27.9 C
Amritsar
Monday, June 5, 2023

ਪ੍ਰਾਇਮਰੀ ਸਕੂਲਾਂ ਅੰਦਰ ਮਾਪੇ ਅਧਿਆਪਕ ਰਾਬਤਾ ਮੁਹਿੰਮ 24 ਤੋਂ 31 ਮਈ ਤੱਕ

Must read

ਅੰਮਿ੍ਤਸਰ , 20 ਮਈ, (ਰਛਪਾਲ ਸਿੰਘ)  -ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ (ਐੱਲ.ਕੇ.ਜੀ. ਤੇ ਯੂ.ਕੇ.ਜੀ.) ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਘਰ ਦੇ ਕੰਮ, ਭੇਜੀਆਂ ਜਾ ਰਹੀਆਂ ਵੱਖ-ਵੱਖ ਸਲਾਈਡਾਂ, ਦਾਖਲਾ ਮੁਹਿੰਮ ਆਦਿ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਪੇ-ਅਧਿਆਪਕ ਰਾਬਤਾ ਮੁਹਿੰਮ 24 ਤੋਂ 31 ਮਈ ਤੱਕ ਚਲਾਈ ਜਾਵੇਗੀ। ਇਸ ਵਿਸ਼ੇਸ਼ ਮੈਗਾ ਮੁਹਿੰਮ ਨੂੰ ਅੰਜ਼ਾਮ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਨਾਲ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਅਤੇ ਹੋਰ ਕਰਮਚਾਰੀ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨਾਲ ‘ਘਰ ਬੈਠੇ ਸਿੱਖਿਆ’ ਪ੍ਰੋਗਰਾਮ ਤਹਿਤ ਆਨਲਾਈਨ ਜੁੜ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ। ਉਹਨਾਂ ਕਿਹਾ ਕਿ ਮਾਪੇ-ਅਧਿਆਪਕ ਰਾਬਤਾ ਮੁਹਿੰਮ ਤਹਿਤ ਕੀਤੀ ਗਈ ਪਹਿਲਕਦਮੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਫੋਨ ਕਾਲ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਸ਼ੇਸ਼ ਸਮਾਂ ਸਾਰਣੀ ਬਣਾ ਕੇ 24 ਤੋਂ 31 ਮਈ ਤੱਕ ਹਰੇਕ ਵਿਦਿਆਰਥੀ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਦੂਰਦਰਸ਼ਨ ਪੰਜਾਬੀ ਤੇ ਆਨਲਾਈਨ ਟੀਵੀ ਕਲਾਸਾਂ, ਪੰਜਾਬ ਐਜੂਕੇਅਰ ਐਪ ਰਾਹੀਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਭੇਜੀਆਂ ਜਾ ਰਹੀਆਂ ਗਿਆਨ ਵਧਾਊ ਸਲਾਈਡਾਂ, ਵੀਡੀਓ ਐਪ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ, ਕੋਵਿਡ-19 ਦੇ ਸੰਕ੍ਰਮਣ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਲਲਿਤ ਕਿਸ਼ੋਰ ਘਈ ਡੀ.ਪੀ.ਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਦੀ ਓਰੀਐਂਟੇਸ਼ਨ ਤੋਂ ਬਾਅਦ ਹੁਣ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਦੀ ਓਰੀਐਂਟਸ਼ਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਬਲਾਕਾਂ ਦੀ ਟੀਮਾਂ ਵੱਲੋਂ ਵਰਚੂਅਲ ਮੀਟਿੰਗਾਂ ਕਰਕੇ ਕੀਤੀ ਜਾਵੇਗੀ। ਸਮੂਹ ਸਕੂਲ ਮੁਖੀ ਅਤੇ ਅਧਿਆਪਕ ਮਾਪੇ-ਅਧਿਆਪਕ ਰਾਬਤਾ ਮੁਹਿੰਮ ਤਹਿਤ ਹੋਣ ਵਾਲੀ ਗੱਲਬਾਤ ਬਾਰੇ ਫੀਡਬੈਕ ਗੂਗਲ ਪ੍ਰੋਫਾਰਮੇ ਰਾਹੀਂ ਭਰਦੇ ਰਹਿਣਗੇ।
ਜਗਤਾਰ ਸਿੰਘ ਕੂਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਪ੍ਰਿੰਸੀਪਲ ਡਾਇਟ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਪੇ-ਅਧਿਆਪਕ ਰਾਬਤਾ ਮੁਹਿੰਮ ਦੀ ਫੀਡਬੈਕ ਲੈਣ ਲਈ ਖੁਦ ਵੀ ਰੈਂਡਮ ਤੌਰ ‘ਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਨਗੇ। ਵੱਧ ਬੱਚਿਆਂ ਦੀ ਗਿਣਤੀ ਵਾਲੇ ਸਕੂਲਾਂ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਮਾਪਿਆਂ ਨਾਲ ਰਾਬਤਾ ਕਰਨ ਲਈ ਸਹਿਯੋਗ ਦੇਣਗੇ ਅਤੇ ਨਿਰਧਾਰਿਤ ਗੂਗਲ ਪ੍ਰੋਫਾਰਮਾ ਵੀ ਭਰਨਗੇ।

ਇਸ ਸਬੰਧੀ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਨੇ ਕਿਹਾ ਕਿ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਦਾ ਪ੍ਰਯੋਗ ਕਰਦਿਆਂ ਅਧਿਆਪਕ, ਸਕੂਲ ਮੁਖੀ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਦੇ ਮੈਂਬਰਾਂ ਵੱਲੋਂ ਰੋਜ਼ਾਨਾ ਪੋਸਟਰ, ਆਡੀਓ, ਲਿਖਤੀ ਸੁਨੇਹੇ ਭੇਜ ਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਗਾਊਂ ਜਾਣੂੰ ਕਰਵਾਇਆ ਜਾਵੇਗਾ।
ਮਾਪੇ-ਅਧਿਆਪਕ ਰਾਬਤਾ ਮੁਹਿੰਮ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਅੰਮਿ੍ਤਸਰ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਅਧਿਆਪਕਾਂ ਅਤੇ ਮਾਪਿਆਂ ਵਿੱਚਕਾਰ ਬੱਚਿਆਂ ਦੀ ਬਿਹਤਰੀ ਲਈ ਬਹੁਤ ਹੀ ਉਸਾਰੂ ਗੱਲਬਾਤ ਸਾਹਮਣੇ ਨਿਕਲ ਕੇ ਆਵੇਗੀ ਅਤੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਆਦਰ ਮਾਣ ਵੀ ਵਧੇਗਾ। ਉਹਨਾਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਚੰਗੀ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਇਹ ਮੁਹਿੰਮ ਬਹੁਤ ਹੀ ਮਹੱਤਵਪੂਰਨ ਹੋਵੇਗੀ। ਤਸਵੀਰ ਕੈਪਸ਼ਨ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਅਤੇ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐ ਅੰਮ੍ਰਿਤਸਰ

- Advertisement -spot_img

More articles

- Advertisement -spot_img

Latest article