More

  ਪੰਜਾਬੀ ਸਪਤਾਹ ਦੇ ਸਬੰਧ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸ਼ੁਰੂ ਹੋਏ ਸਮਾਗਮਾਂ ਦੇ ਦੁਜੇ ਦਿਨ ਕਵੀਆਂ ਨੇ ਲਾਈਆਂ ਛਹਿਬਰਾਂ

  ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਵਚਨਬੱਧ : ਪ੍ਰੋ. ਬਹਿਲ

  ਅੰਮ੍ਰਿਤਸਰ, 3 ਨਵੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ, ਉਪ ਕੁਲਪਤੀ ਦੇ ਓ.ਐਸ.ਡੀ. ਅਤੇ ਆਰਕੀਟੈਕਚਰ ਵਿਭਾਗ ਦੇ ਪ੍ਰੋਫੈਸਰ ਅਤੇ ਕਵੀ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਪੰਜਾਬੀ ਅਧਿਐਨ ਸਕੂਲ ਵਿਚ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਦੂਜੇ ਦਿਨ ਜਿਥੇ ਆਪਣੀਆਂ ਕਵਿਤਾਵਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਉਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਕੀਤੇ ਜਾ ਰਹੇ ਕੰਮਾਂ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਦੇ ਵਿਕਾਸ ਦੇ ਲਈ ਵਚਨਬੱਧ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਭਾਗ ਨੇ ਪੰਜਾਬੀ ਸਾਹਿਤ ਨੂੰ ਬਹੁਤ ਹੀ ਮਾਣਮਤੀਆਂ ਸਖਸ਼ੀਅਤਾਂ ਦਿੱਤੀਆਂ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਜ਼ਿਕਰਯੋਗ ਨਾਂ ਆਉਂਦਾ ਹੈ।

  ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਉਨ੍ਹਾਂ ਦਾ ਇਥੇ ਪੁੱਜਣ `ਤੇ ਨਿੱਘਾ ਸਵਾਗਤ ਕੀਤਾ ਅਤੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਪੰਜਾਬੀ ਸਪਤਾਹ ਮਨਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਉਚੇਚੇ ਤੌਰ `ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਤਿੰਨ ਚੱਲਣ ਵਾਲੇ ਇਸ ਪੰਜਾਬੀ ਸਪਤਾਹ ਦੇ ਦੂਜੇ ਅਤੇ ਤੀਜੇ ਦਿਨ ਦੇ ਪ੍ਰੋਗਰਾਮਾਂ ਤੋਂ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮ ਨਿਰੰਤਰ ਜਾਰੀ ਰੱਖਣਗੇ। ਪੰਜਾਬੀ ਸਪਤਾਹ ਦਾ ਦੂਜਾ ਦਿਨ ਕਵੀਆਂ ਦੇ ਨਾਂ ਰਿਹਾ ਜਿਸ ਦੇ ਵਿਚ ਪ੍ਰਸਿੱਧ ਕਵੀਆਂ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਦੀ ਛਹਿਬਰ ਲਾਈ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਆਈ.ਏ.ਐਸ. ਅਤੇ ਪ੍ਰਸਿੱਧ ਸ਼ਾਇਰ ਸ. ਬਖਤਾਵਰ ਸਿੰਘ ਸਨ ਜਦੋਂਕਿ ਉਘੇ ਲੇਖਕ ਨਿਰਮਲ ਅਰਪਨ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਪੁੱਜੇ ਸਨ। ਕਵੀ ਦਰਬਾਰ ਦਾ ਸੰਚਾਲਨ ਸਹਾਇਕ ਪ੍ਰ੍ਰੋਫੈਸਰ ਡਾ. ਬਲਜੀਤ ਕੌਰ ਰਿਆੜ ਨੇ ਪੰਜਾਬੀ ਸਪਤਾਹ ਦੀ ਮਹੱਤਤਾ ਦੇ ਨਾਲ ਬਹੁਤ ਹੀ ਕਾਵਿਕ ਅੰਦਾਜ਼ ਵਿਚ ਸ਼ੁਰੂ ਕੀਤਾ। ਕਵੀ ਦਰਬਾਰ ਦਾ ਆਰੰਭ ਵਿਭਾਗ ਦੇ ਖੋਜ ਵਿਦਿਆਰਥੀ ਮਨੀਸ਼ ਕੁਮਾਰ ਦੀਆਂ ਗਜ਼ਲਾਂ ਨਾਲ ਹੋਇਆ। ਇਸ ਉਪਰੰਤ ਉੱਘੇ ਪੰਜਾਬੀ ਸ਼ਾਇਰ ਮਲਵਿੰਦਰ ਸਿੰਘ ਨੇ ਆਪਣੇ ਦੋਹੜਿਆ ਨਾਲ ਕਿਸਾਨੀ ਸੰਘਰਸ਼ ਨੂੰ ਸਪਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਸਰਬਜੀਤ ਸਿੰਘ ਸੰਧੂ ਨੇ ਆਪਣੇ ਭਾਵੁਕ ਅਤੇ ਯਥਾਰਥਕ ਕਵਿਤਾ ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ। ਉਘੀ ਪੰਜਾਬੀ ਕਵਿਤਰੀ ਅਰਤਿੰਦਰ ਸੰਧੂ ਨੇ ਔਰਤ ਦੀ ਹੋਂਦ ਨਾਲ ਸਬੰਧਤ ਕਵਿਤਾ ਪੇਸ਼ ਕਰਕੇ ਖੋਜ ਵਿਦਿਆਰਥੀਆਂ ਦਾ ਨਵੀਂ ਲਿਖੀ ਜਾ ਰਹੀ ਪੰਜਾਬੀ ਕਵਿਤਾ ਵੱਲ ਧਿਆਨ ਦਿਵਾਇਆ।

