More

  ਪੰਜਾਬ ਸੰਤਾਪ ਦੇ ਦੌਰ ਵਿਚੋਂ ਨਿਕਲਿਆ ਬੱਬਰ ਸ਼ੇਰ ਖਾਲਿਸਤਾਨੀ ਬਾਬਾ

  ਪੰਜਾਬ ,2 ਜੂਨ (ਬੁਲੰਦ ਆਵਾਜ ਬਿਊਰੋ) – ਡਾਕਟਰ ਤੇਜਇੰਦਰਪਾਲ ਸਿੰਘ! ਜੀਹਨੂੰ ਹਰੇਕ ‘ਹਾਈਜੈਕਰ ਬਾਬਾ’ ਕਹਿਕੇ ਯਾਦ ਕਰਦਾ ਹੈ।ਉਹ ਦਲ ਖਾਲਸਾ ਦੇ ਉਨਾਂ ਪੰਜਾਂ ਸਿੰਘਾਂ ਵਿਚੋ ਇਕ ਹੈ ਜਿਹੜੇ 1981 ਵਿਚ ਭਾਰਤੀ ਹਵਾਈ ਜਹਾਜ ਅਗਵਾ ਕਰਕੇ ਲਾਹੌਰ ਲੈ ਗਏ ਸਨ ।ਲਾਲਾ ਜਗਤ ਨਾਰਾਇਣ ਕਤਲ ਕਾਂਡ ਮਗਰੋਂ ਸੰਤ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ,ਚੰਦੋ ਕਲਾਂ ਤੇ ਹੋਰ ਕਈ ਥਾਈਂ ਸਿਖਾਂ ਉਪਰ ਜੁਲਮ ਤੇ ਮਹਿਤਾ ਚੌਂਕ ਵਿਚ ਪੁਲੀਸ ਦੀ ਫਾਇਰਿੰਗ ਨਾਲ ਸਿੱਖਾਂ ਦੀਆਂ ਸ਼ਹਾਦਤਾਂ ਮਗਰੋਂ ਉਭਰੇ ਰੋਹ ਭਰੇ ਜ਼ਜ਼ਬਿਆਂ ਦੀ ਤਰਜ਼ਮਾਨੀ ਲਈ ਤੇ ਖਾਲਿਸਤਾਨ ਦੇ ਮੁੱਦੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਲਿਜਾਣ ਲਈ ਇਹ ‘ਹਾਈਜੈਕਿੰਗ’ਬਹੁਤ ਜਰੂਰੀ ਸੀ।ਹਾਈਜੈਕਰਾਂ ਦੇ ਇਸ ਜਥੇ ਵਿਚ ਸ਼ਾਮਿਲ ਹੋਣ ਦਾ ਡਾ.ਤੇਜਇੰਦਰਪਾਲ ਸਿੰਘ ਨੂੰ ਅੰਤਾਂ ਦਾ ਫਖਰ ਹੈ।ਬਥੇਰੇ ਲੋਕ ਮਿਲਦੇ ਨੇ ਜਿਹੜੇ ਕੌਮੀ ਸੰਘਰਸ਼ ਵਿਚ ਸੇਵਾ ਕਰਨ ਕਰਕੇ ਝੱਲੇ ਕਸ਼ਟਾਂ ਦੀ ਦਾਸਤਾਨ ਐਂ ਸੁਣਾਉਣਗੇ ਜਿਵੇਂ ਉਨਾਂ ਨੂੰ ਅਫਸੋਸ ਹੋਵੇ ਪਰ ਡਾ.ਤੇਜਇੰਦਰਪਾਲ ਸਿੰਘ ਹਰ ਦੁਖ-ਤਕਲੀਫ ਤੇ ਕਸ਼ਟ ਨੂੰ ਹੱੱਕੇ ਟਿੱਚਰਾਂ ਕਰਦਾ ਹੈ।ਉਹ ਗੱਲ ਛੇੜੇਗਾ,”ਇਕ ਵੇਰ ਪਾਕਿਸਤਾਨ ਜੇਲ੍ਹ ਵਿਚ…..” ਤੇ ਇੰਝ ਉਹ ਸਾਨੂੰ ਖਾਲਸਾਈ ਚੜ੍ਹਤ ਤੇ ਸਿਖੀ ਅਣਖ ਦੀ ਬਾਤ ਸੁਣਾ ਜਾਂਦਾ ਹੈ।ਜਲੰਧਰ ਸ਼ਹਿਰ ਵਿਚ 5 ਜੂਨ 1952 ਨੂੰ ਪਿਤਾ ਹਰਬੰਸ ਸਿੰਘ ਤੇ ਮਾਤਾ ਪੂਰਨ ਕੌਰ ਦੇ ਘਰ ਜਨਮਿਆ ਡਾ.ਤੇਜਇੰਦਰਪਾਲ ਸਿੰਘ ਆਪਣੀਆਂ ਪੰਜ ਭੈਣਾਂ ਤੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਉਹਦੇ ਕਈ  ਭੈਣ-ਭਰਾ ਕੈਨੇਡਾ ਵਿਚ ਹਨ।ਜਿਹੜੇ ਇਥੇ ਪੰਜਾਬ ਵਿਚ ਵੀ ਹਨ,ਉਹ ਵੀ ਹਰ ਪੱਖੋਂ ਖੁਸ਼ਹਾਲ।ਪਰਿਵਾਰ ਵਿਚ ਸਿਖੀ ਦੇ ਸੰਸਕਾਰ ਸ਼ੁਰੂ ਤੋਂ ਹੀ ਹਨ।ਦੱਸਦੇ ਹਨ ਕਿ ਉਹਦੇ ਦਾਦਾ ਸ.ਸੰਤ ਸਿੰਘ ਬਜਾਜ ਨਨਕਾਣਾ ਸਾਹਿਬ ਮੋਰਚੇ ਮੌਕੇ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਸਾਥੀ ਸਨ।ਅਕਾਲੀ ਲਹਿਰ ਵਿਚ ਟੱਬਰ ਦਾ ਭਰਪੂਰ ਯੋਗਦਾਨ ਰਿਹਾ ਹੈ।ਗੁਰਦੁਆਰਾ ਸੁਧਾਰ ਲਹਿਰ ਦੇ ਮਹੌਲ ਨੇ ਡਾ.ਤੇਜਇੰਦਰਪਾਲ ਸਿੰਘ ਦੇ ਪਿਤਾ ਉਪਰ ਸਿਖੀ ਦਾ ਜੋ ਗੂਹੜਾ ਰੰਗ ਚਾੜ੍ਹਿਆ ਉਹ ਰੰਗ ਟੱਬਰ ਵਿਚੋਂ ਹੁਣ ਡਾ.ਤੇਜਇੰਦਰਪਾਲ ਸਿੰਘ ਤੇ ਦਿਸਦਾ ਹੈ।।ਪੰਜਾਬੀ ਸੂਬਾ ਅੰਦੋਲਨ ਵਿਚ ਪਿਤਾ ਜੀ ਨੇ ਖੁਦ ਜੇਲ੍ਹ ਕੱਟੀ।ਦੋ ਭਰਾ ਵੀ ਉਦੋਂ ਜੇਲ੍ਹ ਗਏ।ਪੰਥ ਲਈ ਕੁਰਬਾਨੀ ਕਰਨ ਤੋਂ ਉਨਾਂ ਦੇ ਟੱਬਰ ਨੇ ਕਦੇ ਟਾਲ਼ਾ ਨਹੀ ਵੱਟਿਆ।

  ਡਾ.ਤੇਜਇੰਦਰਪਾਲ ਸਿੰਘ ਸਿਖ ਨੈਸ਼ਨਲ ਮਿਡਲ ਸਕੂਲ ਤੋਂ ਪੜ੍ਹਿਆ ਹੈ।1975 ਵਿਚ ਉਹ ਕੈਨੇਡਾ ਗਿਆ।ਪਰ ਸਾਲ ਕੁ ਮਗਰੋਂ ਹੀ ਵਾਪਸ ਪੰਜਾਬ ਆ ਗਿਆ।ਪੰਥਕ ਸਰਗਰਮੀਆਂ ਉਹਦੀ ਰੂਹ ਦੀ ਖੁਰਾਕ ਬਣ ਗਈਆਂ ਸਨ।ਫੈਡਰੇਸ਼ਨ ਦੀਆਂ ਸਰਗਰਮੀਆਂ ਵਿਚ ਉਹ ਭਾਈ ਅਮਰੀਕ ਸਿੰਘ ਤੇ ਹੋਰ ਸਿਖ ਆਗੂਆਂ ਦੇ ਸੰਪਰਕ ਵਿਚ ਆ ਗਿਆ।ਯੰਗ ਸਿਖ ਐਸੋਸੀਏਸ਼ਨ ਵਿਚ ਉਹ ਭਾਈ ਗਜਿੰਦਰ ਸਿੰਘ,ਭਾਈ ਮਨਮੋਹਣ ਸਿੰਘ ਤੇ ਉਨਾਂ ਨੌਜਵਾਨਾਂ ਨਾਲ ਹੋਰ ਵੀ ਵੱਧ ਸਰਗਰਮ ਹੋਗਿਆ ਜਿਨਾਂ ਨੇ ਮਗਰੋਂ ਦਲ ਖਾਲਸਾ ਦੇ ਆਗੂ ਵਜੋਂ ਸੇਵਾ ਕਰਨੀ ਸੀ।ਇਸੇ ਦੌਰਾਨ ਘਰਦਿਆਂ ਨੇ ਉਹਦਾ ਵਿਆਹ ਕਰ ਦਿਤਾ ਤੇ ਇਕ ਪੁਤਰ ਦੀ ਬਖਸ਼ਿਸ਼ ਹੋਈ ਪਰ ਉਹਦਾ ਵਿਆਹ ਸਫਲ ਨਾ ਰਹਿ ਸਕਿਆ।ਪੰਥਕ ਸਰਗਰਮੀਆਂ ਵਿਚ ਬੇਤਹਾਸ਼ਾ ਰੁਚੀ ਹੋਣ ਕਰਕੇ ਉਹਦਾ ਘਰੇਲੂ ਜਿੰਮੇਵਾਰੀਆਂ ਵੱਲ ਬਹੁਤਾ ਧਿਆਨ ਹੀ ਨਹੀ ਸੀ।੧੯੮੧ ਵਿਚ ਸੰਤ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਮਗਰੋਂ ਹਾਈਜੈਕਿੰਗ ਮਗਰੋਂ ਦਲ ਖਾਲਸਾ ਦੇ ਹੋਰ ਆਗੂਆਂ ਸਮੇਤ ਉਹਨੂੰ ਵੀ ਪਾਕਿਸਤਾਨ ਵਿਚ ਉਮਰ ਕੈਦ ਹੋ ਗਈ।੧੩ ਅਕਤੂਬਰ ੧੯੯੪ ਨੂੰ ਸਜ਼ਾ ਪੂਰੀ ਹੋਣ ਤੇ ਰਿਹਾਈ ਹੋਣ ਮਗਰੋਂ ਉਹ ਕੈਨੇਡਾ ਚਲਾ ਗਿਆ ਪਰ ਉਥੇ ਗ੍ਰਿਫਤਾਰ ਕਰ ਲਿਆ ਗਿਆ।22 ਦਸੰਬਰ 1997 ਨੂੰ ਉਹਨੂੰ ਕੈਨੇਡਾ ਸਰਕਾਰ ਨੇ ਭਾਰਤ ਭੇਜ ਦਿਤਾ।ਜਲੰਧਰ ਵਿਚ ਆਕੇ ਉਹਨੇ ਫੇਰ ਪੰਥਕ ਪਿੜ ਸਾਂਭ ਲਿਆ।ਅੰਮ੍ਰਿਤਸਰ,ਅਨੰਦਪੁਰ ਸਾਹਿਬ,ਫਤਿਹਗੜ੍ਹ ਸਾਹਿਬ ਹਰ ਪੰਥਕ ਸਮਾਗਮ ਮੌਕੇ ਉਹ ਸਿਖੀ ਦੀ ਚੜ੍ਹਦੀ ਕਲਾ ਦਾ ਪੈਗਾਮ ਲੈਕੇ ਪਹੁੰਚਿਆ ਹੁੰਦਾ ਹੈ।ਉਹਦੇ ਭਖਦੇ ਜ਼ਜ਼ਬੇ ਅੱਜ ਦੇ ਨੌਜਵਾਨਾਂ ਨਾਲੋਂ ਵੀ ਵੱਧ ਲਾਟਾਂ ਮਾਰਦੇ ਹਨ।ਉਹਦਾ ਵਾਹ ਚੱਲੇ ਤਾਂ ਧਰਤੀ ਦੇ ਜ਼ਰੇ-ਜ਼ਰੇ ਉਪਰ ‘ਖਾਲਿਸਤਾਨ ਜਿੰਦਾਬਾਦ’ ਲਿਖ ਦੇਵੇ।ਉਹ ਚੜ੍ਹਦੀ ਕਲਾ ਦਾ ਮੁਜੱਸਮਾ ਹੈ।ਸਿਧਾ -ਸਾਦਾ ਜੀਵਨ ਤੇ ਪੰਥ ਨੂੰ ਸਮਰਪਿਤ ਹਸਤੀ।ਦਿਲਦਾਰ।ਹੱਸਮੁਖ।ਸਿਖੀ ਸਿਦਕ ਵਿਚ ਪਰਪੱਕ।ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ।ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀ।ਸਾਰੇ ਰਿਸ਼ਤੇ-ਨਾਤੇ,ਯਾਰ-ਦੋਸਤ ਸਿਰਫ ਖਾਲਿਸਤਾਨੀ ਸੋਚ ਨਾਲ।ਹਰ ਵੇਲੇ ਖਿੜੇ ਰਹਿਣਾ।ਮਰੂੰ-ਮਰੂੰ ਜਿਹੇ ਕਰਨ ਵਾਲੇ ਨੂੰ ਵੀ ਚੜ੍ਹਦੀ ਕਲਾ ਨਾਲ ਭਰਪੂਰ ਕਰ ਦੇਣਾ।ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਅੱਗੇ ਧਾਰਮਿਕ ਕਿਤਾਬਾਂ ਤੇ ਕਕਾਰਾਂ ਦੀ ਦੁਕਾਨਦਾਰੀ।ਦੁਕਾਨਦਾਰੀ ਕਾਹਦੀ ਪੰਥ ਦੀ ਸੇਵਾ।ਦਰਵੇਸ਼ਾਂ ਵਾਲ਼ਾ ਜਿਗਰਾ।ਦੁੱਖਾਂ,ਮੁਸ਼ਕਲਾਂ,ਔਕੜਾਂ ਤੇ ਪੀੜ ਨੂੰ ਸਾਹਮਣੇ ਤੋਂ ਵੰਗਾਰਨ ਵਾਲਾ ਸੁਭਾਅ।ਹਰ ਉਮਰ ਦਾ ਬੇਲੀ।ਪੰਥ,ਕੌਮ,ਖਾਲਿਸਤਾਨ ਵਰਗਿਆਂ ਮੁੱਦਿਆਂ ਤੇ ਚੌਵੀ ਘੰਟੇ ਬੋਲ ਸਕਦਾ ਹੈ।

  ਉਹ ਅਣਖ-ਗੈਰਤ ਦੇ ਆਪਦੇ ਸਵੈਮਾਣ ਲਈ ਕਿਸੇ ਵੇਲੇ ਵੀ ਕਿਸੇ ਵੀ ਮੁੱਦੇ ਤੇ ਅੜ ਸਕਦਾ ਹੈ।ਜੇ ਕੋਈ ਉਹਨੂੰ ‘ਮੱਦਦ’ਦੇਣ ਦੀ ਗੱਲ ਸੋਚੇ ਤਾਂ ਉਹ ਅੱਗੋਂ ਕਰਾਰਾ ਜਵਾਬ ਦੇਵੇਗਾ ਕਿ ਮੇਰੇ ਸਰੀਰ ਚ ਜਾਨ ਹੈਗੀ,ਕਰ ਕੇ ਖਾਣੀ ਐ।

  ਉਹ ਕਦੇ ਕਿਸੇ ਅੱਗੇ ਹੱਥ ਨਹੀ ਅੱਡ ਸਕਦਾ।ਉਹਦੇ ਕਦਰਦਾਨ ਉਹਦੇ ਉਪਰੋਂ ਸਭ ਕੁਝ ਕੁਰਬਾਨ ਕਰਨ ਵਾਲੇ ਹਨ।ਉਹਨੂੰ ਲੋੜ ਹੋਵੇ ਸਹੀ,ਉਹੁਦੇ ਕਦਰਦਾਨ ਉਡੀਕਦੇ ਰਹਿੰਦੇ ਨੇ ਕਿ ਕਦੇ ਸੇਵਾ ਦਾ ਮੌਕਾ ਦੇਵੇ।ਪਰ ਉਹ ਲੋਕ ਭਲਾਈ ਵਿਚ ਹੀ ਲੀਨ ਰਹਿੰਦਾ ਹੈ।ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰਣਾਈ ਉਹਦੀ ਉਚ-ਦੁਮਾਲੜੀ ਹਸਤੀ ਨੇ ਬਹੁਤ ਸਾਰੀਆਂ ਚਰਚਿਤ ਤੇ ਅਹਿਮ ਹਸਤੀਆਂ ਨੂੰ ਕਾਇਲ ਕੀਤਾ ਹੋਇਆ ਹੈ।ਉਹਦੀ ਜਾਣ-ਪਛਾਣ ਦਾ ਘੇਰਾ ਬਹੁਤ ਵੱਡਾ ਹੈ।ਉਹਦੇ ਵਾਕਿਫਾਂ ਵਿਚੋਂ ਇਕ ਵਿਦੇਸ਼ ਤੋਂ ਉਹਨੂੰ ਮਿਲਣ ਆਏ ਦੋਸਤ ਨੇ ਉਹਨੂੰ ਸੁਲਾਹ ਮਾਰੀ,”ਦੱਸ ਮੈਂ ਤੇਰੇ ਲਈ ਕੀ ਕਰਾਂ?”ਹਾਈਜੈਕਰ ਬਾਬੇ ਦਾ ਜਵਾਬ ਸੀ,”ਤੂੰ ਦੱਸ! ਮੈਂ ਤੇਰੇ ਲਈ ਕੀ ਕਰਾਂ?”ਉਹ ਦਲ ਖਾਲਸਾ ਦਾ ਸੀ,ਦਲ ਖਾਲਸਾ ਦਾ ਹੈ ਤੇ ਦਲ ਖਾਲਸਾ ਦਾ ਹੀ ਰਹੇਗਾ।ਦੁਨੀਆਂ ਦੀ ਕੋਈ ਤਾਕਤ ਉਹਦੇ ਨਾਂ ਨਾਲੋਂ ਦਲ ਖਾਲਸਾ ਨਹੀ ਲਾਹ ਸਕਦੀ।ਇਹ ਉਹਦੀ ਕਮਾਈ ਹੈ।ਉਹਨੂੰ ਕੌਮ ਦਾ ਰੱਜਵਾਂ ਮਾਣ-ਸਤਿਕਾਰ ਮਿਲਦਾ ਹੈ।ਉਹ ਮੁਹੱਬਤਾਂ ਦਾ ਵਗਦਾ ਦਰਿਆ ਹੈ।ਪਾਕਿਸਤਾਨ ਦੀ ਜੇਲ਼੍ਹ ਹੋਵੇ ਜਾਂ ਗੁਰੂ-ਘਰ ਉਹ ਸੇਵਾ ਭਾਵਨਾ ਤਹਿਤ ਸਭ ਦੀ ਨਜ਼ਰ ਵਿਚ ਆ ਜਾਂਦਾ ਰਿਹਾ।ਕੈਨੇਡਾ ਵਿਚ ਮਨੁੱਖੀ ਹੱਕਾਂ ਲਈ ਸਰਗਰਮ ਸੰਸਥਾਵਾਂ ਨਾਲ ਵਿਚਰਦਾ ਰਿਹਾ।ਅੱਜ ਵੀ ਵੈਨਕੂਵਰ ਦੇ ਲੋਕ ਉਹਨੂੰ ‘ਕੈਂਡੀ ਬਾਬਾ’ ਕਹਿਕੇ ਚੇਤੇ ਕਰਦੇ ਹਨ।ਉਹ ਦਿਲੇਰ,ਪੰਗੇਬਾਜ਼,ਅਣਖ ਵਾਲਾ ਤੇ ਹਰ ਵੇਲੇ ਸਿਰ ਉਚਾ ਚੁੱਕਕੇ ਜਿਉਣ ਵਾਲਾ ਬੰਦਾ  ਹਰ ਪਲ ਸਾਨੂੰ ਚੇਤੇ ਕਰਵਾਂਉਂਦਾ ਹੈ ਕਿ “ਸਿਖ ਜਾਂ ਬਾਗੀ ਹੁੰਦਾ ਹੈ ਜਾਂ ਬਾਦਸ਼ਾਹ,ਇਸਤੋਂ ਵਿਚ ਵਿਚਾਲੇ ਕੋਈ ਸਥਿਤੀ ਸਿਖ ਨੂੰ ਮਨਜੂਰ ਨਹੀ ਹੋ ਸਕਦੀ”ਪਹਿਲੇ ਦਿਨ ਤੋਂ ਉਹ ਭਾਈ ਗਜਿੰਦਰ ਸਿੰਘ ਦਾ ਸਭ ਤੋਂ ਪਿਆਰਾ ਸਾਥੀ ਰਿਹਾ ਹੈ।ਉਹਦੀ ਮੁਕੰਮਲ ਵਫਾਦਾਰੀ ਸ,ਗਜਿੰਦਰ ਸਿੰਘ ਪ੍ਰਤੀ ਹੈ।ਧਰਤੀ ਦੇ ਜਿਸ ਵੀ ਥਾਂ ਤੇ ਹੋਵੇ ਉਹਨੇ ਹਰ ਵੇਲੇ ਇਹੀ ਸੋਚਣਾ ਹੈ ਕਿ ਜੇ ਭਾਈ ਗਜਿੰਦਰ ਸਿੰਘ ਨੂੰ ਇਹ ਗੱਲ ਪਤਾ ਲੱਗੇ ਤਾਂ ਉਹ ਕੀ ਮਹਿਸੂਸ ਕਰਨਗੇ!ਭਾਈ ਗਜਿੰਦਰ ਸਿੰਘ ਦਾ ਨਾਂ ਨਹੀ ਲਵੇਗਾ’ਕਹੇਗਾ,”ਭਾਈ ਸਾਹਿਬ”।ਅਸੀਂ ਸਮਝ ਜਾਦੇ ਆਂ ਕਿ ‘ਜਥੇਦਾਰ ਸਾਹਿਬ’ਦੀ ਗੱਲ ਕਰ ਰਿਹਾ ਹੈ।ਉਹਨੇ ਬੜੀ ਮਿਹਨਤ ਤੇ ਜਿਦ ਨਾਲ ਭਾਈ ਗਜਿੰਦਰ ਸਿੰਘ ਦੀ ਸੰਪੂਰਨ ਕਵਿਤਾ ਨੂੰ ‘ਸੁਪਨੇ ਤੋਂ ਸੰਘਰਸ਼ ਵੱਲ’ ਵਿਚ ਛਾਪਿਆ ਤਾਂ ਉਹਦੀ ਧਰਤੀ ਤੇ ਅੱਡੀ ਨਹੀ ਲੱਗਦੀ।ਉਹਨੂੰ ਭਾਜੀ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਜ਼ੁਬਾਨੀ ਚੇਤੇ ਹਨ।ਜਦ ਕਿਤੇ ਲੋੜ ਪਵੇ ਤਾਂ ਮੈਂ ਉਹਨੂੰ ਫੋਨ ਕਰਕੇ ਕਿਸੇ ਕਵਿਤਾ ਬਾਰੇ ਪੁੱਛ ਬੈਠਾਂ ਤਾਂ ਉਹ ਸਾਰੀ ਕਵਿਤਾ ਸੁਣਾਕੇ ਹਟੇਗਾ।ਮੈਂ ਬੇਸ਼ੱਕ ਕਹੀ ਜਾਵਾਂ ਕਿ ਬੱਸ,ਸਰ ਗਿਆ,ਪਰ ਉਹਨੂੰ ਤਾਂ ਚਾਅ ਈ ਚੜ੍ਹ ਜਾਂਦਾ ਹੈ ਕਿ ਭਾਜੀ ਦੀ ਕਵਿਤਾ ਸੁਣਾਉਣ ਦਾ ਮੌਕਾ ਮਿਲ ਗਿਆ ਹੈ।

  ਉਹ ਦਲ ਖਾਲਸਾ ਦਾ ਤੁਰਦਾ-ਫਿਰਦਾ,ਜਿਉਂਦਾ-ਜਾਗਦਾ ਇਤਿਹਾਸ ਹੈ।ਦਲ ਖਾਲਸਾ ਦੇ ਆਗੂ ਮਨਮੋਹਣ ਸਿੰਘ ਦੀਆਂ ਗੱਲਾਂ ਛੇੜ ਲਵੇ ਤਾਂ ਘੰਟਿਆਂ ਬੱਧੀ ਗੱਲ ਕਰਦਾ ਰਹੇਗਾ। ਸ.ਸਤਿਨਾਮ ਸਿੰਘ ਪਾਂਉਂਟਾ ਸਾਹਿਬ ਦੀ ਗੱਲ ਛੇੜ ਲਵੇ ਤਾਂ ਉਹਦੇ ਚੇਹਰੇ-ਮੋਹਰੇ,ਬੋਲ-ਬਾਣੀ ਤੋਂ ਅੰਤਾਂ ਦਾ ਅਦਬ-ਸਤਿਕਾਰ ਝਲਕਦਾ ਹੈ। ਦਲ ਖਾਲਸਾ ਦੇ ਆਗੂ ਰਹੇ ਸ.ਹਰਿਸਿਮਰਨ ਸਿੰਘ ਵੀ ਉਹਨੂ ਰੱਜਵਾਂ ਮਾਣ ਦਿੰਦੇ ਹਨ।ਦਲ ਖਾਲਸਾ ਦੀ ਅਜੋਕੀ ਟੀਮ ਨਾਲ ਉਹਦਾ ਪੂਰਾ ਤਾਲਮੇਲ ਹੈ।ਜਿਥੇ ਵੀ ਸਮਾਗਮ ਹੋਵੇ ਉਹ ਔਖਾ-ਸੌਖਾ ਪਹੁੰਚ ਹੀ ਜਾਦਾ ਹੈ।ਸਮਾਗਮਾਂ ਮੌਕੇ ਉਹ ਪੁਰਾਤਨ ਨਿਹੰਗ ਸਿੰਘਾਂ ਵਾਂਗ ਕਈ ਚੀਜਾਂ ਨਾਲ ਲੱਦਿਆ ਹੋਇਆ ਦਿਸੇਗਾ ਟਿਕਰ,ਕਿਤਾਬਾਂ,ਪੋਸਟਰ,ਕਕਾਰ ਤੇ ਹੋਰ ਸਿਖੀ ਨਾਲ ਸਬੰਧਤ ਚੀਜਾਂ।ਪਹਿਲੀ ਵੇਰ ਦੇਖਣ ਵਾਲਿਆਂ ਨੂੰ ਲੱਗਦਾ ਹੁੰਦਾ ਹੈ ਕਿ ਦੁਕਾਨਦਾਰੀ ਕਰ ਰਿਹਾ ਹੈ ਪਰ ਉਹ ਅੱਧ ਤੋਂ ਵੱਧ ਚੀਜਾਂ ਮੁਫਤ ਵੰਡਕੇ ਤੁਰ ਜਾਂਦਾ ਹੈ।ਨੌਜਵਾਨ ਮੁੰਡੇ-ਕੁੜੀਆਂ ਉਹਦੇ ਨਾਲ ਗੱਲ ਕਰਕੇ ਪੰਥ ਤੇ ਖਾਲਿਸਤਾਨ ਬਾਰੇ ਜਾਣਕੇ ਖੁਸ਼ ਹੁੰਦੇ ਹਨ।ਉਹਦੇ ਲਹਿਜੇ ਤੇ ਅੰਦਾਜ਼ ਵਿਚ ਕਮਾਲ ਦੀ ਖਿੱਚ ਹੈ।ਨਾ ਚਾਹੁੰਦੇ ਹੋਵੇ ਵੀ ਉਹਦੀ ਗੱਲ ਸੁਨਣ ਨੂੰ ਦਿਲ ਕਰਦਾ ਹੈ।ਉਹਦੇ ਰਹਿਣ-ਸਹਿਣ,ਉਹਦੇ ਪਹਿਰਾਵੇ ਤੇ ਬੋਲ-ਬਾਣੀ ਵਿਚ ਇਕ ਬਾਦਸ਼ਾਹਾਂ ਵਾਲੀ ਫਕੀਰੀ ਝਲਕਦੀ ਹੈ।ਕਈਆਂ ਨੂੰ ਭਰਮ ਪੈ ਜਾਂਦਾ ਹੈ ਕਿ ਇਹ ਕੋਈ ਵੇਹਲੜ-ਗਰੀਬ ਤੇ ਰੋਟੀ ਤੋਂ ਮੁਥਾਜ ਬੰਦਾ ਹੈ ਪਰ  ਉਹ ਆਪਣੇ ਅਸਲ ਰੰਗ ਨੂੰ ਜਦ ਪ੍ਰਗਟ ਕਰਦਾ ਹੈ ਤਾਂ ਗੱਲ ਕਰਨ ਵਾਲਾ ਬੰਦਾ ਕਾਇਲ ਹੋ ਜਾਂਦਾ ਹੈ ਕਿ ਵਾਕਿਆ ਈ ਬੰਦੇ ਵਿਚ ਗੱਲਬਾਤ ਹੈ।ਅਕਸਰ ਮੇਰੇ ਮੋਬਾਈਲ ਦੀ ਸਕਰੀਨ ਤੇ ਉਭਰੇਗਾ,”ਹਾਈਜੈਕਰ”।ਫੋਨ ਚੁੱਕਣ-ਸਾਰ ਉਹਦੀ ਗਰਜਵੀ ਤੇ ਬੁਲੰਦ ਫਤਿਹ ਗੂੰਜਦੀ ਹੈ।ਮੈਂ ਹੱਸਦਾ ਹਾਂ,”ਜਲੰਧਰ ਤੋਂ ਸਿਧੀ ਅਵਾਜ਼ ਬਗੈਰ ਮੋਬਾਈਲ ਤਂ ਵੀ ਪਹੁੰਚ ਗਈ ਹੋਣੀ ਐ,ਹੌਲੀ ਬੋਲ ਲਿਆ ਕਰ” ਪਰ ਉਹ ਮੇਰੀ ਗੱਲ ਤੋਂ ਬੇਪਰਵਾਹ ਕੋਈ ਪੰਥਕ ਹਿਤ ਵਾਲੀ ਗੱਲ ਕਰੇਗਾ,ਜਿੰਮੇਵਾਰੀ ਨਿਭਾਏਗਾ ਤੇ ਠਾਹ ਫੋਨ ਬੰਦ।ਮੈਂ ਹਰ ਵੇਰ ਹੱਕਾ-ਬੱਕਾ ਤੇ ਸੁੰਨ ਜਿਹਾ ਰਹਿ ਜਾਂਦਾ ਹਾਂ ਤੇ ਕਈ ਵੇਰ ਦੁਬਾਰਾ ਫੋਨ ਮਿਲਾਕੇ ਕਹਾਂਗਾ,”ਮੇਰੀ ਵੀ ਸੁਣ ਲਿਆ ਕਰ”ਉਹਦਾ ਠੋਕਵਾਂ ਜਵਾਬ ਹੁੰਦਾ,”ਤੁਸੀਂ ਕੰਮ ਵਿਚ ਬਿਜ਼ੀ ਹੁੰਦੇ ਹੋਂ”

  ਉਹਦੀ ਚੇਤਨਾ ਨਹੀ ਜਾਣਦੀ ਕਿ ਹਾਰ ਕੀ ਹੁੰਦੀ ਹੈ,ਟੁੱਟ ਕੀ ਹੈ,ਝੁਕਣਾ ਕੀਹਨੂੰ ਕਹਿੰਦੇ ਨੇ।ਉਹਨੂੰ ਤੇ ਅੜਨਾ ਤੇ ਲੜਨਾ ਆਂਉਂਦਾ ਹੈ।ਉਹ ਜਿਵੇਂ ਜਿਦ ਫੜੀ ਬੈਠਾ ਹੋਵੇ ਕਿ ਖਾਲਿਸਤਾਨ ਦੇਖੇ ਬਗੈਰ ਤਾਂ ਨਹੀ ਜਾਂਦਾ ਏਥੋਂ!ਹੁਣ ਸਰਕਾਰ ਨੇ ਜਹਾਜ ਅਗਵ੍ਹਾ ਵਾਲਾ ਕੇਸ ਦਿਲੀ ਵਿਚ ਫੇਰ ਚਲਾ ਦਿਤਾ ਹੈ।ਉਹ ਆਪਣੇ ਜੇਲ਼੍ਹ ਦੇ ਸਾਥੀ ਰਹੇ ਸ.ਸਤਿਨਾਮ ਸਿੰਘ ਪਾਂਉਂਟਾ ਸਾਹਿਬ ਦੇ ਨਾਲ ਅਦਾਲਤ ਦੀਆਂ ਤਾਰੀਕਾਂ ਭੁਗਤ ਰਿਹਾ ਹੈ।ਹਰ ਰੋਜ ਸੁਣਵਾਈ ਤੇ ਕੇਸ ਹੈ।ਉਹਦਾ ਆਪਦਾ ਸਰੀਰ ਵੀ ਬਿਰਧ ਹੈ ਪਰ ਉਹ ਆਪਣੇ ਸਾਥੀ ਸ.ਸਤਿਨਾਮ ਸਿੰਘ ਪਾਂਉਂਟਾ ਸਾਹਿਬ ਦੀ ਸੇਵਾ ਕਰਨ-ਕਰਾਉਣ ਨੂੰ ਤਰਜੀਹ ਦੇਵੇਗਾ।ਜਲੰਧਰ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਸ.ਜਗਜੀਤ ਸਿੰਘ ਗਾਬਾ ਸਮੇਤ ਹੋਰ ਬੇਅੰਤ ਹਸਤੀਆਂ ਹਨ ਜੋ ਉਸ ਉਪਰ ਬੇਅਥਾਹ ਭਰੋਸਾ ਕਰਦੀਆਂ ਹਨ ।ਉਨਾਂ ਸਭ ਨੇ ਇਕ ਤਰਾਂ ਇਹ ਅਣ ਐਲਾਨਿਆ ਫੈਸਲਾ ਕੀਤਾ ਹੋਇਆ ਹੈ ਕਿ  ਜਦ ਚਾਹੇ ਉਹ ਇੰਨਾਂ ਕੋਲੋਂ ਕੁਝ ਵੀ ਕਰਵਾ ਸਕਦਾ ਹੈ।ਕਿਸੇ ਗਰੀਬ ਦੀ ਮੱਦਦ ਕਰਨੀ-ਕਰਾਉਣੀ ਤੇ ਕੋਈ ਹੋਰ ਪੰਥਕ ਲੋੜ ਪੂਰੀ ਕਰਵਾਉਣੀ ਉਹ ਆਪਣਾ ਫਰਜ਼ ਸਮਝਦਾ ਹੈ।ਸ.ਗਾਬਾ ਨੂੰ ਉਹਦੇ ਉਪਰ ਅੰਨ੍ਹਾ ਵਿਸਵਾਸ਼ ਹੈ।ਐਹੋ ਜਿਹੀ ਸ਼ਾਨਦਾਰ,ਗਰਜਵੀਂ,ਬੇਬਾਕ,ਹਸਮੁੱਖ ਤੇ ਜਬਰਦਸਤ ਪੰਥਕ ਹਸਤੀ ਨਾਲ ਸਾਂਝ ਹੋਣ ਦਾ ਕੀਹਨੂੰ ਫਖਰ ਨਹੀ ਹੋਵੇਗਾ? ਮੇਰਾ ਉਹਦੇ ਨਾਲ ਜਜਬਾਤੀ ਰਿਸ਼ਤਾ ਹੈ।ਮੇਰੀ ਧੀ ਗੁਰਮੇਹਰ ਕੌਰ ਤੇ ਉਹ ਮੇਰੇ ਨਾਲੋਂ ਵੀ ਵੱਧ ਹੱਕ ਸਮਝਦਾ ਹੈ।ਜਿਸ ਦਿਨ ਗੁਰਮੇਹਰ ਕੌਰ  ਨੇ ਪਹਿਲੇ ਦਿਨ ਸਕੂਲ ਜਾਣਾ ਸੀ ਤਾਂ ਉਹ ਸਵੇਰੇ ਸੱਤ ਵਜੇ ਰਿਕਸ਼ੇ ਚੋਂ ਉਤਰ ਰਿਹਾ ਸੀ।ਮੈਂ ਕਿਹਾ,”ਆਹ ਕਾਰ ਨੂੰ ਅੱਗ ਲਾਉਣੀ ਐ ਜੇ ਤੁਸੀਂ ਰਿਕਸ਼ਿਆਂ ਤੇ ਈ ਧੱਕੇ ਖਾਣੇ ਨੇ?ਫੋਨ ਨਹੀ ਸੀ ਕਰ ਹੁੰਦਾ!”ਉਹਨੇ ਮੇਰੀ ਗੱਲ ਦਾ ਜਵਾਬ ਦੇਣ ਦੀ ਥਾਂ ਆਪਦੇ ਬੈਗ ਦੀ ਜਿੱਪ ਖੋਲ੍ਹੀ ਤੇ  ਗੁਰਮੇਹਰ ਕੌਰ ਨੂੰ ਚੀਜੀਆਂ ਦੇਣੀਆਂ ਸ਼ੁਰੂ ਕੀਤੀਆ,ਉਠਿਆ ਤੇ ਰਸੋਈ ਵਿਚ ਜਾਕੇ ਆਪਦੀ ਪਸੰਦ ਦੀ ਚਾਹ ਬਣਾਉਣ ਲੱਗ ਪਿਆ।ਉਹਨੂੰ ਮੇਰੇ ਕੌੜੇ-ਫਿਕੇ ਬੋਲਾਂ ਤੇ ਰੋਸ ਨਹੀ ਆਉਂਦਾ,ਉਲਟਾ ਉਹ ਮੇਰਾ ਹੱਕ ਸਮਝਕੇ ਹੱਸ ਛੱਡਦਾ ਹੈ।ਪਤਾ ਹੀ ਨਹੀ ਹੁੰਦਾ ਕਿ ਕੀ ਮੇਰੇ ਲਈ ਚੱਕ ਲਿਆਵੇ!ਕਈ ਵੇਰ ਖਿਝਕੇ ਕਹਾਂਗਾਂ,”ਆਹ ਕਮੀਜ਼ ਹੁਣ ਮੇਰੇ ਪਾਉਣ ਆਲ਼ੀ ਐ? ਐਹਦਾ ਰੰਗ ਤਾਂ ਦੇਖ ਲੈਣਾ ਸੀ!”ਕਹੇਗਾ,”ਇਕ ਵੇਰ ਮੇਰੇ ਕਹਿਣ ‘ਤੇ ਪਾ ਲੈ!”ਮੈਂ ਚੁੱਪ ਕਰ ਜਾਂਦਾ ਹਾਂ ਕਿ ਇਹ ਇਹੋ ਜਿਹੀਆਂ ਜਿੱਦਾਂ ਹੋਰ ਕਿਥੇ ਪੂਰੀਆ ਕਰੇ? ਉਹਦੀ ਸਖਸ਼ੀਅਤ ਮੈਨੂੰ ਮੇਰੇ ਸਾਥੀ-ਬਜੁਰਗ ਦਾ ਅਹਿਸਾਸ ਕਰਵਾਂਉਂਦੀ ਹੈ।ਮੈਨੂੰ ਉਹਦੀ ਬੜੀ ਲੋੜ ਹੈ।ਉਹਦੀ ‘ਚੜ੍ਹਦੀ ਕਲਾ”ਮੈਨੂੰ ‘ਚੜ੍ਹਦੀ ਕਲਾ” ਵਿਚ ਰੱਖਦੀ ਹੈ। ਵਾਹਿਗੁਰੂ ਉਹਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਉਹਦਾ ਫੋਨ ਖੜਕਦਾ ਰਹੇ।        (ਸਰਬਜੀਤ ਸਿੰਘ ਘੁਮਾਣ)    (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img