ਪ੍ਰੋ. ਪੂਰਨ ਸਿੰਘ ਰਚਿਤ ‘ਦ ਸਪਰਿਟ ਆਫ਼ ਓਰੀਐਂਟਲ ਪੋਇਟਰੀ’ ਦਾ ਨਵ-ਪ੍ਰਕਾਸ਼ਨ ਰਿਲੀਜ਼

ਪ੍ਰੋ. ਪੂਰਨ ਸਿੰਘ ਰਚਿਤ ‘ਦ ਸਪਰਿਟ ਆਫ਼ ਓਰੀਐਂਟਲ ਪੋਇਟਰੀ’ ਦਾ ਨਵ-ਪ੍ਰਕਾਸ਼ਨ ਰਿਲੀਜ਼

ਸ਼ਬਦ` ਦੇ ਸੁਹਜ-ਸ਼ਾਸਤਰ ਦੀ ਪਹਿਚਾਣ  – ਇਕ ਅਹਿਮ ਲੋੜ
ਅੰਮ੍ਰਿਤਸਰ, 7 ਦਸੰਬਰ (ਗਗਨ) – ਨਾਦ ਪ੍ਰਗਾਸੁ (ਯੂ.ਐੱਸ.ਏ.) `ਸ਼ਬਦ` ਫ਼ਲਸਫ਼ੇ ਨੂੰ ਪ੍ਰਣਾਈ ਖੋਜ ਸੰਸਥਾ ਹੈ। ਸ਼ਬਦ ਦੀ ਅਨੁਭਵੀ ਦਾਰਸ਼ਨਿਕਤਾ ਵਿਚੋਂ ਗਿਆਨ-ਸ਼ਾਸਤਰ ਦਾ ਸਿਰਜਣ ਕਰ ਗਿਆਨ ਦੇ ਵਿਭਿੰਨ ਵਿਸ਼ਿਆਂ ਨੂੰ ਮੁੜ ਪ੍ਰੀਭਾਸ਼ਿਤ ਕਰਨਾ ਇਸ ਸੰਸਥਾ ਦਾ ਕਾਰਜ-ਖੇਤਰ ਹੈ। ਇਸ ਕਾਰਜ ਹਿਤ ਖੋਜ, ਸਿਰਜਣਾ, ਸੈਮੀਨਾਰ, ਵਿਚਾਰ-ਗੋਸ਼ਟੀਆਂ, ਪ੍ਰਕਾਸ਼ਨਾ ਆਦਿ ਪਾਸਾਰਾਂ ਨੂੰ ਵਿਵਹਾਰ ਵਿਚ ਲਿਆਉਣਾ ਪ੍ਰਮੁੱਖ ਉਦਮ ਹੋਵੇਗਾ।  ਸੰਸਥਾ ਵੱਲੋਂ ਆਪਣਾ ਪਹਿਲਾ ਪ੍ਰੋਗਰਾਮ ਪਲੀਮਥ (ਮਿਸ਼ੀਗਨ) ਦੇ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਦੀ ਲਾਇਬ੍ਰੇਰੀ ਹਾਲ ਵਿਚ ਕਰਵਾਇਆ ਗਿਆ। ਇਸ ਦੇ ਪਹਿਲੇ ਸੈਸ਼ਨ ਵਿਚ ਸੰਸਥਾ ਵੱਲੋਂ ਪ੍ਰੋ. ਪੂਰਨ ਸਿੰਘ ਰਚਿਤ ਪੁਸਤਕ ‘ਦ ਸਪਿਰਟ ਆਫ਼ ਓਰੀਐਂਟਲ ਪੋਇਟਰੀ` ਦੇ ਨਵ-ਪ੍ਰਕਾਸ਼ਨ ਨੂੰ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਨੂੰ ਮੌਜੂਦਾ ਕਾਵਿ-ਸ਼ਾਸਤਰੀ ਪਾਸਾਰਾਂ ਦੇ ਸੰਦਰਭ ਵਿਚ ਵਾਚਦਿਆਂ, ਇਸ ਦੀ ਖੋਜ ਭਰਪੂਰ ਪ੍ਰਸਤਾਵਨਾ ਅਮਨਦੀਪ ਸਿੰਘ ਨੇ ਲਿਖੀ ਹੈ। ਸੂਖਮ ਅੰਤਰਦ੍ਰਿਸ਼ਟੀ ਵਾਲੇ ਗਿਆਨ ਭਰਪੂਰ ਵਿਖਿਆਨ ਵਿਚ ਉਹਨਾਂ ਕਾਵਿ-ਅਨੁਭਵ, ਕਾਵਿ-ਅਨੁਭੂਤੀ ਦੇ ਵਰਗੀਕਰਨ, ਪੁਸਤਕ ਦੇ ਰਚੇ ਜਾਣ ਦੇ ਸੰਦਰਭ, ਗਿਆਨ-ਸੰਵਾਦ ਦੇ ਪਿਛੋਕੜ ਆਦਿ ਨੂੰ ਨਿਸਚਿਤ ਕਰ ਪੁਸਤਕ ਦੀਆਂ ਦਿਸ਼ਾਵਾਂ ਤੇ ਪ੍ਰਾਪਤੀਆਂ ਨੂੰ ਸਥਾਪਿਤ ਕੀਤਾ ਹੈ। ਉਹਨਾਂ ਦੀਆਂ ਸਥਾਪਨਾਵਾਂ ਹਨ ਕਿ ਇਹ ਪੁਸਤਕ ਸੁਹਜ, ਸਾਖੀ, ਸ਼ਬਦ ਤੇ ਲੋਕ ਸਾਤਿ ਦੀ ਮਾਸੂਮ ਥੜਕਣ ਦੀ ਇਕਸੁਰਤਾ ਨੂੰ ਸਥਾਪਿਤ ਕਰ, ਸੁਹਾਗ ਨੇਮ `ਚੋਂ ਸੇਵਾ ਤੇ ਸੁਹਜ ਨੂੰ ਉਭਾਰਦੀ ਹੈ। ਇਹ ਕਾਵਿ-ਸ਼ਾਸਤਰ ਅਜ਼ਾਦੀ, ਦੈਵੀ ਨੇਮ `ਚ ਪਲਦੀ ਬੇ-ਨੇਮੀ ਵਾਲੀ ਖੁੱਲ੍ਹ ਕੇ ਅਜ਼ਾਦੀ, ਕੁਦਰਤ ਦੀ ਦਿੱਬਤਾ, ਮਾਨਵਤਾ ਦਾ ਪਿਆਰ, ਸੁਹਜ ਦਿੱਬਤਾ ‘ਚੋਂ ਆਚਰਨਕ ਬੁਲੰਦੀ ਸਥਾਪਿਤ ਕਰ ਵਿਸ਼ਵ-ਮਨੁੱਖਤਾ ਨੂੰ ਇਕਸੁਰ ਕਰਦਾ ਹੈ। ਉਹਨਾਂ ਦੱਸਿਆ ਕਿ ਇਹ ਪੁਸਤਕ ਵਿਸ਼ਵ ਕਵਿਤਾ ਨੂੰ ਦੈਵੀ-ਕਵੀ, ਭਗਤ, ਭਗਤ ਦੇ ਵਸਤ-ਅਵਲੋਕਨ, ਮੁਰੀਦ-ਕਾਵਿ, ਸ਼ਿੰਗਾਰ: ਜੋਬਨ ਹੁਲਾਰ, ਵੈਰਾਗ: ਮਹਾਂ-ਭਰਮ ਦੀ ਉਦਾਸੀਨਤਾ ਆਦਿ ਅਧਿਆਵਾਂ ਵਿਚ ਵਰਗੀਕ੍ਰਿਤ ਕਰ ਕਾਵਿ ਨੂੰ ਜੀਵਨ-ਕਣੀ ਦੇ ਨਿੱਘ ਤੇ ਰੌਸ਼ਨੀ ਦੇ ਸੋਮੇ ਵਜੋਂ ਨਿਸਚਿਤ ਕਰ ਕਲਾ ਜੁਗਤਾਂ ਤੇ ਭਾਗ-ਜੁਗਤਾਂ ਦੇ ਤਣਾਵੀ ਤੇ ਨਾਟਕੀ ਚੁਹਲ ਤੋਂ ਮੁਕਤ ਕਰਾਉਂਦੀ ਹੈ।
ਨਾਦ ਪ੍ਰਗਾਸੁ ਖੋਜ ਨੂੰ ਵਿਅਕਤੀਗਤ ਮਾਹੌਲ ਤੇ ਪ੍ਰਾਪਤੀ ਤੋਂ ਮੁਕਤ ਕਰ ਸੰਗਤੀ ਮਾਹੌਲ ਦੀ ਸਿਰਜਣਾ ਨੂੰ ਪਹਿਲ ਦੇਣਾ ਆਪਣਾ ਮੁੱਖ-ਮਕਸਦ ਪ੍ਰਵਾਨ ਕਰਦੀ ਹੈ। ਵਿਖਿਆਨ ਮਗਰੋਂ ਸ਼੍ਰੋਤਾਗਨ ਵੱਲੋਂ ਸੁਆਲ-ਜਵਾਬ ਦਾ ਉਤਰ ਦੇਂਦਿਆਂ ਅਮਨਦੀਪ ਸਿੰਘ ਨੇ ਇਸ ਪੁਸਤਕ ਦੇ ਹੋਰ ਪਾਸਾਰਾਂ ‘ਤੇ ਹਵਾਲਿਆਂ ਰਾਹੀਂ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਇਸ ਸੈਸ਼ਨ ਦੇ ਅਗਲੇ ਪੜਾਅ ‘ਤੇ ਨਾਦ ਪ੍ਰਗਾਸੁ (ਸ੍ਰੀ ਅੰਮ੍ਰਿਤਸਰ) ਤੋਂ ਆਏ ਪ੍ਰੋ. ਜਗਦੀਸ਼ ਸਿੰਘ ਨੇ ‘ਸ਼ਬਦ’ ਦੇ ਸਹਜ-ਸ਼ਾਸਤਰ ਦੀ ਪਹਿਚਾਣ ਨੂੰ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਦੱਸਿਆ। ਉਹਨਾਂ ਦੱਸਿਆ ਕਿ ਸੁਹਜ-ਸ਼ਾਸਤਰ ਤੋਂ ਬਗ਼ੈਰ ਕੋਈ ਵੀ ਤਹਿਜ਼ੀਬ ਆਪਣੀ ਪਦਾਰਥਿਕਤਾ, ਦੇਹ, ਮਨ, ਭਾਵ ਜਗਤ, ਪ੍ਰਤੀਕ ਵਿਧਾਨ, ਇਤਿਹਾਸ, ਰਾਜਨੀਤੀ ਸਥਾਪਿਤ ਨਹੀਂ ਕਰ ਸਕਦੀ। ਉਹਨਾਂ ਸਾਹਿਤ ਦੀਆਂ ਸਭ ਪ੍ਰਵਿਤ੍ਰੀਆਂ ਦੀ ਪ੍ਰਵਾਨਗੀ ਨੂੰ ਕਬੂਲਦੇ ਹੋਏ ਉਹਨਾਂ ਅੰਦਰ ਸੱਚ ਦੇ ਪਾਸਾਰਾਂ ਦੀ ਅਕਾਸ਼ੀ-ਗਤੀ ਦੇ ਮੰਡਲਾਂ ਵਿਚ ਵੱਖਰਤਾ ਅਤੇ ਸੰਵਾਦ ਨੂੰ ਸ਼ਬਦ `ਚੋਂ ਉਪਜਦੇ ਕਾਵਿ-ਸ਼ਾਸਤਰ ਦਾ ਅਹਿਮ ਪਹਿਲੂ ਦੱਸਿਆ। ਇਸ ਪੁਸਤਕ ਦੀਆਂ ਪ੍ਰੇਰਨਾਵਾਂ {`ਦ ਸਪਿਰਟ ਆਫ਼ ਜੈਪਨੀਜ਼ ਪੋਇਟਰੀ, ਦ ਸਪਿਰਟ ਆਫ਼ ਜੈਪਨੀਜ਼ ਆਰਟ (ਯੇਨ ਨਗੂਚੀ) ਅਤੇ `ਦ ਆਡੀਅਲ ਆਫ਼ ਦਾ ਈਸਟ (ਓਕਾਕੂਰਾ)} ਸਮਕਾਲੀ ਯਤਨਾਂ {ਮੁਕੱਦਮਾ-ਏ ਸ਼ਿਅਰੋ-ਸ਼ਾਇਰੀ (ਹਾਲੀ), ਕਿਰਏਟਿਵ ਯੁਨੀਟੀ (ਟੈਗੋਰ), ਫਿਉਚਰ ਪੋੋਇਟਰੀ (ਸ੍ਰੀ ਅਰਬਿੰਦੂ)} ਨਾਲ ਤੁਲਨਾ ਵਿਚ ਪੇਸ਼ ਕਰ ਇਸ ਪੁਸਤਕ ਰਾਹੀਂ ਤਲਾਸ਼ ਕੀਤੇ ਜਾ ਰਹੇ ਮੂਲ ਕਾਵਿ-ਸ਼ਾਸਤਰੀ ਸੁਆਲ ਤੇ ਸੰਗਠਨ ਦੀ ਚਰਚਾ ਕੀਤੀ। ਉਹਨਾਂ ਇਸ ਪੁਸਤਕ ਦੀ ਰਸ਼ਕ ਕਰਨ ਯੋਗ ਪ੍ਰਾਪਤੀ ਤੇ ਵਿਸ਼ਵ-ਵਿਆਪੀ ਪਾਸਾਰ ਤੱਕ ਪਹੁੰਚ ਕਰਨ ਦੀ ਤਰਲ ਸੰਗੀਤਕ ਵਿਧੀ ਨੂੰ, ਨਾਮ-ਵਿਸ਼ਵਵਿਆਪਕਤਾ ਅਤੇ ਸ਼ਬਦ-ਬ੍ਰਹਿਮੰਡਤਾ ਦੇ ਪਾਰਦਰਸ਼ੀ ਪਲਟਾਓ-ਵਿਧਾਨ ਦੀ ਬਖਸ਼ਿਸ਼ ਤਸਲੀਮ ਕੀਤਾ। ਪੂਰਨ ਸਿੰਘ ਨੇ ਅਸਤਿਤਵੀ-ਪਾਸਾਰ ਦੀ ਮਹੀਨ ਸੰਵੇਦਨਾ `ਚੋਂ ਨਾਮ ਵਿਸ਼ਵ-ਵਿਆਪਕਤਾ ਰਾਹੀਂ ਕਾਵਿ-ਸ਼ਾਸਤਰੀ ਤਲਾਸ਼ ਨੂੰ ਸ਼ਬਦ-ਬ੍ਰਹਿਮੰਡਤਾ ਦੀ ਦਿਸ਼ਾ ਦੇ, ਪੂਰਬ ਦੀ ਸਪਿਰਿਟ ਦੀ ਨਮਾਇੰਦਗੀ ਕਰ ਪੰਜਾਬ ਦਾ ਮਾਣ ਵਧਾਇਆ ਹੈ। ਉਹਨਾਂ ਇਹ ਸਲਾਹ ਦਿੱਤੀ ਕਿ ਇਸ ਉੱਤਮ ਪ੍ਰਾਪਤੀ ਦੇ ਲੜ ਲਗ ਸ਼ਬਦ ਬ੍ਰਹਿਮੰਡਤਾ ਦੇ ਪਾਸਾਰ ਦੀ ਸਿਧਾਂਤਕਾਰੀ ਨੂੰ ਤਲਾਸ਼ ਕਰਨ ਲਈ ਸਾਨੂੰ ਸਮਰਪਿਤ ਹੋਣ ਦੀ ਲੋੜ ਹੈ।
ਇਸ ਪ੍ਰੋਗਰਾਮ ਦਾ ਦੂਜਾ ਅਹਿਮ ਹਿੱਸਾ ਕਵੀ ਦਰਬਾਰ ਸੀ। ਇਸ ਦੋ-ਭਾਸ਼ੀ (ਪੰਜਾਬੀ ਤੇ ਅੰਗਰੇਜ਼ੀ) ਕਵੀ ਦਰਬਾਰ ਵਿਚ ਸੀਨੀਅਰ ਕਵੀਆਂ/ਕਵਿਤਰੀਆਂ ਤੋਂ ਇਲਾਵਾ ਵਿਸ਼ੇਸ਼ ਤੌਰ `ਤੇ ਬ੍ਰੈਮਪਟਨ (ਕਨੇਡਾ) ਤੋਂ ਬਲਬੀਰ ਸਿੰਘ, ਸ਼ਿਕਾਗੋ ਤੋਂ ਸੁਰਖ਼ਾਬ ਕੌਰ ਅਤੇ ਪੰਜਾਬ ਤੋਂ ਪ੍ਰੋ. ਜਗਦੀਸ਼ ਸਿੰਘ ਨੇ ਸ਼ਿਰਕਤ ਕੀਤੀ। ਸੀਨੀਅਰ ਕਵੀ ਮਨਜੀਤ ਸਿੰਘ ਗਿੱਲ ਦੀ ਛੇਵੀਂ ਕਾਵਿ ਪੁਸਤਕ `ਜੀਵਨ ਇਕ ਵੰਗਾਰ’ ਦੇ ਰਿਲੀਜ਼ ਕਰਨ ਨਾਲ ਇਸ ਕਵੀ ਦਰਬਾਰ ਦਾ ਆਰੰਭ ਹੋਇਆ। ਇਸ ਕਵੀ ਦਰਬਾਰ ਨੂੰ ਮਨਜੀਤ ਸਿੰਘ ਗਿੱਲ, ਗੁਰਮੀਤ ਸੰਧੂ, ਸਤਪਾਲ ਗੋਇਲ, ਬਲਬੀਰ ਸਿੰਘ, ਰੇਸ਼ਮ ਸਿੰਘ ਸੈਣੀ, ਰਾਜ ਸੰਧੂ, ਸੁਰਖ਼ਾਬ ਕੌਰ, ਹਰਜੋਤ ਕੌਰ, ਅਮਨਦੀਪ ਸਿੰਘ ਤੇ ਪ੍ਰੋ. ਜਗਦੀਸ਼ ਸਿੰਘ ਨੇ ਆਪਣੀਆਂ ਕਵਿਤਾਵਾਂ ਨਾਲ ਜ਼ੈਬਾਈ ਅਤਾ ਕੀਤੀ।
ਇਸ ਵਿਚ ਵੱਖ ਵੱਖ ਕਾਵਿ-ਰੂਪਾਂ ਗੀਤ, ਨਜ਼ਮ, ਮਾਹੀਆ, ਗਜ਼ਲ ਤੇ ਹਾਇਕੂ ਨੇ ਆਪਣਾ ਵਿਲੱਖਣ ਰੰਗ ਭਰਿਆ। ਸਮਾਜਿਕ ਇਤਿਹਾਸਕ, ਅਧਿਆਤਮਿਕ, ਅਸਤਿੱਤਵੀ- ਸਰੋਕਾਰ, ਮਨੋਵਿਗਿਆਨਕ-ਪਹਿਲੂ ਅਤੇ ਸ਼ੁੱਧ ਖ਼ਿਆਲ ਦੀਆਂ ਪਰਵਾਜ਼ਾਂ ‘ਚ ਹੋਂਦ ਦੇ ਸਦੀਵੀ ਪਸਾਰਾਂ ਦੇ ਤਰੰਗਤ ਰੂਪਾਂ ਨੂੰ ਪੇਸ਼ ਕੀਤੀਆਂ ਕਵਿਤਾਵਾਂ ਰਾਹੀਂ ਸਾਂਝਾ ਕੀਤਾ ਗਿਆ।  ਇਹਨਾਂ ਕਵਿਤਾਵਾਂ ਵਿਚ ਭਾਸ਼ਾ ਦੀ ਗਹਿਰਾਈ, ਤਰਲਤਾ, ਪ੍ਰਯੋਗਸ਼ੀਲਤਾ, ਮੌਲਿਕ ਸਵੱਛਤਾ ਦੀ ਭਿੰਨਤਾ ਅਤੇ ਦ੍ਰਿਸ਼ਟੀ ਦੀ ਵੱਖਰਤਾ ਨੇ ਵੰਨਸੁਵੰਨਤਾ ਦਾ ਗੁਲਦਸਤਾ ਪੇਸ਼ ਕੀਤਾ। ਅਦਾਇਗੀ ਦੇ ਅੰਦਾਜ਼, ਤਰੰਨੁਮ ਤੇ ਸੁਰਤਾਲ ਨੇ ਮਾਹੌਲ ਨੂੰ ਸਰੋਦੀ ਬਣਾਈ ਰੱਖਿਆ। ਸਰੋਤਿਆਂ ਦੀ ਜਗਿਆਸਾ, ਉਤਸ਼ਾਹੀ ਹਾਜ਼ਰੀ ਤੇ ਭਰਪੂਰਤਾ ਨੇ ਕਵੀ ਦਰਬਾਰ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ।
ਪ੍ਰੋਗਰਾਮ ਦੀ ਜ਼ੀਨਤ ਸਟੇਜ ਸੰਚਾਲਨ ਕਰ ਰਹੇ ਹਰਜੋਤ ਕੌਰ ਨੇ ਆਪਣੀ ਲਤਾਫ਼ਤ, ਸੰਵੇਦਨੀ ਕੋਮਲਤਾ, ਸੂਝਵਾਨ ਟਿੱਪਣੀਆਂ ਨਾਲ ਪ੍ਰੋਗਰਾਮ ਨੂੰ ਉਚੇਰਾ ਮੁਕਾਮ ਦੇਣ ਵਿਚ ਅਹਿਮ-ਰੋਲ ਅਦਾ ਕੀਤਾ। ਉਦਾਤੀ-ਮਾਹੌਲ ਸਿਰਜਦੇ ਇਹਨਾਂ ਸੈਸ਼ਨਾਂ ਵਿਚ ਗਿਆਨ, ਕਲਾ, ਸ਼ਬਦ-ਅਧਿਆਤਮ ਇਕਸੁਰ ਹੋ ਗਾਮਜ਼ਨ ਰਹੇ। ਗੁਰਦੁਆਰਾ ਕਮੇਟੀ ਦੇ ਸਹਿਯੋਗ ਨੇ ਇਸ ਪ੍ਰੋਗਰਾਮ ਦੀ ਰਵਾਨਗੀ ਅਤੇ ਅਸਥਾਨ ਦੀ ਪਵਿੱਤਰ ਛੁਹ ਨੇ ਦੈਵੀ ਸਲੀਕੇ ਦਾ ਮਾਹੌਲ ਬਣਾਈ ਰੱਖਿਆ। ਨਾਦ ਪ੍ਰਗਾਸੁ (ਸ੍ਰੀ ਅੰਮ੍ਰਿਤਸਰ) ਦੇ ਕਾਰਜਾਂ ਅਤੇ ਦ੍ਰਿਸ਼ਟੀ ਦੀ ਜਾਣਕਾਰੀ ਦਿੰਦੇ ਹੋਏ ਨਾਦ ਪ੍ਰਗਾਸੁ (ਯੂ.ਐੱਸ.ਏ.) ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਸਾਂਝ ਪਾਈ ਗਈ। ਸ੍ਰੀਮਤੀ ਰਮਨ ਸਿੰਘ ਨੇ ਧੰਨਵਾਦੀ ਸ਼ਬਦਾਂ ਨਾਲ ਸੰਸਥਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਭਵਿੱਖੀ ਸਫਲਤਾ ਦੀ ਅਸੀਸ ਪ੍ਰਦਾਨ ਕੀਤੀ। ਇਹ ਪ੍ਰੋਗਰਾਮ ਸੂਝ, ਦ੍ਰਿਸ਼ਟੀ ਤੇ ਸੁੱਚੇ ਉਦਮ ਨਾਲ ਸੰਗਤੀ ਰੂਪ ਵਿਚ ਵਿਉਂਤਿਆ ਗਿਆ ਅਤੇ ਨੇਪਰੇ ਚੜ੍ਹਿਆ।

Bulandh-Awaaz

Website:

Exit mobile version