More

  ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ

  ਲੇਖਕ- ਪ੍ਰੋ. ਪੂਰਨ ਸਿੰਘ
  ਜਦੋਂ ਆਰੰਭ ਕਾਲ ਦੇ ਇਸਾਈ ਆਪਣੀ ਸਵੈ ਰੱਖਿਆ ਲਈ ਤੁਰੇ ਜਾਂਦੇ ਹਵਾ ਵਿੱਚ ਸੂਲੀ ਦਾ ਚਿੰਨ੍ਹ ਆਪਣੇ ਹੱਥਾਂ ਨਾਲ ਹੀ ਬਣਾ ਲੈਂਦੇ, ਉਹ ਉਨ੍ਹਾਂ ਦੇ ਪ੍ਰਭਾਵ ਮੰਡਲ ਵਿਚ ਦਾਖਲ ਹੋ ਕੇ ਇਸ ਨੂੰ ਭ੍ਰਸ਼ਟ ਕਰਨ ਵਾਲੇ ਦੂਜੇ ਲੋਕਾਂ ਦੇ ਭੂਤਾਂ ਤੋਂ ਭਲੀ ਪ੍ਰਕਾਰ ਜਾਣੂ ਸਨ।

  ਇੱਥੋਂ ਤੱਕ ਕਿ ਕੋਈ ਚਿੱਤਰਕਾਰ ਵੀ ਆਪਣੀ ਤੂਲਕਾ ਨੂੰ ਕਿਸੇ ਦੂਜੇ ਦੇ ਹੱਥ ਵਿੱਚ ਦੇਣ ਲਈ ਤਿਆਰ ਨਹੀਂ ਹੁੰਦਾ । ਇਸੇ ਤਰ੍ਹਾਂ ਇੱਕ ਲੇਖਕ ਆਪਣੀ ਕਲਮ ਨੂੰ ਸਾਂਭ ਸਾਂਭ ਰੱਖਦਾ ਹੈ। ਐਮਰਸਨ ਤਾਂ ਇਥੋਂ ਤੱਕ ਕਹਿੰਦੈ ਕਿ ਉਸ ਦੇ ਕਮਰੇ ਵਿੱਚ ਕੋਈ ਓਪਰੇ ਬੰਦੇ ਜਾਣ ਤਾਂ ਇੱਕ ਸੱਚਾ ਕਲਾਕਾਰ ਉਨ੍ਹਾਂ ਤੋਂ ਤੰਗ ਆ ਜਾਂਦੈ। ਉਹ ਨਹੀਂ ਚਾਹੁੰਦਾ ਕਿ ਮਾਯੂਸ ਤੇ ਨਿਰਾਸ਼ ਲੋਕ ਜਿਨ੍ਹਾਂ ਦੇ ਮਨ ਰੋਲ ਘਚੋਲੇ ਦੇ ਗੰਦ–ਗੁਦੜ ਨਾਲ ਭਰੇ ਹੋਏ ਨੇ, ਉਸ ਦੇ ਮਨ-ਕੁੰਜ ਅਰਥਾਤ ਕਮਰੇ ਦੇ ਸਵੱਛ ਵਾਤਾਰਣ ਨੂੰ ਆ ਕੇ ਗੰਧਲਾ ਦੇਣ।

  ਇਹ ਗੱਲ ਭਾਵੇਂ ਦੁਬਾਜਰਿਆਂ ਵਾਲੀ ਜਾਪਦੀ ਐ। ਆਮ ਲੋਕ ਇਸ ਨੂੰ ਕੁਲੀਨ-ਤੰਤਰੀ ਪ੍ਰਵਿਰਤੀ ਕਹਿਣਗੇ ਪਰ ਜਿਹੜੇ ਲੋਕ ਆਪਣੇ ਅੰਦਰਲੇ ਆਤਮਕ ਵਾਤਾਵਰਨ ਅਤੇ ਨੈਤਿਕ ਰੁਚੀ ਨੂੰ ਸੁਰੱਖਿਅਤ ਰੱਖਣ ਲਈ ਸਂਤ ਮਿਹਨਤ ਕਰਦੇ ਨੇ, ਉਹ ਲੋਕਾਂ ਦੀ ਇਸ ਜਨਵਾਦੀ ਹਮਦਰਦੀ ਵਿੱਚ ਆਪਣੀ ਸੁਨਿਸ਼ਚਿਤ ਕਾਰ ਖੇਤਰ ਜੋ ਉਨ੍ਹਾਂ ਨੇ ਸਖਤ ਮਹਿਨਤ ਨਾਲ ਉਸਾਰੀ ਹੁੰਦੀ ਐ, ਨੂੰ ਦੂਸ਼ਿਤ ਨਹੀਂ ਹੋਣ ਦਿੰਦੇ। ਇਹ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਵੇਂ ਪ੍ਰਭੂ ਯਸੂ ਨੇ ਕਦੀ ਫਰਮਾਇਆ ਸੀ ਕਿ “ਇਹ ਤਾਂ ਸੂਰਾਂ ਨੂੰ ਮੋਤੀ ਪਰੋਸਣ ਵਾਲੀ ਗੱਲ ਐ।

  ਗੁਰੂ ਦੇ ਸਿੱਖ ਨੂੰ ਇਸ ਗੱਲ ਦਾ ਗਿਆਨ ਐ ਕਿ ਗੁਰੂ ਦੀ ਕ੍ਰਿਪਾ ਦੁਆਰਾ ਉਸਨੂੰ ਭਰੋਸੇ ਦੀ ਰਾਸ ਪ੍ਰਾਪਤ ਹੋਈ ਐ। ਇਹ ਤਾਂ ਗੁਰੂ ਜੀ ਦਾ ਉਸ ਨੂੰ ਰਿਣ ਹੈ ਜੋ ਉਸ ਨੂੰ ਉਸ ਨਿਸ਼ਚੇ ਦੇ ਗੁਣ ਦੀ ਸੁਰੱਖਿਆ ਤੇ ਪਾਲਨਾ ਕਰਨ ਹਿੱਤ ਬਖਸ਼ਿਆ ਗਿਆ ਹੈ। ਜਦੋਂ ਕੋਈ ਮਨੁੱਖ ਆਤਮਕ ਤੌਰ ਉੱਤੇ ਪਰੀਪੂਰਨ ਹੋ ਜਾਂਦੈ ਤਾਂ ਇਹ ਪੂਰਨਤਾ ਦੀ ਮਹਿਕ ਉਸ ਦੇ ਆਲੇ ਦੁਆਲੇ ਪਸਰ ਜਾਂਦੀ ਐ। ਜੋ ਸ੍ਰਿਸ਼ਟੀ ਦੇ ਸਭ ਜੀਆਂ ਲਈ ਗੁਣਕਾਰੀ ਹੈ। ਉਸ ਸਮੇਂ ਹੀ ਉਸ ਗੁਰਸਿੱਖ ਨੂੰ ਬਾਹਰਲੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਹਿੱਤ ਭੇਜਿਆ ਜਾਂਦੈ ਤਾਂ ਜੋ ਆਪਣੀ ਆਤਮਿਕ ਸੁੰਦਰਤਾ ਦੀ ਮਹਿਕ ਤੇ ਸ਼ਾਨ ਨੂੰ ਆਲੇ ਦੁਆਲੇ ਪਸਾਰ ਸਕੇ। ਉਹ ਗੁਰਸਿੱਖ ਵੀ ਗੁਰੂ ਦੀ ਹੀ ਕਾਰ ਕਮਾਉਂਦੈ ਤੇ ਆਪ ਤਾਂ ਉਹ ਕੇਵਲ ਇੱਕ ਮਾਧਿਅਮ ਹੀ ਹੁੰਦੈ, ਜਿਵੇਂ ਗੁਰੂ ਉਸ ਨੂੰ ਨਿਰਦੇਸ਼ ਦਿੰਦੈ ਤਿਵੇਂ ਹੀ ਉਹ ਕਾਰਿੰਦੇ-ਹਾਰ ਇਸ ਪਵਿੱਤਰ ਕਾਰਜ ਨੂੰ ਨਿਭਾਉਂਦੈ।

  ਉਹ ਜਾਣਦੈ ਕਿ ਇਹ ਸਭ ਕੀਮਤੀ ਮਾਲ ਉਸ ਦਾ ਆਪਣਾ ਨਹੀਂ ਐ। ਉਹ ਤਾਂ ਆਪਣੀਆਂ ਭਾਵਨਾਵਾਂ ਵਿਚਾਰਾਂ ਤੇ ਅਮਲਾਂ ਦੁਆਰਾ ਇਸ ਦੀ ਭਿੰਨੀ ਮਹਿਕ ਨੂੰ ਦੂਜਿਆਂ ਤੱਕ ਵੰਡਣ ਦਾ ਇੱਕ ਸਰੀਰਕ ਮਾਧਿਅਮ ਮਾਤਰ ਹੀ ਐ। ਉਹ ਗੁਰਸਿੱਖ ਵੀ ਚੰਗੀ ਤਰ੍ਹਾਂ ਅਨੁਭਵ ਕਰਦੈ ਕਿ ਗੁਰੂ ਜੀ ਦੀ ਬਖਸ਼ੀ ਇਹ ਰਾਸ ਪੂੰਜੀ ਫਜ਼ੂਲ ਖਰਚੀ ਅਤੇ ਵਿਅਰਥ ਰੋੜ੍ਹਨ ਲਈ ਨਹੀਂ ਐ।
  ਉਹ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੈ ਕਿ ਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਇਹ ਦਾਤਾਂ ਕਿਸੇ ਤਰ੍ਹਾਂ ਵੀ ਉਸਦਾ ਆਪਣਾ ਮਾਲ ਨਹੀਂ। ਇਸ ਨੂੰ ਕੇਵਲ ਇਸ ਦੇ ਯੋਗ ਅਧਿਕਾਰੀਆਂ ਵਿੱਚ ਵੰਡਣਾ ਚਾਹੀਦੈ, ਪਰ ਇਸੇ ਉੱਚ ਨਿਮਰਤਾ ਦੇ ਗੁਣ ਨੂੰ ਲੋਕ ਵੀ ਕਈ ਵਾਰ ਗ਼ਲਤ ਸਮਝ ਬੈਠਦੇ ਨੇ ਤੇ ਇਸ ਨੂੰ ਅਮੀਰਜ਼ਾਦਿਆਂ ਵਾਲਾ ਅਭਿਮਾਨ ਤੇ ਨਿਪਟ ਤਾਮਸ ਪ੍ਰਵਿਰਤੀ ਦਾ ਗਿਆਨ ਮੰਨਣ ਲੱਗ ਪੈਂਦੇ ਨੇ।

  ਕਈ ਵਾਰ ਤਾਂ ਗੁਰੂ ਦੇ ਸਿੱਖ ਨੂੰ ਇੰਝ ਜਾਪਦੈ ਜਿਵੇਂ ਉਹ ਕਿਸੇ ਚਿੱਕੜ-ਗ੍ਰਸਤ ਵਿਅਕਤੀ ਨੂੰ ਮਿਲ ਕੇ ਆਪ ਵੀ ਚਿੱਕੜ ਨਾਲ ਭਰ ਗਿਐ। ਕਿਸੇ ਨੇ ਆ ਕੇ ਉਸ ਦੇ ਹਿਰਦੇ ਦੇ ਨਿਰਮਲ ਜਲ-ਪ੍ਰਵਾਹ ਵਿੱਚ ਚਿੱਕੜ ਦੀ ਟੋਕਰੀ ਆ ਸੁੱਟੀ ਐ ਤੇ ਉਸ ਗੰਧਲੇ ਜਲ ਨੂੰ ਮੁੜ ਸਾਫ ਕਰਨ ਲਈ ਉਨ੍ਹਾਂ ਨੂੰ ਤੁਰੰਤ ਇਸ ਦੀ ਸਫਾਈ ਕਰਨ ਦਾ ਕਾਰਜ ਕਰਨਾ ਪੈਂਦੈ। ਇਹ ਤਾਂ ਗੁਰੂ ਦੀ ਚੇਤਨਾ ਦੁਆਰਾ ਸਿੱਖ ਦੀ ਚੇਤਨਤਾ ਨੂੰ ਆਪਣੀ ਬਖਸ਼ਿਸ਼ ਦੁਆਰਾ ਮੁੜ ਇਸ਼ਨਾਨ ਕਰਾਉਣ ਤੇ ਸਵੱਛ ਕਰਨ ਦੀ ਪ੍ਰਕਿਰਿਆ ਹੁੰਦੀ ਐ। ਉਸ ਸਮੇਂ ਮਨੁੱਖ ਤਾਂ ਉਸ ਚਸ਼ਮੇ ਦੀ ਨਿਆਈ ਐ ਜਿਸ ਵਿੱਚੋਂ ਪਿੱਛੋਂ ਜਲ ਦਾ ਪ੍ਰਵਾਹ ਉਛਾਲਾ ਮਾਰ ਕੇ ਉਸ ਦੇ ਜਲ ਪ੍ਰਵਾਹ ਨੂੰ ਪਾਰਦਰਸ਼ੀ ਬਣਾ ਦਿੰਦੈ।

  ਇਹ ਅੰਤਰੀਵ ਜੀਵਨ ਆਪਣੇ ਤੀਖਣ ਸਰੂਪ ਵਿੱਚ ਸੁਹਜਮਈ ਹੁੰਦੈ ਤੇ ਕਲਾਤਮਕ ਤੇ ਨੈਤਿਕ ਅਰਥਾਂ ਵਿੱਚ ਇਸ ਦੀਆਂ ਲੋੜਾਂ ਸਭ ਕੁਲੀਨ-ਪੁਰਸ਼ਾਂ ਵਾਲੀਆਂ ਹੁੰਦੀਆਂ ਨੇ। ਫਿਰ ਵੀ ਉਹ ਨਾਲੋਂ ਨਾਲ ਗੁਰੂ ਦੇ ਪੂਰਨ ਤੌਰ ਉੱਤੇ ਸਮਰਪਿਤ ਅਤੇ ਹੁਕਮ ਵਿੱਚ ਹੁੰਦੈ।

  ਸਿਮਰਨ ਵਾਲੇ ਪੁਰਸ਼ਾਂ ਦੇ ਅੰਦਰ ਬੜਾ ਸੂਂਮ ਜਿਹਾ ਧਰਮ-ਕੰਡਾ ਹੁੰਦੈ, ਜਿਸ ਦੇ ਛਾਬੇ ਵਾਲ ਭਾਰ ਦੇ ਵਾਧੂ ਵਜ਼ਨ ਨਾਲ ਡੋਲ ਜਾਂਦੇ ਨੇ। ਮਨੁੱਖ ਤੇ ਉਨ੍ਹਾਂ ਦੇ ਵਿਚਾਰ, ਘਟਨਾਵਾਂ ਤੇ ਉਨ੍ਹਾਂ ਦੇ ਪ੍ਰਤੀਕਰਮ, ਆਉਣ ਵਾਲੀਆਂ ਘਟਨਾਵਾਂ ਦੇ ਪਰਛਾਵੇਂ, ਪੁਸਤਕਾਂ, ਇਮਾਰਤਾਂ ਸਭ ਨੂੰ ਆਪਣੇ ਧਰਮ ਕੰਡੇ ਤੇ ਤੋਲਦੈ,  ਉਨ੍ਹਾਂ ਦਾ ਮੁੱਲ ਪਾਉਂਦੈ। ਜਿਹੜੇ ਵੀ ਮਨੁੱਖ ਅਤੇ ਘਟਨਾਵਾਂ ਉਸਦੇ ਸਨਮੁੱਖ ਵਾਪਰਦੇ ਨੇ, ਉਨ੍ਹਾਂ ਦੇ ਭਲੇ ਬੁਰੇ ਪ੍ਰਛਾਵਿਆਂ ਨੂੰ ਵੀ ਆਪਣੇ ਅੰਦਰ ਹਾੜ ਲੈਂਦੈ। “ਰੱਬ ਹੈ ਆਕਾਸ਼ ਵਿੱਚ ਤੇ ਜੱਗ ਹੱਸ ਖੇਲਦਾ” ਭਰਾ ਭੌਤਿਕ ਰੂਪ ਦਾ ਸਧਾਰਨੀਕਰਨ ਤਾਂ ਹੋ ਸਕਦੈ ਪਰ ਸਿਮਰਨ ਵਾਲੇ ਸੰਤ ਪੁਰਸ਼ ਦੀ ਧਾਰਨਾ ਇਸ ਤਰ੍ਹਾਂ ਹੁੰਦੀ ਐ “ਪ੍ਰਭੂ ਮੇਰੇ ਅੰਦਰ ਹੈ ਤਾਂ ਜਗਤ ਲਈ ਵੀ ਸਭ ਅੱਛਾ ਹੈ।

  ਇੱਕੋ ਸਮੇਂ ਝੁੱਲ ਰਹੀ ਪਵਣ ਦੇ ਦੋ ਬੁੱਲ੍ਹੇ ਉਸ ਲਈ ਵੱਖ ਵੱਖ ਅਰਥ ਰੱਖਦੇ ਨੇ। ਇੱਕ ਉਸ ਨੂੰ ਅਸਹਿ ਕਸ਼ਟ ਦਿੰਦੈ ਦੂਜਾ ਅਕਹਿ ਅਨੰਦ। ਉਸ ਉੱਤੇ ਹੋਇਆ ਥੋੜ੍ਹਾ ਜਿਹਾ ਹਿੰਸਾ ਦਾ ਵਾਰ ਉਸ ਨੂੰ ਭਲਾ ਪ੍ਰਤੀਤ ਹੁੰਦੈ ਅਤੇ ਦੋ ਜਹਾਨਾਂ ਦੀ ਪਾਤਸ਼ਾਹੀ ਦੀ ਦਾਤ ਉਸ ਨੂੰ ਸਰਾਪ ਵਾਂਗ ਲੱਗਦੀ ਐ। ਜਿਸ ਤਰ੍ਹਾਂ ਪ੍ਰਤਿਭਾਸ਼ਾਲੀ ਪੁਰਸ਼ ਬਾਰੇ ਕਥਨ ਕੀਤੈ ਕਿ” “ ਉਹ ਸਰਬ ਦਾ ਗਿਆਤਾ ” ਹੁੰਦੈ। ਉਸ ਦੀ ਤੱਕਣੀ ਵਿੱਚ ਕਈ ਰੂਹਾਨੀ ਮੰਡਲ ਚੱਕਰ ਲਾਉਂਦੇ ਨੇ ਤੇ ਉਹ ਆਪਣੀ ਆਤਮਾ ਦੀ ਨਿਰੰਕੁਸ਼ ਸੁਤੰਤਰਤਾ ਉੱਤੇ ਰਸ਼ਕ ਕਰਦੈ।

  ਅਸੀਂ ਜੋ ਬਹੁਤ ਹੇਠਾਂ ਖੜ੍ਹੇ ਹਾਂ, ਅਜਿਹੇ ਦੇਵ ਪੁਰਸ਼ ਦੀ ਝੱਲ-ਮਸਤਾਨੇ, ਸਵੈ-ਵਿਰੋਧਾਂ ਅਤੇ ਉਸ ਦੇ ਅਨੰਤ ਮਨੋਭਾਵਾਂ ਤੇ ਮਨੋਦਿਸ਼ਾਵਾਂ ਦਾ ਥਾਹ ਨਹੀਂ ਪਾ ਸਕਦੇ। ਕਈ ਵਾਰ ਤਾਂ ਉਹ ਮਰ ਚੁੱਕੇ ਲੋਕਾਂ ਨਾਲ ਗੱਲਾਂ ਕਰ ਰਿਹਾ ਹੁੰਦੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਤੇ ਅਸੀਂ ਉਸ ਕੋਲੋਂ ਲੰਘ ਜਾਂਦੇ ਹਾਂ, ਉਸ ਨੂੰ ਅਸੰਤੁਲਿਤ ਸਮਝ ਲੈਂਦੇ ਹਾਂ। ਕਿਸੇ ਹੋਰ ਸਮੇਂ ਉਹ ਉਨ੍ਹਾਂ ਵਿਅਕਤੀਆਂ ਬਾਰੇ ਚਿਤਵਣ ਕਰ ਰਿਹਾ ਹੁੰਦੈ ਜਿਨ੍ਹਾਂ ਨੇ ਹਾਲੀ ਜਨਮ ਧਾਰਨੈ, ਤਾਂ ਵੀ ਅਸੀਂ ਉਸ ਨੂੰ ਲੱਖ ਨਹੀਂ ਸਕਦੇ।

  ਜਦੋਂ ਉਹ ਪਰਬਤ ਜਿੱਡੇ ਉੱਚੇ ਪ੍ਰਾਚੀਨ ਪ੍ਰਬੰਧ ਸਿਰ ਫੋੜਨ ਲਈ ਤੇ ਉਸ ਦੀ ਥਾਂ ਨਵੇਂ ਨੂੰ ਸਥਾਪਤ ਕਰਨ ਲਈ ਉਸ ਦੀਆਂ ਚੋਟੀਆਂ ਨੂੰ ਆਪਣੇ ਪੈਰਾਂ ਹੇਠ ਮਧੋਲਦੈ ਤਾਂ ਵੀ ਅਸੀਂ ਉਸ ਦੇ ਰਹੱਸ ਨੂੰ ਜਾਣ ਨਹੀਂ ਸਕਦੇ। ਉਸ ਨੂੰ ਵੀ ਅਸੀਂ ਇਸ ਤਰ੍ਹਾਂ ਸਮਝ ਲੈਂਦੇ ਹਾਂ ਜਿਵੇਂ ਉਹ ਵੀ ਦੂਜੇ ਯੋਧੇ ਨਾਇਕਾਂ ਸਾਮਾਨ ਆਪਣੀ ਤਲਵਾਰ ਸੂਤ ਕੇ ਸੰਸਾਰ ਦੇ ਜੰਗੀ ਅਖਾੜੇ ਵਿੱਚ ਉਤਰ ਆਇਐ।

  ਅਸੀਂ ਉਸ ਦੀ ਸ਼ਕਤੀ ਤੇ ਕਮਜ਼ੋਰੀ ਦੋਹਾਂ ਨੂੰ ਗਲਤ ਸਮਝ ਬੈਠਦੇ ਹਾਂ ਕਿਉਂਕਿ ਉਸ ਦੀ ਹੋਣੀ ਵਿੱਚ ਵੀ ਸਾਡੇ ਵਰਗੇ ਸਾਰੇ ਅਉਗੁਣ ਮੌਜੂਦ ਹੁੰਦੇ ਨੇ, ਹਾਲਾਂਕਿ ਉਸ ਨੂੰ ਅਕਾਲ ਪੁਰਖ ਵੱਲੋਂ ਸਾਡੇ ਸੰਸਾਰ ਅੰਦਰ ਤੇ ਸਾਡੇ ਚ ਵਿਚਰ ਕੇ ਕੁਝ ਨਿਸ਼ਚਿਤ ਕੀਤੇ ਗਏ ਕਾਰਜ ਸਿਰੇ ਚਾੜ੍ਹਨ ਲਈ ਭੇਜਿਆ ਜਾਂਦੈ।

  ਅਸੀਂ ਉਸ ਨੂੰ ਬੰਦੀ ਬਣਾ ਲੈਂਦੇ ਹਾਂ, ਉਸ ਨੂੰ ਤਸੀਹੇ ਦਿੰਦੇ ਹਾਂ ਤੇ ਆਪਣੇ ਪ੍ਰੇਮ ਤੇ ਨਫਰਤ ਦੋਹਾਂ ਰਾਹੀਂ ਉਸ ਨੂੰ ਸੂਲੀ ਉੱਤੇ ਚੜ੍ਹਨ ਲਈ ਮਜਬੂਰ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਭੇਦ ਨੂੰ ਨਹੀਂ ਪਾ ਸਕਦੇ। ਉਸ ਦੇ ਵਿਚਾਰ ਇੰਨੇ ਸਿੱਧੇ ਸਾਦੇ ਤੇ ਨਿਆਰੇ ਹੁੰਦੇ ਨੇ ਕਿ ਜਿੰਨਾ ਚਿਰ ਤੱਕ ਇਨ੍ਹਾਂ ਨੂੰ ਭਾਸ਼ਾ ਦਾ ਜਾਮਾ ਨਾ ਪਾਇਆ ਜਾਵੇ ਅਸੀਂ ਉਸ ਦਾ ਅਨੁਸਰਣ ਨਹੀਂ ਕਰ ਸਕਦੇ।

  ਇਸ ਲਈ ਉਹ ਸਾਡੀ ਖਾਤਰ ਆਪਣੇ ਆਪ ਨੂੰ ਕਤਲ ਕਰਵਾ ਲੈਂਦੈ ਤਾਂ ਜੋ ਉਸ ਦੇ ਵਿਚਾਰ ਇਸ ਧਰਤੀ ਵਿੱਚ ਜੜ੍ਹ ਪਕੜ ਸਕਣ ਕਿਉਂਕਿ ਇਨ੍ਹਾਂ ਵਿੱਚ ਪ੍ਰਭੂ ਪਿਤਾ ਦੀ ਰੱਖਿਆ ਕਰਨ ਵਾਲੀ ਮਹਾਨ ਕਿਰਪਾਲੂ ਦ੍ਰਿਸ਼ਟੀ ਵਿਦਮਾਨ ਹੁੰਦੀ ਐ। ਮਨੁੱਖ ਨੂੰ ਉਸ ਦੇ ਆਪਣੇ ਹੀ ਧਰਮ ਸ਼ਤਰੂ “ਹਉਮੈ” ਦੇ ਵਾਰਾਂ ਤੋਂ ਬਚਾਉਣਾ ਹੁੰਦੈ। ਗੁਰਬਾਣੀ ਵਿੱਚ ਫੁਰਮਾਨ ਐ –
  “ਹਉਮੈ ਦੀਰਘ ਰੋਗੁ ਹੈ
  ਦਾਰੂ ਭੀ ਇਸੁ ਮਾਹਿ।।”

  ਹਉਮੈ ਦੇ ਦੀਰਘ ਰੋਗ ਵਿਚ ਇਸ ਦੀ ਔਸ਼ਧੀ ਵੀ ਲੁਕੀ ਪਈ ਐ।

  ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img