ਪੰਜਾਬ ‘ਚ ਬਿਜਲੀ ਸੰਕਟ ਵਧਿਆ

57

ਖੰਨਾ, 13 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ‘ਚ ਜੁਲਾਈ ਮਹੀਨੇ ਦੀ 2 ਤਾਰੀਕ ਤੋਂ ਬੰਦ ਪਏ ਉਦਯੋਗ ਜਿਨ੍ਹਾਂ ਨੂੰ ਪਹਿਲਾਂ 11 ਜੁਲਾਈ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਹੁਣ 4 ਹੋਰ ਦਿਨਾਂ ਲਈ ਵਧਾ ਕੇ 15 ਜੁਲਾਈ ਸਵੇਰੇ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਨਵੇਂ ਸਰਕੂਲਰ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਾਰਿਆਂ ਜ਼ੋਨਾਂ ‘ਚ ਜਿਹੜੇ ਉਦਯੋਗ 7 ਤੋਂ 11 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਹੋਏ ਸਨ, ਹੁਣ 15 ਜੁਲਾਈ ਸਵੇਰੇ 8 ਵਜੇ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਸਰਕੂਲਰ ‘ਚ ਕਿਹਾ ਗਿਆ ਹੈ ਕਿ 1000 ਕੇ. ਵੀ. ਏ. ਤੱਕ ਦੇ ਲੋਡ ਵਾਲੇ ਉਦਯੋਗਾਂ ਨੂੰ ਜ਼ਿਆਦਾ ਤੋਂ ਜ਼ਿਆਦਾ 50 ਕਿੱਲੋਵਾਟ ਤੱਕ ਰੋਜ਼ਾਨਾ ਲੋਡ ਚਲਾਉਣ ਦੀ ਮਨਜ਼ੂਰੀ ਦੇ ਨਾਲ ਵੱਖ-ਵੱਖ ਦਿਨਾਂ ‘ਚ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਜ਼ਿਆਦਾ ਤੋਂ ਜ਼ਿਆਦਾ 100 ਕੇ. ਵੀ. ਏ. ਲੋਡ ਚਲਾਉਣ ਦੀ ਛੋਟ ਦਿੱਤੀ ਗਈ ਹੈ | ਰਾਜ ‘ਚ ਥੋਕ ‘ਚ ਬਿਜਲੀ ਪ੍ਰਯੋਗ ਕਰਨ ਵਾਲੇ ਲੋਹਾ ਉਦਯੋਗਾਂ ਦੀ ਦੇਸ਼ ਪੱਧਰ ਦੀ ਸੰਸਥਾ ‘ਆਲ ਇੰਡੀਆ ਸਟੀਲ ਰੀ ਰੋਲਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਕਿਹਾ ਕਿ ਰਾਜ ‘ਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ । ਉਦਯੋਗਾਂ ਦੀ ਵਿਹਲੀ ਬੈਠੀ ਲੇਬਰ ਆਪਣੇ-ਆਪਣੇ ਰਾਜਾਂ ਨੂੰ ਵਾਪਸ ਜਾਣੀ ਸ਼ੁਰੂ ਹੋ ਗਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗ ਸਥਾਈ ਰੂਪ ‘ਚ ਬੰਦ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ । ਪਾਵਰਕਾਮ ਵਲੋਂ ਬਿਜਲੀ ਦੀ ਸਥਿਤੀ ਨਾ ਤਾਂ ਮੀਡੀਆ ‘ਚ ਸਪਸ਼ਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਦਯੋਗਪਤੀਆਂ ਦੀ ਬੈਠਕ ਬੁਲਾ ਕੇ ਸਪਸ਼ਟ ਕੀਤੀ ਰਹੀ ਹੈ ।ਕਾਰਖ਼ਾਨੇਦਾਰਾਂ ਨੂੰ ਬਿਜਲੀ ਦੀ ਵਰਤੋਂ ਨਾ ਕਰਨ ਦਾ ਹੁਕਮ ਜਾਰੀ ਕਰਨ ਦੇ ਬਾਵਜੂਦ ਪੰਜਾਬ ਅੰਦਰ ਹਰ ਪੱਧਰ ‘ਤੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Italian Trulli

ਸਾਡਾ ਮੰਨਣਾ ਹੈ ਕਿ ਇਸ ਸਮੇਂ ਪੰਜਾਬ ਅੰਦਰ ਬਿਜਲੀ ਕੱਟਾਂ ਕਾਰਨ ਹਾਹਾਕਾਰ ਮੱਚਣ ਨਾਲ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਕਿਸਾਨ ਸੜਕਾਂ ਜਾਮ ਕਰਕੇ ਸੁੱਕ ਰਹੇ ਝੋਨੇ ਦੀ ਕਹਾਣੀ ਬਿਆਨ ਕਰ ਰਹੇ ਹਨ। ਉਦਯੋਗ ਦੇ ਕਟਾਂ ਤੇ ਘਰਾਂ ਦੀ ਬਿਜਲੀ ਕਟੌਤੀ ਨੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾਇਆ ਹੈ। ਮਾਹਿਰਾਂ ਅਨੁਸਾਰ ਸੰਕਟ ਦੇ ਹੋਰ ਕਾਰਨ ਟ੍ਰਾਂਸਕੋ ਅਤੇ ਪਾਵਰਕੌਮ ਦੇ ਰੈਗੂਲਰ ਚੇਅਰਮੈਨ ਨਾ ਲਗਾਉਣਾ ਅਤੇ ਤਕਨੀਕੀ ਮਾਹਿਰਾਂ ਦੀ ਰਾਇ ਨਾ ਲੈਣਾ ਹਨ। ਪ੍ਰਾਈਵੇਟ ਥਰਮਲ ਕੰਪਨੀਆਂ ਨੂੰ ਲੋੜ ਅਨੁਸਾਰ ਬਿਜਲੀ ਨਾ ਦੇਣ ਉੱਤੇ ਸਮਝੌਤਿਆਂ ਵਿਚ ਕੋਈ ਜੁਰਮਾਨੇ ਦੀ ਮੱਦ ਨਹੀਂ ਹੈ। ਬਿਜਲੀ ਖਰੀਦਣ ਲਈ ਪੈਸੇ ਦੀ ਜ਼ਰੂਰਤ ਹੈ ਅਤੇ ਪੰਜਾਬ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਇਸ ਪਾਸੇ ਸਮੁੱਚਤਾ ਵਿਚ ਠੋਸ ਰਣਨੀਤੀ ਬਣਾ ਕੇ ਕਦਮ ਉਠਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਲੋੜ ਹੈ।