ਪੁਲਿਸ ਹਿਰਾਸਤ ਵਿੱਚ ਗਰੀਬਾਂ ਨਾਲ਼ ਤਸ਼ੱਦਦ ਅਤੇ ਕਤਲ, ਗਰੀਬਾਂ ਵਿੱਚ ਦਹਿਸ਼ਤ ਭਰਨ ਦਾ ਹਥਿਆਰ

61

 

Italian Trulli

ਕਰਨਾਟਕ ਦੇ ਕੋਡਗੂ ਜ਼ਿਲੇ੍ਹ ਦੇ ਵਿਰਾਜਪੇਟ ਪੁਲਿਸ ਸਟੇਸ਼ਨ ਦੀ ਹਿਰਾਸਤ ਵਿੱਚ ਲੰਘੀ 9 ਜੂਨ ਨੂੰ ਮਾਨਸਿਕ ਰੂਪ ਵਿੱਚ ਪਰੇਸ਼ਾਨ 50 ਸਾਲਾ ਇੱਕ ਵਿਅਕਤੀ ਰਾਏ ਡੀਸੂਜ਼ਾ ਨੂੰ ਬੇਰਹਿਮੀ ਨਾਲ਼ ਕੁੱਟਿਆ ਗਿਆ। ਰਾਏ ਡੀਸੂਜ਼ਾ ਦੇ ਭਰਾ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਉਸਨੂੰ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਾਰਨ ਪੁਲਿਸ ਨੇ ਫੜਿਆ ਸੀ। ਕੁੱਟ-ਮਾਰ ਮਗਰੋਂ 12 ਜੂਨ ਨੂੰ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ਼ ਵਿੱਚ ਉਸਦੀ ਮੌਤ ਹੋ ਗਈ। ਦੱਖਣੀ ਰੇਂਜ ਦੇ ਆਈ. ਜੀ. ਪੀ ਪ੍ਰਵੀਣ ਮਧੂਕਰ ਪਵਾਰ ਦੇ ਕਹਿਣ ਅਨੁਸਾਰ ਸਬੰਧਤ ਅੱਠ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 31 ਮਈ, 2021 ਦੀ ਇੱਕ ਹੋਰ ਘਟਨਾ ਵਿੱਚ ਹਰਿਆਣਾ ਦੇ ਨੂਹ ਵਿੱਚ ਪੈਂਦੇ ਪਿੰਡ ਜਮਾਲਗੜ੍ਹ ਦੇ ਰਹਿਣ ਵਾਲ਼ੇ ਜੁਨੈਦ ਨੂੰ ਫਰੀਦਾਬਾਦ ਸਾਈਬਰ ਕਰਾਈਮ ਪੁਲਿਸ ਨੇ ਸਾਈਬਰ ਕਰਾਈਮ ਦੇ ਇੱਕ ਮਾਮਲੇ ਵਿੱਚ ਰਾਜਸਥਾਨ-ਹਰਿਆਣਾ ਹੱਦ ਤੋਂ ਗਿ੍ਰਫਤਾਰ ਕੀਤਾ ਸੀ। ਹਿਰਾਸਤ ਵਿੱਚ ਉਸਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਬਾਅਦ ਵਿੱਚ ਪੁਲਿਸ ਨੇ ਉਸਦੇ ਪਰਿਵਾਰ ਤੋਂ ਸੱਤਰ ਹਜ਼ਾਰ ਰੁਪਏ ਲੈ ਕੇ ਉਸਨੂੰ ਛੱਡ ਦਿੱਤਾ। ਉਸਦੇ ਪਰਿਵਾਰ ਵਾਲ਼ਿਆਂ ਦੇ ਦੱਸਣ ਅਨੁਸਾਰ ਪੁਲਿਸ ਦੀ ਮਾਰ ਨਾ ਸਹਿਣ ਕਰਕੇ ਦਸ ਦਿਨਾਂ ਬਾਅਦ ਹੀ ਉਸਦੀ ਮੌਤ ਹੋ ਗਈ। ਪਰ ਪੁਲਿਸ ਇਲਜ਼ਾਮ ਮੰਨਣ ਤੋਂ ਇਨਕਾਰ ਕਰ ਰਹੀ ਹੈ।
ਪੁਲਿਸ ਹਿਰਾਸਤ ਵਿੱਚ ਹੋਣ ਵਾਲ਼ੀਆਂ ਇਹ ਘਟਨਾਵਾਂ ਪੁਲਿਸ ਦੀ ਨੰਗੀ-ਚਿੱਟੀ ਗੁੰਡਾਗਰਦੀ ਦਾ ਸਬੂਤ ਹਨ। ਅਜਿਹੀਆਂ ਹਜ਼ਾਰਾਂ ਘਟਨਾਵਾਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਰੋਜ਼ ਵਾਪਰਦੀਆਂ ਹਨ। ਇਸਤੋਂ ਬਿਨ੍ਹਾਂ ਫਰਜ਼ੀ ਮੁਕਾਬਲਿਆਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ, ਜੇਲ੍ਹਾਂ ਵਿੱਚ ਮਰਨ ਵਾਲ਼ੇ ਬੇਗੁਨਾਹਾਂ ਤੇ ਹੋਰ ਪੁਲਿਸ ਤਸ਼ੱਦਦ ਦੀ ਸੂਚੀ ਬਹੁਤ ਲੰਬੀ-ਚੌੜੀ ਹੈ। ਜੇ ਅਸੀਂ ਪੰਜਾਬ ਵਿੱਚ ਪੁਲਿਸ ਦੀ ਗੁੰਡਾਗਰਦੀ ’ਤੇ ਝਾਤ ਮਾਰੀਏ ਤਾਂ 1984 ਵਿੱਚ ਫਰਜੀ ਮੁਕਾਬਲਿਆਂ ਵਿੱਚ ਮਾਰੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਕੌਣ ਭੁਲਾ ਸਕਦਾ ਹੈ। ਇਸਤੋਂ ਪਹਿਲਾਂ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਗਿਣਤ ਵੱਡੇ ਫ਼ਰਜ਼ੀ ਮੁਕਾਬਲਿਆਂ ਦੇ ਦੌਰ ਚੱਲੇ ਹਨ ਅਤੇ ਇਸਤੋਂ ਬਾਅਦ ਵੀ ਇਹ ਤਸ਼ੱਦਦ ਘਟਿਆ ਨਹੀਂ ਸਗੋਂ ਵੱਖ-ਵੱਖ ਰੂਪਾਂ ਵਿੱਚ ਵਧਿਆ ਹੀ ਹੈ।

ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ (ਏਸੀਐਚਆਰ) ਦੀ ਰਿਪੋਰਟ ਅਨੁਸਾਰ ਅਪ੍ਰੈਲ 2017 ਤੋਂ ਫਰਵਰੀ 2018 ਦੌਰਾਨ ਹਿਰਾਸਤ ਵਿੱਚ ਪ੍ਰਤੀਦਿਨ ਪੰਜ ਭਾਰਤੀਆਂ ਦੀ ਮੌਤ ਹੋਈ। ਪੰਜਾਬ ਦਾ ਇਸ ਵਿੱਚ ਚੌਥਾ ਨੰਬਰ ਹੈ। ਰਿਪੋਰਟ ਮੁਤਾਬਕ ਹਿਰਾਸਤ ਵਿੱਚ 1674 ਮੌਤਾਂ ਹੋਈਆਂ, ਜਿਸ ਵਿੱਚ ਨਿਆਂਇਕ ਹਿਰਾਸਤ ’ਚ 1530 ਅਤੇ ਪੁਲਿਸ ਹਿਰਾਸਤ ’ਚ 144 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ। ਇਨ੍ਹਾਂ ਮੌਤਾਂ ਵਿੱਚ ਉੱਤਰ ਪ੍ਰਦੇਸ਼ ਪਹਿਲੇ ਸਥਾਨ ’ਤੇ ਹੈ, ਦੂਜੇ ’ਤੇ ਮਹਾਂਰਾਸ਼ਟਰ, ਤੀਜੇ ’ਤੇ ਪੱਛਮੀ ਬੰਗਾਲ ਅਤੇ ਪੰਜਾਬ ਦਾ ਇਸ ਵਿੱਚ ਚੌਥਾ ਨੰਬਰ ਹੈ। ਇਹਨਾਂ ਮੌਤਾਂ ਵਿੱਚ ਮਰਨ ਵਾਲ਼ੇ ਵੀ ਜ਼ਿਆਦਾਤਰ ਗ਼ਰੀਬ ਹੀ ਹਨ। ਉਪਰੋਕਤ ਘਟਨਾਵਾਂ ਅਤੇ ਅੰਕੜਿਆਂ ਤੋਂ ਇੱਕ ਗੱਲ ਤਾਂ ਸਾਫ ਹੈ ਕਿ ਜਿਹੜਾ ਪ੍ਰਚਾਰ ਸਰਕਾਰ, ਮਾਲਕ ਜਮਾਤਾਂ, ਟੀ. ਵੀ. ਮੀਡੀਆ ਅਤੇ ਸਰਮਾਏਦਾਰਾ ਪ੍ਰਬੰਧ ਪੱਖੀ ਬੁੱਧੀਜੀਵੀਆਂ ਵੱਲੋਂ ਸ਼ੁਰੂ ਤੋਂ ਹੀ ਕੀਤਾ ਜਾਂਦਾ ਰਿਹਾ ਹੈ ਕਿ ਪੁਲਿਸ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਸੁਰੱਖਿਆ ਲਈ ਹੈ, ਕੋਰੇ ਝੂਠ ਤੋਂ ਬਿਨਾਂ ਕੁੱਝ ਵੀ ਨਹੀਂ। ਅਸਲ ਵਿੱਚ ਪੁਲਿਸ, ਨਿਆਂ-ਪਾਲਿਕਾ, ਸੈਨਾ-ਬਲ ਸਰਮਾਏਦਾਰਾ ਰਾਜ ਦੇ ਸਭ ਤੋਂ ਅਹਿਮ ਅੰਗ ਹਨ ਜਿਹਨਾਂ ਦਾ ਮੰਤਵ ਰਾਜ ਕਰਦੀਆਂ ਜਮਾਤਾਂ ਦੀ ਸੇਵਾ ਹੈ। ਇਹਨਾਂ ਦਾ ਕੰਮ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਸੁਰੱਖਿਆ ਨਹੀਂ ਸਗੋਂ ਮਾਲਕ ਜਮਾਤਾਂ ਦੀਆਂ ਭਾਰੂ ਧਿਰਾਂ ਦੇ ਨਜਾਇਜ ਹੱਕਾਂ ਅਤੇ ਉਹਨਾਂ ਮਾਲਕਾਂ ਦੀ ਲੋਕ ਰੋਹਾਂ ਤੋਂ ਰਾਖੀ ਕਰਨਾ ਹੁੰਦਾ ਹੈ। ਲੁੱਟ ਖਿਲਾਫ ਉੱਠ ਰਹੇ ਲੋਕਾਂ ਦੇ ਗੁੱਸੇ ਨੂੰ ਪਹਿਲਾਂ ਤੋਂ ਹੀ ਦਬਾਉਣ ਲਈ ਇੱਕ ਦਹਿਸ਼ਤ ਦਾ ਮਹੌਲ ਤਿਆਰ ਕਰਨਾ ਪੁਲਿਸ ਸਮੇਤ ਰਾਜ ਦੇ ਸਾਰੇ ਅੰਗਾਂ ਜਾਂ ਰਾਜ ਮਸ਼ੀਨਰੀ ਦਾ ਇੱਕ ਕੰਮ ਹੈ। ਮਾਲਕ ਜਮਾਤਾਂ ਦੇ ਮੁਨਾਫ਼ੇ ਬਰਕਰਾਰ ਰੱਖਣ ਲਈ ਉਹਨਾਂ ਦੇ ਕੰਮ ਨੂੰ ਚਲਦਾ ਰੱਖਣ ਵਿੱਚ ਸਹਾਇਤਾ ਉਦਾਹਰਨ ਦੇ ਤੌਰ ’ਤੇ ਹੱਕੀ ਮੰਗਾਂ ਲਈ ਮਜ਼ਦੂਰਾਂ ਦੀ ਹੜਤਾਲ਼ ਨੂੰ ਤੁੜਵਾਉਣਾ ਇੱਕ ਵਿਸ਼ੇਸ਼ ਕਾਰਜ ਹੈ ਜੋ ਪੁਲਿਸ ਕਰਦੀ ਹੈ। ਪਰ ਸਮਾਜ ਦੇ ਬਹੁਗਿਣਤੀ ਗਰੀਬ ਲੋਕਾਂ ਮਜ਼ਦੂਰਾਂ, ਗਰੀਬ ਕਿਸਾਨਾਂ, ਰੇਹੜੀ-ਫੜ੍ਹੀ ਵਾਲ਼ਿਆਂ ਤੇ ਹੋਰਨਾਂ ਗਰੀਬਾਂ ਵਿੱਚ ਦਹਿਸ਼ਤ ਦਾ ਇੱਕ ਆਮ ਮਹੌਲ ਬਣਾਈ ਰੱਖਣਾ ਕਿ ਇਹ ਗ਼ਰੀਬ ਹੱਕ ਦੀ ਅਵਾਜ਼ ਚੁੱਕ ਹੀ ਨਾ ਸਕਣ, ਪੁਲਿਸ ਦਾ ਇੱਕ ਅਹਿਮ ਕੰਮ ਹੈ। ਜਿਸ ਸਦਕਾ ਤਸ਼ੱਦਦ ਦੀਆਂ ਇਹਨਾਂ ਵਾਰਦਾਤਾਂ ਨੂੰ ਪੁਲਿਸੀ ਗੁੰਡਿਆਂ ਵੱਲੋਂ ਵਿਉਂਤੇ ਹੋਏ ਤਰੀਕੇ ਨਾਲ਼ ਨੇਪਰੇ ਚਾੜ੍ਹਿਆ ਜਾਂਦਾ ਹੈ।

ਮਨੁੱਖੀ ਹੱਕਾਂ ਲਈ ਪੁਲਿਸ ਦੀਆਂ ਵਧੀਕੀਆਂ ਖਿਲਾਫ ਬਹੁਤ ਸਾਰੇ ਕਨੂੰਨ ਬਣਾਏ ਜਾਂਦੇ ਰਹੇ ਹਨ ਅਤੇ ਸ਼ਾਇਦ ਭਵਿੱਖ ਵਿੱਚ ਵੀ ਬਣਾਏ ਜਾਣਗੇ ਪਰ ਸਿਰਫ ਗਰੀਬਾਂ ਨਾਲ਼ ਛਲਾਵੇ ਲਈ, ਵੋਟਾਂ ਲਈ ਜਾਂ ਫ਼ਿਰ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਦਿੱਖ ਸੁਧਾਰਨ ਲਈ। ਪਰ ਇਹਨਾਂ ਕਨੂੰਨਾਂ ਦਾ ਅਮਲ ਵਿੱਚ ਲਾਗੂ ਹੋਣਾ, ਕਦੇ ਨਹੀਂ ