ਚੰਡੀਗੜ੍ਹ, 20 ਮਈ, (ਬੁਲੰਦ ਆਵਾਜ ਬਿਊਰੋ) -ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਵਤ ’ਤੇ ਉਤਰੇ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਵਿਜੀਲੈਂਸ ਜਾਂਚ ਅਤੇ ਉਨ੍ਹਾਂ ਧਮਕਾਉਣ ਜਿਹੀ ਘਟਨਾਵਾਂ ਨੇ ਪਾਰਟੀ ਦੇ ਵਿਚ ਗੁੱਸੇ ਦੀ ਲਹਿਰ ਨੂੰ ਵਧਾ ਦਿੱਤਾ ਹੈ।
ਰਾਜ ਸਭਾ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੁਧਵਾਰ ਨੂੰ ਤਿੰਨ ਮੰਗਾਂ ਸਾਹਮਣੇ ਰਖਦੇ ਹੋਏ ਕੈਪਟਨ ਨੂੰ 45 ਦਿਨ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ 45 ਦਿਨ ਵਿਚ ਹਾਲਾਤ ਸੁਧਾਰ ਲੈਣ, ਨਹੀਂ ਤਾਂ ਇਸ ਤੋਂ ਬਾਅਦ ਕੈਪਟਨ ਵੀ ਆਜ਼ਾਦ ਹਨ ਅਤੇ ਅਸੀਂ ਵੀ ਆਜ਼ਾਦ ਹਨ। ਬਾਜਵਾ ਨੇ ਬੇਅਦਬੀ ਦੇ ਮਾਮਲੇ ਵਿਚ ਬਾਦਲ ਪਰਵਾਰ ’ਤੇ ਕਾਰਵਾਈ, ਸੂਬੇ ਤੋਂ ਡਰੱਗਜ਼ ਮਾਫ਼ੀਆ ਨੂੰ ਖਤਮ ਕਰਨ ਅਤੇ ਪਾਰਟੀ ਦੇ ਨੇਤਾਵਾਂ ’ਤੇ ਕਾਰਵਾਈ ਨਾ ਕਰਨ ਦੀ ਮੰਗ ਕੀਤੀ। ਬਾਜਵਾ ਨੇ ਇਹ ਵੀ ਕਿਹਾ, ਅਪਣੀ ਪਾਰਟੀ ਦੇ ਕਿਸੇ ਵੀ ਨੇਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਵਿਚ ਸਾਂਸਦ ਨੇ ਕੈਪਟਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਾਅਦੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਚੋਣ ਦੌਰਾਨ ਜਨਤਾ ਨਾਲ ਕੀਤੇ ਵਾਅਦੇ ਅਤੇ ਇੱਕ ਗੁਰੂ ਘਰ ਨਾਲ ਕੀਤੇ ਵਾਅਦੇ। ਸਾਢੇ ਚਾਰ ਸਾਲ ਬੀਤੇ ਚੁੱਕੇ ਹਨ । ਨਾ ਤਾਂ ਜਨਤਾ ਦੇ ਹੱਥ ਕੁਝ ਆਇਆ ਹੈ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਜਾਣਕਾਰੀ ਹੈ ਕਿ ਇਹ ਵਾਅਦੇ ਪੂਰੇ ਹੋਣਗੇ ਜਾਂ ਨਹੀਂ। ਇਸ ਸਮੇਂ ਕਾਂਗਰਸ ਪਾਰਟੀ ਦਾ ਸਭ ਤੋਂ ਮੁੱਖ ਮੁੱਦਾ ਇਹੀ ਹੈ ਕਿ ਜੋ ਗੁਰੂ ਸਾਹਿਬ ਨਾਲ ਵਾਅਦੇ ਕੀਤੇ ਹਨ, ਉਹ ਨਿਭਾਉਣੇ ਹੀ ਹੋਣਗੇ।
ਦੱਸਦੇ ਚਲੀਏ ਕਿ ਪੰਜਾਬ ਕਾਂਗਰਸ ਵਿਚ ਆਪਸੀ ਖਿੱਚੋਤਾਣ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੂਰ ਕਰਨਗੇ। ਸੂਤਰਾਂ ਅਨੁਸਾਰ ਰਾਵਤ ਇੱਕ ਦੋ ਦਿਨ ਵਿਚ ਚੰਡੀਗੜ੍ਹ ਪਹੁੰਚ ਰਹੇ ਹਨ। ਇੱਥੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਪਾਰਟੀ ਦੇ ਨਰਾਜ਼ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣਗੇ।
ਪ੍ਰਤਾਪ ਸਿੰਘ ਬਾਜਵਾ ਦਾ ਕੈਪਟਨ ਨੂੰ 45 ਦਿਨ ਦਾ ਅਲਟੀਮੇਟਮ