  ਪੰਜਾਬੀ ਦੇ ਪ੍ਰਸਿੱਧ ਸ਼ਾਇਰ ਦੇਵ ਦਰਦ ਪ੍ਰਗੀਤਕ ਅੰਦਾਜ਼ ਵਿਚ ਕਵਿਤਾਵਾਂ ਲੈ ਕੇ ਹਾਜ਼ਰ ਹੋਏ ਜਿਸ ਵਿਚ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੀ ਤਸਵੀਰ ਨੂੰ ਪੇਸ਼ ਕੀਤਾ। ਸ੍ਰੀ ਨਿਰਮਲ ਅਰਪਨ ਦੀਆਂ ਮਿਥਹਾਸਕ ਅੰਸ਼ਾਂ ਨਾਲ ਭਰਪੂਰ ਕਵਿਤਾਵਾਂ ਕਵੀ ਦਰਬਾਰ ਦਾ ਹਾਸਿਲ ਸਾਬਤ ਹੋਈਆਂ। ਕਵੀ ਦਰਬਾਰ ਦੇ ਮੁੱਖ ਮਹਿਮਾਨ ਸ. ਬਖਤਾਵਰ ਸਿੰਘ ਨੇ ਸਮਾਜਿਕ ਯਥਾਰਥ ਅਤੇ ਸੂਫੀ ਰੰਗਣ ਵਾਲੀਆਂ ਕਵਿਤਾਵਾਂ ਪੇਸ਼ ਕਰਕੇ ਕਵੀ ਦਰਬਾਰ ਨੂੰ ਇਕ ਵੱਖਰੀ ਸੁਰ `ਚ ਲੈ ਗਏ। ਕਵੀ ਦਰਬਾਰ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬ ਸੰਤਾਪ ਨੂੰ ਚਿਤਰਦਿਆਂ ਮਨੁੱਖੀ ਦਰਦ ਨੂੰ ਬਿਆਨ ਕੀਤਾ। ਉਨ੍ਹਾਂ ਦੀ ਕਵਿਤਾ ਵਿਚਲੀ ਬੁਨਿਆਦੀ ਸੁਰ ਮਾਨਵਵਾਦੀ ਹੋ ਨਿਬੜੀ। ਸਮਾਗਮ ਦੇ ਅੰਤ ਵਿਚ ਸਹਾਇਕ ਪ੍ਰੋਫੈਸਰ ਡਾ. ਹਰਿੰਦਰ ਕੌਰ ਨੇ ਆਏ ਮਹਿਮਾਨਾਂ, ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦਾ ਚੰਗੇ ਸਰੋਤਿਆਂ ਵਜੋਂ ਹਾਜਰੀ ਲਵਾਉਣ `ਤੇ ਧੰਨਵਾਦ ਕੀਤਾ ਜਦੋਂਕਿ ਸਕੂਲ ਵੱਲੋਂ ਇਸ ਮੌਕੇ `ਤੇ ਸ਼ਾਇਰਾਂ ਦਾ ਸਨਮਾਨ ਵੀ ਕੀਤਾ ਗਿਆ। ਡਾ. ਰਮਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਇਸ ਮੌਕੇ ਸਰੋਤਿਆਂ ਵਿਚ ਬਿਰਾਜਮਾਨ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img