ਕਪੂਰਥਲਾ, 9 ਜੁਲਾਈ (ਬੁਲੰਦ ਆਵਾਜ ਬਿਊਰੋ) – ਚਾਰ ਦਿਨ ਪਹਿਲਾਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਮੌਜੂਦਾ ਮਹਿਲਾ ਸਰਪੰਚ ਅਤੇ ਉਸ ਦੇ ਸਾਬਕਾ ਸਰਪੰਚ ਪਤੀ ’ਤੇ ਪੰਚਾਇਤੀ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਸੀ। ਇਸੇ ਰੰਜਿਸ਼ ਵਿਚ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਸਾਥੀਆਂ ਨਾਲ ਕਾਂਗਰਸ ਦੇ ਸਾਬਕਾ ਸਰਪੰਚ ਅਤੇ ਉਸ ਦੇ ਸਾਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਮਹਿਲਾ ਸਰਪੰਚ, ਉਸ ਦੇ ਸਾਬਕਾ ਸਰਪੰਚ ਪਤੀ ਅਤੇ ਰਿਸ਼ਤੇਦਾਰਾਂ ਸਣੇ 17 ਲੋਕਾਂ ’ਤੇ ਧਾਰਾ 307 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮਾਮਲਾ ਸੁਲਤਾਨਪੁਰ ਦੇ ਪਿੰਡ ਦੁਰਗਾਪੁਰ ਵਿਚ ਰਾਤ ਕਰੀਬ 11 ਵਜੇ ਦਾ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਸਾਬਕਾ ਸਰਪੰਚ ’ਤੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਅਤੇ ਉਸ ਦੇ ਸਾਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਉਥੇ ਖੜ੍ਹੀ ਗੱਡੀਆਂ ਨੂੰ ਤੋੜ ਦਿੱਤਾ ਗਿਆ। ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਜ਼ਖ਼ਮੀਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਦੋਵਾਂ ਦੀ ਗੰਭੀਰ ਹਾਲਤ ਦੇਖ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਕਾਲੀ ਸਰਪੰਚ ਦਾ ਪੱਖ ਜਾਣਨ ਦੇ ਲਈ ਕਈ ਵਾਰ ਫੋਨ ਕੀਤਾ ਪ੍ਰੰਤੂ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਵਾਸੀ ਮੰਗਤ ਸਿੰਘ ਨੇ ਦੱਸਿਆ ਕਿ ਬੁਧਵਾਰ ਰਾਤ 11ਵਜੇ ਅਕਾਲੀ ਦਲ ਤੋਂ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਅਪਣੇ ਸਾਥੀਆਂ ਸਣੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਮੋਟਰ ’ਤੇ ਪਹੁੰਚ ਗਿਆ ਅਤੇ ਰੰਜਿਸ਼ ਤਹਿਤ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੋਟਰ ਕੋਲ ਖੜ੍ਹੀ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ। ਮੰਗਤ ਸਿੰਘ ਨੇ ਕਿਹਾ ਕਿ ਉਹ ਗੁਰਮੇਲ ਸਿੰਘ ਦਾ ਹਾਲ ਪੁੱਛ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਉਸ ’ਤੇ ਟਰੈਕਟਰ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੰਗਤ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਦੁਰਗਾਪੁਰ ਵਿਚ ਮੌਜੂਦਾ ਸਰਪੰਚ ਦੇ ਖ਼ਿਲਾਫ਼ ਸਾਬਕਾ ਸਰਪੰਚ ਅਤੇ ਪਿੰਡ ਵਾਸੀਆਂ ਨੇ ਗਰਾਂਟ ਦੀ ਦੁਰਵਰਤੋਂ ਦਾ ਦੋਸ਼ ਲਾਇਆ ਸੀ। ਪਿੰਡ ਵਾਸੀਆਂ ਨੇ ਮੌਜੂਦਾ ਸਰਪੰਚ ਅਤੇ ਉਸ ਦੇ ਪਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਮੌਜੂਦਾ ਸਰਪੰਚ ’ਤੇ ਪੰਚਾਇਤੀ ਫੰਡਾਂ ਵਿਚ ਵੱਡੇ ਪੱਧਰ ’ਤੇ ਘੁਟਾਲੇ ਦੇ ਦੋਸ਼ ਲਾਏ ਸੀ।