ਅੰਮ੍ਰਿਤਸਰ, 6 ਜੂਨ (ਰਛਪਾਲ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਪੰਜਾਬ ਭਰ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ । ਅੰਮ੍ਰਿਤਸਰ ਵਿਖੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ , ਰਣਜੀਤ ਸਿੰਘ ਕਲੇਰਬਾਲਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਅੱਜ ਗੋਲਡਨ ਗੇਟ ਤੇ ਰੋਡਵੇਜ ਵਰਕਸ਼ਾਪ ਅੰਮ੍ਰਿਤਸਰ ਵਿਖੇ ਵੱਡੇ ਇਕੱਠ ਕਰਕੇ ਹਜਾਰਾਂ ਕਿਸਾਨਾਂ ਮਜਦੂਰਾਂ ਵੱਲੋ ਮਾਰਚ ਕਰਕੇ ਭਾਜਪਾ ਦੇ ਦਫ਼ਤਰ ਖੰਨਾ ਸਮਾਰਕ ਵਿਖੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ।
ਇਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ , ਮੁਦਰਾ ਕੋਸ਼ ਫੰਡ , ਵਰਲਡ ਬੈਂਕ ਦੀਆਂ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਕੇ ਮੋਦੀ ਸਰਕਾਰ ਕਾਰਪੋਰੇਟ ਪੱਖੀ ਏਜੰਡਾ ਪੂਰੇ ਜੋਰ ਨਾਲ ਕਿਸਾਨਾਂ ਮਜਦੂਰਾਂ ਉੱਤੇ ਥੋਪ ਰਹੀ ਹੈ। ਭਾਰਤ ਵਿੱਚ ਲੋਕਤੰਤਰ ਦਾ ਘਾਣ ਕਰਕੇ ਅੰਬਾਨੀ , ਅਡਾਨੀ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਅਸੀਂ ਜਥੇਬੰਦੀ ਵੱਲੋਂ 8 ਜੂਨ 2020 ਨੂੰ ਪਹਿਲਾ ਧਰਨਾ ਡੀ. ਸੀ. ਦਫ਼ਤਰਾਂ ਅੱਗੇ ਲਾਇਆ ਸੀ ਇਨਾ ਕਨੂੰਨਾਂ ਦੇ ਖਿਲਾਫ ਅੱਜ ਕਾਨੂੰਨ ਬਣੇ ਨੂੰ 1 ਸਾਲ ਹੋ ਗਿਆ ਹੈ, ਪੂਰੇ ਦੇਸ਼ ਨੇ ਵੱਖ ਵੱਖ ਤਰੀਕਿਆਂ ਨਾਲ ਮੋਦੀ ਸਰਕਾਰ ਦੇ ਖਿਲਾਫ ਅਵਾਜ ਉਠਾਈ ਹੈ। ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਦੀ ਅਵਾਜ ਸੁਣਨ ਦੀ ਬਜਾਏ ਉਸਨੂੰ ਬਦਨਾਮ ਕਰਨ, ਅੰਦੋਲਨ ਨੂੰ ਤਾਰਪੀਡੋ ਕਰਨ ਵਿੱਚ ਲੱਗੀ ਹੋਈ ਹੈ। ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਜਿੱਤ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ।ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਮਹਿੰਗਾਈ ਦੀ ਮਹਾਂਮਾਰੀ ਵਿੱਚ ਔਖੀ ਜਿੰਦਗੀ ਜੀਅ ਰਹੇ ਹਨ। ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ, ਕਵਲਜੀਤ ਸਿੰਘ ਵੰਨਚੜ੍ਹੀ , ਚਰਨਜੀਤ ਸਿੰਘ ਸਫੀਪੁਰ , ਅਮੋਲਕ ਸਿੰਘ ਨਰਾਇਣਗੜ੍ਹ , ਅਜੀਤ ਸਿੰਘ ਠੱਠੀਆਂ, ਹਰਬਿੰਦਰ ਸਿੰਘ ਭਲਾਈਪੁਰ, ਸੁਖਦੇਵ ਸਿੰਘ ਚਾਟੀਵਿੰਡ , ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ , ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾਂ, ਗੁਰਦੇਵ ਸਿੰਘ ਗੱਗੋਮਾਹਲ, ਕੁਲਜੀਤ ਸਿੰਘ ਬਾਓ , ਕੁਲਵੰਤ ਸਿੰਘ ਕੱਕੜ੍ , ਰਾਜ ਸਿੰਘ ਤਾਜੇਚੱਕ ,ਲਖਵਿੰਦਰ ਸਿੰਘ ਡਾਲਾ , ਕੁਲਵੰਤ ਸਿੰਘ ਰਾਜਾਤਾਲ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।