ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਕਾਰਪੋਰੇਸ਼ਨ ਵਲੋਂ 41.48 ਕਰੋੜ ਦੇ ਕਰਜੇ ਮੁਆਫ 

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਕਾਰਪੋਰੇਸ਼ਨ ਵਲੋਂ 41.48 ਕਰੋੜ ਦੇ ਕਰਜੇ ਮੁਆਫ 

ਅੰਮ੍ਰਿਤਸਰ, 17 ਅਗਸਤ (ਗਗਨ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਜਾਦੀ ਦਿਵਸ ਮੌਕੇ ਕੀਤੇ ਐਲਾਨ ਜਿਸ ਵਿੱਚ ਉਨ੍ਹਾਂ ਨੇ 31 ਮਾਰਚ 2021 ਤੱਕ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਕਾਰਪੋਰੇਸ਼ਨ ਵਲੋਂ ਦਿੱਤੇ 50 ਹਜ਼ਾਰ ਰੁਪਏ ਤੱਕ ਦੇ ਕਰਜੇ ਉੱਤੇ ਲੀਕ ਫੇਰਨ ਦਾ ਐਲਾਨ ਕੀਤਾ ਗਿਆ ਸੀ। ਉਸ ਅਨੁਸਾਰ ਕਾਰਪੋਰੇਸ਼ਨ ਨੇ 10151/- ਕਰਜਦਾਰਾਂ ਦੇ 41.48 ਕਰੋੜ ਰੁਪਏ ਦੇ ਕਰਜੇ ਮੁਆਫ ਕੀਤੇ ਹਨ। ਕਾਰਪੋਰੇਸ਼ਨ ਦੇ ਚੇਅਰਮੈਨ ਇੰਜੀ: ਮੋਹਨਲਾਲ ਸੂਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਕੋਰੋਨਾ ਦੀ ਮਹਾਂਮਾਰੀ ਕਾਰਨ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਤੱਤਪਰ ਰਹੇ ਹਨ ਅਤੇ ਹੁਣ ਵੀ ਉਨਾਂ ਨੇ ਕਾਰਪੋਰੇਸ਼ਨ ਵਲੋਂ ਦਿੱਤੇ ਗਏ ਸੁਝਾਅ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਇਹ ਐਲਾਨ ਕੀਤਾ ਹੈ। ਉਨਾਂ ਦੱਸਿਆ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਪੋਰੇਸ਼ਨ ਰਾਹੀਂ 50 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕਰਕੇ 14260/- ਕਰਜਦਾਰਾਂ ਨੂੰ 45.41 ਕਰੋੜ ਰੁਪਏ ਦੀ ਰਾਹਤ ਦਿੱਤੀ ਸੀ। ਉਨਾਂ ਦੱਸਿਆ ਕਿ ਇਸ ਤਰ੍ਹਾਂ ਇਸ ਸਰਕਾਰ ਦੌਰਾਨ ਕਾਰਪੋਰੇਸ਼ਨ ਵਲੋਂ 86.89 ਕਰੋੜ ਰੁਪਏ ਦੇ ਕਰਜੇ ਮੁਆਫ ਕੀਤੇ ਗਏ ਹਨ। ਇੰਜੀ: ਸੂਦ ਨੇ ਦੱਸਿਆ ਕਿ ਕਰਜ਼ਾ ਮੁਆਫੀ ਦੇ ਨਾਲ ਨਾਲ ਕਾਰਪੋਰੇਸ਼ਨ ਨੇ ਮੁੱਖ ਮੰਤਰੀ ਵਲੋਂ ਚਲਾਈ ਰੋਜ਼ਗਾਰ ਮੁਹਿੰਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਮੌਕੇ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦਾ ਕਰਜਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 2116 ਲਾਭਪਾਤਰੀਆਂ ਨੂੰ 22.94 ਕਰੋੜ ਰੁਪਏ ਦਾ ਕਰਜ਼ਾ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਦਿੱਤੀ ਹੈ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਆਪਣੇ ਸਥਾਪਨਾ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ ਅਤੇ ਇਸ ਦੌਰਾਨ ਸਾਡਾ ਟੀਚਾ ਸਿੱਧਾ ਕਰਜਾ ਸਕੀਮ ਅਧੀਨ 5 ਕਰੋੜ ਦੇ ਕਰਜੇ ਤੋਂ ਵਧਾ ਕੇ 10 ਕਰੋੜ ਤੱਕ ਦੇ ਕਰਜੇ ਦੇਣਾ ਹੈ।

Bulandh-Awaaz

Website:

Exit mobile version