ਪੰਜਾਬ ਤੋਂ ਕੈਨੇਡਾ ਆਇਆ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਵਿੱਚ ਹੋਈ ਮੌਤ

ਪੰਜਾਬ ਤੋਂ ਕੈਨੇਡਾ ਆਇਆ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਵਿੱਚ ਹੋਈ ਮੌਤ

ਟੋਰਾਂਟੋ, 24 ਜੁਲਾਈ (ਬੁਲੰਦ ਆਵਾਜ ਬਿਊਰੋ) – ਖ਼ੁਸ਼ਹਾਲ ਜ਼ਿੰਦਗੀ ਦੀ ਤਲਾਸ਼ ਵਿਚ ਪੰਜਾਬ ਤੋਂ ਕੈਨੇਡਾ ਆਇਆ ਮਾਪਿਆਂ ਦਾ ਇਕਲੌਤਾ ਪੁੱਤ ਭੇਤਭਰੀ ਬਿਮਾਰੀ ਕਾਰਨ ਦਮ ਤੋੜ ਗਿਆ। ਤਰਨਦੀਪ ਸਿੰਘ ਨੂੰ ਕੁਝ ਦਿਨ ਪਹਿਲਾਂ ਮਾਮੂਲੀ ਬੁਖਾਰ ਚੜ੍ਹਿਆ ਅਤੇ ਉਸ ਨੇ ਜ਼ਿਆਦਾ ਪਰਵਾਹ ਨਾ ਕੀਤੀ ਪਰ ਬੁਖਾਰ ਉਤਰਨ ਦਾ ਨਾਂ ਨਹੀਂ ਲੈ ਰਿਹਾ ਸੀ ਜਿਸ ਮਗਰੋਂ ਉਸ ਨੂੰ ਨਿਆਗਰਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਥੇ ਵੀ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਅਤੇ ਤਰਨਦੀਪ ਸਿੰਘ ਨੂੰ ਹੈਮਿਲਟਨ ਦੇ ਸੇਂਟ ਕੈਥਰੀਨਜ਼ ਹਸਪਤਾਲ ਰੈਫ਼ਰ ਕਰ ਦਿਤਾ।

ਡਾਕਟਰਾਂ ਨੂੰ ਤਰਨਦੀਪ ਸਿੰਘ ਦੀ ਸਿਹਤ ਵਿਚ ਨਿਘਾਰ ਦਾ ਅਸਲ ਕਾਰਨ ਪਤਾ ਨਹੀਂ ਲੱਗ ਰਿਹਾ ਸੀ ਅਤੇ ਇਸੇ ਦੌਰਾਨ ਉਸ ਦੇ ਦਿਮਾਗ ਦੀ ਨਾੜ ਫਟ ਗਈ। ਬਰੇਨ ਹੈਮਰੇਜ ਦੀ ਹਾਲਤ ਵਿਚ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਅਤੇ ਉਸ ਦੀ ਜਾਨ ਬਚਾਉਣ ਦਾ ਹਰ ਉਪਰਾਲਾ ਕੈਨੇਡਾ ਦੇ ਡਾਕਟਰਾਂ ਨੇ ਕੀਤਾ ਪਰ ਤਰਨਦੀਪ ਸਿੰਘ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਹੈਮਿਲਟਨ ਦੇ ਹਸਪਤਾਲ ਵਿਚ ਪਹੁੰਚਣ ਮਗਰੋਂ ਤਰਨਦੀਪ ਸਿੰਘ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਅਤੇ 19 ਜੁਲਾਈ ਨੂੰ ਪੰਜਾਬੀ ਨੌਜਵਾਨ ਨੇ ਆਖਰੀ ਸਾਹ ਲਏ। ਲੱਖ ਯਤਨਾਂ ਦੇ ਬਾਵਜੂਦ ਡਾਕਟਰ ਤਰਨਦੀਪ ਸਿੰਘ ਨੂੰ ਬਚਾਉਣ ਵਿਚ ਕਾਮਯਾਬ ਨਾ ਹੋਏ ਅਤੇ ਨਾ ਹੀ ਉਸ ਦੀ ਬਿਮਾਰੀ ਦੇ ਕਾਰਨਾਂ ਬਾਰੇ ਪਤਾ ਲੱਗ ਸਕਿਆ।

ਹੋਰਨਾਂ ਪੰਜਾਬੀ ਨੌਜਵਾਨਾਂ ਵਾਂਗ ਬਿਹਤਰੀਨ ਮੌਕਿਆਂ ਦੀ ਭਾਲ ਵਿਚ ਕੈਨੇਡਾ ਆਇਆ ਤਰਨਦੀਪ ਸਿੰਘ ਸਿਰਫ਼ 28 ਸਾਲ ਦੀ ਉਮਰ ਭੋਗ ਦੇ ਇਸ ਦੁਨੀਆਂ ਤੋਂ ਚਲਾ ਗਿਆ ਜੋ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਤਰਨਦੀਪ ਸਿੰਘ ਦੀ ਦੇਹ ਭਾਰਤ ਭੇਜਣ ਲਈ ਕੋਮਲਪ੍ਰੀਤ ਕੌਰ ਅਤੇ ਉਸ ਦੇ ਦੋਸਤਾਂ ਵੱਲੋਂ ਗੋਫ਼ੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਸ ਰਾਹੀਂ 40 ਹਜ਼ਾਰ ਡਾਲਰ ਦੀ ਰਕਮ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਸੀ ਪਰ ਅੰਤਮ ਰਿਪੋਰਟ ਮਿਲਣ ਤੱਕ ਤਕਰੀਬਨ 47 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਸਨ।

ਤਰਨਦੀਪ ਸਿੰਘ ਦੇ ਦੋਸਤਾਂ ਨੇ ਕਿਹਾ ਕਿ ਦੇਹ ਭਾਰਤ ਭੇਜਣ ਉਪਰ ਖ਼ਰਚ ਹੋਣ ਵਾਲੀ ਰਕਮ ਤੋਂ ਬਾਅਦ ਜਿੰਨੇ ਪੈਸੇ ਬਚਣਗੇ, ਉਹ ਤਰਨਦੀਪ ਸਿੰਘ ਦੇ ਮਾਪਿਆਂ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿਤੇ ਜਾਣਗੇ। ਚੇਤੇ ਰਹੇ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਦੇ ਦਰਿਆਵਾਂ ਅਤੇ ਝੀਲਾਂ ਵਿਚ ਨਹਾਉਣ ਦੌਰਾਨ ਕਈ ਪੰਜਾਬੀ ਵਿਦਿਆਰਥੀਆਂ ਨੇ ਆਪਣੀ ਜਾਨ ਗਵਾਈ ਜਦਕਿ ਆਰਥਿਕ ਹਾਲਾਤ ਤੋਂ ਪ੍ਰੇਸ਼ਾਨ ਕੁਝ ਨੌਜਵਾਨਾਂ ਨੇ ਖ਼ੁਦਕੁਸ਼ੀ ਦਾ ਰਾਹ ਵੀ ਚੁਣਿਆ। ਕੈਨੇਡਾ ਵਿਚ ਵਸਦਾ ਭਾਰਤੀ ਭਾਈਚਾਰਾ ਅਰਦਾਸ ਕਰ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵਿਦਿਆਰਥੀਆਂ ਸਣੇ ਭਾਈਚਾਰੇ ਦੇ ਨੌਜਵਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਉਤਰ ਸਕਣ।

Bulandh-Awaaz

Website: