ਪੌਣ-ਪਾਣੀ ਦੀ ਸੰਭਾਲ ਕਰੋ : ਵੀਨਾ

ਪੌਣ-ਪਾਣੀ ਦੀ ਸੰਭਾਲ ਕਰੋ : ਵੀਨਾ

ਅੰਮ੍ਰਿਤਸਰ 14 ਜੁਲਾਈ (ਗਗਨ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਜੰਡਿਆਲਾ ਗੁਰੂ) ਵਿਖ਼ੇ ਲਾਇਬ੍ਰੇਰੀ ਰਿਸਟੋਰਰ ਦੇ ਅਹੁਦੇ ਤੇ ਤਾਇਨਾਤ ਸ਼੍ਰੀ ਮਤੀ ਵੀਨਾ ਆਪਣੇ ਪੇਸ਼ੇ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਆਪਣੀ ਜੁੰਮੇਵਾਰੀ ਬੜੇ ਸੁੱਚੇਜੇ ਢੰਗ ਨਾਲ ਨਿਭਾਉਂਦੇ ਹਨ l ਅੱਜ ਸ਼੍ਰੀਮਤੀ ਵੀਨਾ ਨੇ ਪੌਣ-ਪਾਣੀ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਅਸੀਂ ਅਜੇ ਤਕ ਵੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋਏ ਹਾਂ । ਇਹੀ ਕਾਰਨ ਹੈ ਕਿ ਅੱਜ ਅਸੀਂ ਤਰ੍ਹਾਂ – ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ । ਅਸੀਂ ਵਿਕਾਸ ਦੇ ਨਾਂ ‘ ਤੇ ਜੰਗਲਾਂ ਦੀ ਕਟਾਈ ਕਰਦੇ ਜਾ ਰਹੇ ਹਾਂ ਜਿਸ ਕਾਰਨ ਸ਼ੁੱਧ ਹਵਾ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ । ਉਦਯੋਗਿਕ ਤਰੱਕੀ ਦੇ ਨਾਂ ‘ ਤੇ ਫੈਕਟਰੀਆਂ ਦੇ ਗੰਦੇ ਪਾਣੀ ਨੂੰ ਦਰਿਆਵਾਂ ਅਤੇ ਨਦੀਆਂ ਦੇ ਪਾਣੀ ਵਿਚ ਮਿਲਾ ਕੇ ਜ਼ਹਿਰ ਘੋਲ ਰਹੇ ਹਾਂ। ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਕੇ ਫ਼ਸਲਾਂ ਉਗਾ ਰਹੇ ਹਾਂ । ਇਹ ਸਾਰਾ ਜ਼ਹਿਰ ਸਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ।

ਫ਼ਸਲਾਂ ਦੀ ਰਹਿੰਦ – ਖੂੰਹਦ ਨੂੰ ਖੇਤਾਂ ਵਿਚ ਸਾੜ ਕੇ ਜਿੱਥੇ ਅਸੀਂ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਾਂ ਉੱਥੇ ਹੀ ਫ਼ਸਲਾਂ ਲਈ ਲਾਹੇਵੰਦ ਜੀਵ – ਜੰਤੂਆਂ ਨੂੰ ਵੀ ਖ਼ਤਮ ਕਰ ਰਹੇ ਹਾਂ । ਰੁੱਖਾਂ ਦੀ ਅੰਨੇਵਾਹ ਕਟਾਈ ਕਾਰਨ ਜਿੱਥੇ ਵਾਤਾਵਰਨ ਵਿਚ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਉੱਥੇ ਹੀ ਧਰਤੀ ਉੱਤੇ ਵੱਧ ਰਹੀ ਗਰਮੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ ਜਿਹੜਾ ਕਿ ਆਉਣ ਵਾਲੀਆਂ ਨਸਲਾਂ ਲਈ ਬਹੁਤ ਘਾਤਕ ਸਾਬਿਤ ਹੋਵੇਗਾ । ਇਹ ਕੇਵਲ ਮਨੁੱਖ ਲਈ ਹੀ ਨਹੀਂ ਸਗੋਂ ਜੀਵ – ਜੰਤੂਆਂ ਅਤੇ ਬਨਸਪਤੀ ਲਈ ਵੀ ਨੁਕਸਾਨਦਾਇਕ ਹੋਵੇਗਾ । ਮੌਜੂਦਾ ਸਮੇਂ ਵਾਤਾਵਰਨ ਦੇ ਇੰਜ ਹੋ ਰਹੇ ਘਾਣ ਨੂੰ ਚਿੰਤਾਜਨਕ ਵਰਤਾਰਾ ਆਖਿਆ ਜਾ ਸਕਦਾ ਹੈ। ਆਓ ਅਸੀਂ ਸਾਰੇ ਰਲ-ਮਿਲ ਕੇ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਪੌਦੇ ਲਾ ਕੇ ਉਨ੍ਹਾਂ ਦੀ ਸੰਭਾਲ ਕਰੀਏ ਅਤੇ ਵਾਤਾਵਰਨ ਨੂੰ ਸ਼ੁੱਧ ਕਰ ਕੇ ਅਸੀਂ ਖੁਦ ਨੂੰ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਈਏ। ਇਹੀ ਨਹੀਂ, ਜੀਵ ਜੰਤੂਆਂ ਤੇ ਬਨਸਪਤੀ ਦੀ ਸੰਭਾਲ ਵੀ ਕਰੀਏ ਕਿਉਂਕਿ ਜੀਵ-ਜੰਤੂ ਅਤੇ ਬਨਸਪਤੀ ਦੀ ਹੋਂਦ ਕਾਰਨ ਹੀ ਮਨੁੱਖੀ ਜੀਵਨ ਦੀ ਹੋਂਦ ਕਾਇਮ ਹੈ।

Bulandh-Awaaz

Website: