More

  ਪੰਜਾਬ ਪੁਲਿਸ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਕਾਰ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਸਬੰਧੀ ਸਮਝੌਤਾ ਸਹੀਬੰਦ

  ਅੰਮ੍ਰਿਤਸਰ, 17 ਜੂਨ (ਗਗਨ ਅਜੀਤ ਸਿੰਘ) – ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਪੁਲਿਸ ਨਾਲ ਇਕ ਅਹਿਮ ਸਮਝੌਤਾ ਕੀਤਾ ਹੈ ਜਿਸ ਤਹਿਤ ਵਧ ਰਹੇ ਟ੍ਰੈਫਿਕ ਦਾ ਸਮਾਧਨ ਤੇ ਪ੍ਰਬੰਧਨ ਅਤੇ ਸੜਕ ਸੁਰੱਖਿਆ ਨੂੰ ਵਧੀਆ ਬਣਾਉਣ ਲਈ ਅਕਾਦਮਿਕ ਤੇ ਵਿਵਹਾਰਕ ਪੱਧਰ `ਤੇ ਉਦਮ ਕੀਤੇ ਜਾਣਗੇ। ਸੰਸਥਾਤਮਕ ਤੰਤਰ ਸਥਾਪਤ ਕਰਨ ਲਈ ਦੋਹਾਂ ਸੰਗਠਨਾਂ ਵਿਚਾਲੇ ਹੋਏ ਇਸ ਸਮਝੌਤਾ ਪੰਜ ਸਾਲਾਂ ਤਕ ਚੱਲੇਗਾ। ਇਸ ਸਮਝੌਤੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ, ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ, ਡਾ. ਐਸ. ਚੌਹਾਨ ਨੇ ਦਸਤਖਤ ਕੀਤੇ। ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਬੋਲਦਿਆਂ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਦੋ ਵੱਖ-ਵੱਖ ਸੰਗਠਨਾਂ ਵੱਲੋਂ ਇਕੱਠਿਆ ਮਿਲ ਕੇ ਸਮਾਜ ਦੀ ਬਿਹਤਰੀ ਲਈ ਕਾਰਜ ਕਰਨ ਦਾ ਇਹ ਇਕ ਮਹੱਤਵਪੂਰਣ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਟ੍ਰੈਫਿਕ ਅਤੇ ਸੜਕ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਵਿਦਵਾਨਾਂ ਅਤੇ ਮਾਹਿਰਾਂ ਦੀਆਂ ਟੀਮਾਂ ਦੀ ਮਦਦ ਨਾਲ ਮਿਲ ਬੈਠ ਕੇ ਮਿਲ ਬੈਠ ਕੇ ਵਿਉਂਤਣ ਤੋਂ ਬਾਅਦ ਇਸ ਦੀ ਵਿਵਹਾਰਕਤਾ `ਤੇ ਕੰਮ ਕੀਤਾ ਜਾਏਗਾ। ਇਸ ਤੋਂ ਇਲਾਵਾ ਦੋਵੇਂ ਸੰਗਠਨ ਟ੍ਰੈਫਿਕ ਪ੍ਰਬੰਧਨ, ਨਿਯੰਤਰਣ, ਟ੍ਰੈਫਿਕ, ਆਵਾਜਾਈ ਅਤੇ ਸੜਕ ਸੁਰੱਖਿਆ ਇੰਜਨੀਅਰਿੰਗ ਕਾਰਜਾਂ ਸਬੰਧੀ ਵੀ ਮਿਲ ਕੇ ਕਾਰਜ ਕਰਨਗੇ।

  ਡਾ. ਐਸ. ਚੌਹਾਨ ਨੇ ਕਿਹਾ ਕਿਸੇ ਵੀ ਨੀਤੀ ਨੂੰ ਵਿਵਹਾਰਕਤਾ ਵਿਚ ਲਿਆਉਣ ਤੋਂ ਪਹਿਲਾਂ ਉਸ ਦੀ ਖੋਜ ਹੋਣੀ ਬਹੁਤ ਜ਼ਰੂਰੀ ਹੈ ਅਤੇ ਵਿਵਹਾਰਕਤਾ ਸਮੇਂ ਆਉਣ ਵਾਲੀਆਂ ਔਕੜਾਂ ਨੂੰ ਵੀ ਖੋਜ ਦੇ ਹਿੱਸੇ ਵਜੋਂ ਹੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ ਵਿਚ ਰਾਜ ਦੇ ਅਕਾਦਮਿਕ ਅਦਾਰਿਆਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਧੀਨ ਟ੍ਰੈਫਿਕ ਤੇ ਸੜਕ ਸੁਰਖਿਆ, ਆਵਾਜਾਈ ਪ੍ਰਬੰਧਨ ਨਾਲ ਸਬੰਧਤ ਮਾਹਿਰਾਂ ਦੀ ਰਾਇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਇਸ ਸਮਝੌਤੇ ਨੂੰ ਸਹੀਬੰਦ ਕਰਨ ਵਿਚ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਅਤੇ ਪੁਲਿਸ ਕਮਿਸ਼ਨਰ ਦੇ ਯਤਨਾਂ ਦੀ ਵੀ ਸ਼ਲਾਘਾ ਕਰਦਿਆਂ ਸਮਝੌਤੇ ਦੇ ਲਾਭਕਾਰੀ ਅਤੇ ਸਮਾਜ ਹਿਤ ਵਾਲੇ ਨਤੀਜੇ ਆਉਣ ਦੀ ਉਮੀਦ ਵੀ ਜਤਾਈ ਹੈ। ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨਾ ਹੈ ਜਿਸ ਰਾਹੀਂ ਦੋਵਾਂ ਸੰਸਥਾਵਾਂ ਵਿਚਾਲੇ ਸਹਿਯੋਗ ਨੂੰ ਅਮਲ ਰੂਪ ਦਿੱਤਾ ਜਾਵੇ ਅਤੇ ਟ੍ਰੈਫਿਕ ਪ੍ਰਬੰਧਨ, ਟ੍ਰੈਫਿਕ ਨਿਯੰਤਰਣ, ਅਤੇ ਸੜਕੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪ੍ਰੋਗਰਾਮਾਂ ਅਤੇ ਸਾਂਝੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਰਾਜ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤ ਅਤੇ ਗੰਭੀਰ ਐਕਸੀਡੈਂਟ ਦਰ ਨੂੰ ਘਟਾਉਣ ਵਿੱਚ ਮਦਦ ਵੀ ਕਰੇਗਾ। ਸ਼੍ਰੀ ਨਵਦੀਪ ਅਸੀਜਾ, ਟ੍ਰੈਫਿਕ ਐਡਵਾਈਜ਼ਰ, ਪੰਜਾਬ ਪੁਲਿਸ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਦੋਨੋ ਸੰਸਥਾਵਾਂ ਵਿਗਿਆਨਕ ਵਿਧੀਆਂ ਅਪਣਾ ਕੇ ਸੜਕਾਂ ਦੀ ਸੁਰੱਖਿਆ, ਟ੍ਰੈਫਿਕ ਨਿਯੰਤਰਣ ਅਤੇ ਪ੍ਰਬੰਧਨ ਲਈ ਵਿਵਹਾਰਕ ਤਰੀਕਿਆਂ ਵਿੱਚ ਸੁਧਾਰ ਕਰਨਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img