30 C
Amritsar
Saturday, June 3, 2023

ਪੰਜਾਬ ਦਾ ਬੇਸ਼ਕੀਮਤੀ ਜੰਗਲ ਉਜਾੜਨ ਲਈ ਸਰਕਾਰੀ ਫੁਰਮਾਨ ਜਾਰੀ ਹੋਏ

Must read

ਪਹਿਲਾਂ ਹੀ ਵਾਤਾਵਰਨ ਪੱਖੋਂ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿਚ ਸਰਕਾਰ ਨੇ ਹੋਰ ਉਜਾੜੇ ਦਾ ਮੁੱਢ ਬੰਨਦਿਆਂ 4 ਹਜ਼ਾਰ ਏਕੜ ‘ਚ ਫੈਲੇ ਹੋਏ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਇੱਥੇ ਫੈਕਟਰੀਆਂ ਲਾਉਣ ਦਾ ਫੈਂਸਲਾ ਕੀਤਾ ਹੈ। ਪਿਛਲੇ ਦਿਨੀਂ ਪੰਜਾਬ ਕੈਬਨਿਟ ਦੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਹੈ ਕਿ ਲੁਧਿਆਣਾ ਨੇੜੇ ਮੱਤੇਵਾੜਾ ਜੰਗਲ ਵਿਚ ਅਤੇ ਰਾਜਪੁਰਾ ਨੇੜੇ ਘੁੱਗ ਵਸਦੇ ਪਿੰਡਾਂ ਦੀਆਂ ਚਲਦੀਆਂ ਜ਼ਮੀਨਾਂ ਵਿਚ ਫੈਕਟਰੀਆਂ ਲਾਉਣ ਲਾਈਆਂ ਜਾਣਗੀਆਂ। ਦੱਸ ਦਈਏ ਕਿ ਪਿਛਲੇ ਵਰ੍ਹੇ ਦਸੰਬਰ ਮਹੀਨੇ ਹੀ ਸਰਕਾਰ ਨੇ ਇਸ ਉਜਾੜੇ ਦਾ ਮੁੱਢ ਬੰਨ੍ਹ ਲਿਆ ਸੀ ਜਦੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ‘ਤੇ ਉਦਯੋਗ ਸਥਾਪਿਤ ਕਰਨ ਲਈ ਰਸਤਾ ਸਾਫ ਕਰਦਿਆਂ ‘ਦਿ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ਼, 1964 ਕਾਨੂੰਨ ‘ਚ ਸੋਧਾਂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਇਸ ਨਾਲ ਸਰਕਾਰ ਹੁਣ ਪਿੰਡਾਂ ਦੀ ਇਸ ਸਾਂਝੀ ਜ਼ਮੀਨ ਨੂੰ ਅਤੇ ਜੰਗਲਾਤ ਦੀ ਜ਼ਮੀਨ ਨੂੰ ਵੱਡੇ ਕਾਰੋਬਾਰੀਆਂ ਨੂੰ ਵੇਚਣ ਜਾ ਰਹੀ ਹੈ।

                                  ਮੱਤੇਵਾੜਾ ਜੰਗਲ ਖਤਮ ਕਰਨਾ ਕਤਲੋਗਾਰਤ ਬਰਾਬਰ

ਮੱਤੇਵਾੜਾ ਜੰਗਲ 4 ਹਜ਼ਾਰ ਏਕੜ ਰਕਬੇ ਵਿਚ ਫੈਲਿਆ ਹੋਇਆ ਹੈ ਅਤੇ ਇਹ ਜੰਗਲ ਸੈਂਕੜੇ ਜੀਵ ਪਰਜਾਤੀਆਂ ਨੂੰ ਸਾਂਭੀ ਬੈਠਾ ਹੈ। ਜੰਗਲ ਵਿਚ ਹਿਰਨ, ਮੋਰ, ਚਿੜੀਆਂ, ਤੋਤੇ, ਹੋਰ ਕਈ ਪੰਛੀ ਰਹਿ ਰਹੇ ਹਨ ਅਤੇ ਜੰਗੀ ਬੈਟੀਆਂ ਤੇ ਦਰਖਤ ਕਈ ਦਹਾਕਿਆਂ, ਸਦੀਆਂ ਤੋਂ ਅਡੋਲ ਖੜ੍ਹੇ ਹਨ।

