ਅੰਮ੍ਰਿਤਸਰ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਜੀ-20 ਪ੍ਰੋਗਰਾਮ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਤਕਨਾਲੋਜੀ ਅਤੇ ਭਾਰਤ ਸਰਕਾਰ ਸਿੱਖਿਆ ਵਿਭਾਗ ਦੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸੀਐਸਟੀਟੀ) ਦੇ ਸਹਿਯੋਗ ਨਾਲ 10-11 ਮਾਰਚ, 2023 ਨੂੰ “ਪੰਜਾਬੀ ਵਿੱਚ ਤਕਨੀਕੀ ਸਿੱਖਿਆ ਅਤੇ ਤਕਨੀਕੀ ਸ਼ਬਦਾਵਲੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ (2020) ਨੂੰ ਲਾਗੂ ਕਰਨ” ਵਿਸ਼ੇ `ਤੇ 2-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੈਮੀਨਾਰ ਦੇ ਕੋਆਰਡੀਨੇਟਰ ਅਤੇ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ, ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸੀ.ਐਸ.ਟੀ.ਟੀ., ਸਿੱਖਿਆ ਵਿਭਾਗ; ਭਾਰਤ ਸਰਕਾਰ ਨੇ ਇਸ 2 ਦਿਨਾਂ ਰਾਸ਼ਟਰੀ ਪੱਧਰ ਦੇ ਸਮਾਗਮ ਦੇ ਆਯੋਜਨ ਲਈ ਉੱਤਰੀ ਖੇਤਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਚੁਣਿਆ ਹੈ।
ਕਮਿਸ਼ਨ ਵਿਗਿਆਨਕ ਅਤੇ ਤਕਨੀਕੀ ਸ਼ਬਦਾਂ ਲਈ ਖੇਤਰੀ ਭਾਸ਼ਾਵਾਂ ਵਿੱਚ ਵਿਭਿੰਨ ਪਰਿਭਾਸ਼ਾਵਾਂ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯੂਨੀਵਰਸਿਟੀ ਦੇ ਮਾਹਿਰਾਂ ਨੇ ਸੀਐਸਟੀਟੀ ਲਈ ਪੰਜਾਬੀ ਭਾਸ਼ਾ ਵਿੱਚ ਵਿਸਤ੍ਰਿਤ ਤਕਨੀਕੀ ਸ਼ਬਦਾਵਲੀ ਬਣਾਉਣ ਦਾ ਇੱਕ ਪ੍ਰੋਜੈਕਟ ਪਹਿਲਾਂ ਹੀ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦੋ ਦਿਨਾਂ ਸੈਮੀਨਾਰ ਵਿੱਚ ਭਾਰਤ ਦੀਆਂ ਵੱਖ-ਵੱਖ ਤਕਨੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 100 ਤੋਂ ਵੱਧ ਡੈਲੀਗੇਟਾਂ ਤੋਂ ਇਲਾਵਾ ਨਾਮਵਰ ਸੰਸਥਾਵਾਂ ਦੇ ਵਿਦਵਾਨ ਭਾਗ ਲੈਣਗੇ। ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿੱਚ ਹੋਣ ਇਸ ਸੈਮੀਨਾਰ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਸੀ. ਐੱਸ. ਟੀ. ਟੀ. ਦੇ ਚੇਅਰਮੈਨ, ਪ੍ਰੋ. ਗਿਰੀਸ਼ਨਾਥ ਝਾਅ ਕਰਨਗੇ। ਪ੍ਰੋ. ਰਵਿੰਦਰ ਸਿੰਘ ਸਾਹਨੀ, ਡੀਨ ਫੈਕਲਟੀ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਕਨਵੀਨਰ ਨੇ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਰਾਸ਼ਟਰ ਨਿਰਮਾਣ ਦੇ ਸੰਦਰਭ ਵਿੱਚ ਇੱਕ ਮੀਲ ਪੱਥਰ ਦਸਤਾਵੇਜ਼ ਹੈ ਅਤੇ ਇਸ ਸੈਮੀਨਾਰ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ-2020 ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ।