ ਮਾਮਲਾ ਅਜੇ ਸ੍ਰੀ ਅਕਾਲ ਤਖ਼ਤ ਦੇ ਵਿਚਾਰ ਅਧੀਨ ਹੈ। ਜਥੇਦਾਰ ਦੇ ਹਵਾਲੇ ਨਾਲ ਉਨ੍ਹਾਂ ਆਖਿਆ ਕਿ ਲੰਗਾਹ ਵਲੋਂ ਮੁਆਫ਼ੀ ਪੱਤਰ ਭੇਜਿਆ ਗਿਆ ਸੀ, ਜੋ ਫਿਲਹਾਲ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਕਾਲ ਤਖ਼ਤ ਵਲੋਂ ਉਨ੍ਹਾਂ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਹੈ।

  ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਫਿਰ ਤੋਂ ਅੰਮ੍ਰਿਤਪਾਨ ਕਰਵਾਉਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੀ ਪ੍ਰੰਪਰਾ ਨਾਲ ਸਿੱਖ ਮਰਿਯਾਦਾ ਨੂੰ ਢਾਹ ਲੱਗੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਇਹ ਕੰਮ ਕਿਸ ਦੀ ਪ੍ਰਵਾਨਗੀ ਨਾਲ ਕੀਤਾ ਗਿਆ। ਜਥੇਦਾਰ ਸ਼ਾਹਪੁਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਇਸ ਨਿਵੇਕਲੀ ਪ੍ਰੰਪਰਾ ਦੇ ਭਵਿੱਖ ਵਿੱਚ ਕੌਮ ਲਈ ਨਤੀਜੇ ਘਾਤਕ ਹੋ ਸਕਦੇ ਹਨ। ਉਨ੍ਹਾਂ ਇਸ ਮੌਕੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੀ ਹਾਜ਼ਰੀ ’ਤੇ ਵੀ ਹੈਰਾਨੀ ਜਤਾਈ।

  ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਸ ਤਰ੍ਹਾਂ ਅੰਮ੍ਰਿਤ ਛਕਾਕੇ ਪੰਥ ਵਿੱਚ ਸ਼ਾਮਿਲ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਨੁੰ ਖੁੱਲ੍ਹੇਆਮ ਵੰਗਾਰਨ ਵਾਲੀ ਕਾਰਵਾਈ ਹੈ। ਇਸ ਕਾਰਵਾਈ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਅੱਜ ਪੰਥ ਸੁੱਚਾ ਸਿੰਘ ਲੰਗਾਹ ਨੂੰ ਅਮ੍ਰਿਤ ਛਕਾਉਣ ਵਾਲਿਆਂ ਦੀ ਕਾਰਵਾਈ ਨੂੰ ਪਰਵਾਨ ਕਰੇਗਾ ਤਾਂ ਯਾਦ ਰੱਖੋ ਕਿ ਆਉਣ ਵਾਲੀ ਕੱਲ੍ਹ ਕਿਤੇ ਵੀ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਛੇਕੇ ਗਏ ਬੰਦੇ ਨੁੰ ਅੰਮ੍ਰਿਤ ਛਕਾਕੇ ਪੰਥ ਵਿੱਚ ਸ਼ਾਮਿਲ ਕਰਨ ਦੀ ਕਾਰਵਾਈ ਕਰ ਲਿਆ ਕਰਨਗੇ। ਕੱਲ੍ਹ ਨੂੰ ਕੋਈ ਉੱਠੇਗਾ ਨਿੰਰਕਾਰੀਆ ਨੁੰ ਮਾਫ ਕਰ ਦਏਗਾ। ਇਹ ਪਿਰਤ ਬਹੁਤ ਹੀ ਗਲਤ ਹੈ।

  ਉਹਨਾਂ ਸਖਤ ਟਿੱਪਣੀ ਕਰਦਿਆਂ ਆਪਣੇ ਫੇਸਬੁੱਕ ਖਾਤੇ ‘ਤੇ ਲਿਖਿਆ, “ਉੁਂਝ ਵੀ ਸੁੱਚਾ ਸਿੰਘ ਲੰਗਾਹ ਵਰਗੇ ਗੰਦ ਤੋਂ ਪੰਥ ਨੇ ਕੀ ਲੈਣਾ ਹੈ ?…. ਪੰਥ ਨੁੰ ਇਹੋ ਜਹੀਆ ਗਲਤ ਪਾਈਆਂ ਜਾ ਰਹੀਆਂ ਪਰੰਪਰਾਵਾਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ।”

  ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਾਹਿਤ 

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img