                                            ਪ੍ਰਦੂਸ਼ਣ ਖਿਲਾਫ ਅਹਿਮੀਅਤ

ਮੱਤੇਵਾੜਾ ਜੰਗਲ ਲੁਧਿਆਣਾ ਦੀ ਸਨਅਤ ਨਾਲ ਫੈਲਦੇ ਬਹੁਤੇ ਪ੍ਰਦੂਸ਼ਣ ਨੂੰ ਸਾਫ ਕਰਨ ਦਾ ਕੰਮ ਵੀ ਕਰ ਰਿਹਾ ਹੈ। ਜੇਕਰ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜ ਕੇ ਹੋਰ ਫੈਕਟਰੀਆਂ ਲਾਈਆਂ ਜਾਣਗੀਆਂ ਤਾਂ ਲੁਧਿਆਣਾ ਜ਼ਿਲ੍ਹੇ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਦੇ ਲੋਕ ਸਾਹ, ਦਮਾ, ਚਮੜੀ ਰੋਗ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ।

                                                  ਰਾਜਪੁਰਾ ਨੇੜਲੇ ਪਿੰਡਾਂ ਵਿਚੋਂ ਜ਼ਿੰਦਗੀ ਉਜਾੜਾ ਸਕਦਾ ਹੈ ਸਰਕਾਰੀ ਫੁਰਮਾਨ

ਸਰਕਾਰ ਨੇ ਰਾਜਪੁਰਾ ਨੇੜੇ ਪੈਂਦਾ ਪੰਜ ਪਿੰਡਾਂ ਦੀ 1000 ਏਕੜ ਪੰਚਾਇਤ ਜ਼ਮੀਨ ‘ਤੇ ਫੈਕਟਰੀਆਂ ਉਸਾਰਨ ਦਾ ਫੈਂਸਲਾ ਕੀਤਾ ਹੈ ਜਿਸ ਲਈ ਪਿੰਡਾਂ ਸਿਹਰਾ (467 ਏਕੜ), ਸੇਹਰੀ (159 ਏਕੜ). ਆਕੜੀ (168 ਏਕੜ), ਪਾਬੜਾ (159 ਏਕੜ) ਅਤੇ ਤਖਤੂ ਮਾਜਰਾ (47 ਏਕੜ) ਦੀ ਜ਼ਮੀਨ ਨੂੰ ਚੁਣਿਆ ਗਿਆ ਹੈ। ਇਸ ਜ਼ਮੀਨ ‘ਤੇ ਇਹਨਾਂ ਪਿੰਡਾਂ ਦੇ ਕਿਸਾਨ ਖੇਤੀ ਕਰਦੇ ਹਨ ਤੇ ਪੂਰੀ ਫਸਲ ਨਿੱਕਲਦੀ ਹੈ। ਜਿੱਥੇ ਸਰਕਾਰ ਦੇ ਇਹ ਫੈਂਸਲਾ ਲੋਕਾਂ ਦੇ ਕਿਸਾਨੀ ਧੰਦੇ ਨੂੰ ਸੱਟ ਮਾਰੇਗਾ ਉੱਥੇ ਕਿਸਾਨਾਂ ਨੂੰ ਉਦਯੋਗਪਤੀਆਂ ਦੀ ਗੁਲਾਮੀ ਵਿਚ ਸੁੱਟਣ ਦਾ ਕੰਮ ਕਰੇਗਾ। ਇਸ ਜ਼ਮੀਨ ਦੇ ਖੁੱਸ ਜਾਣ ਦੀ ਵੱਡੀ ਸੱਟ ਗਰੀਬ ਕਿਸਾਨੀ ‘ਤੇ ਵੱਜ ਰਹੀ ਹੈ ਜੋ ਇਸ ਜ਼ਮੀਨ ‘ਤੇ ਖੇਤੀ ਕਰਦੇ ਹਨ। ਵਾਤਾਵਰਨ ਪੱਖੋਂ ਵੀ ਘੁੱਗ ਵਸਦੇ ਪਿੰਡਾਂ ਦੇ ਵਿਚਕਾਰ ਖੇਤੀ ਵਾਲੀ ਜ਼ਮੀਨ ‘ਤੇ ਫੈਕਟਰੀਆਂ ਲਾਉਣ ਨਾਲ ਜ਼ਿੰਦਗੀ ਖਤਰੇ ਵਿਚ ਪਾਈ ਜਾ ਰਹੀ ਹੈ।

ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

- Advertisement -spot_img

More articles

- Advertisement -spot_img

Latest article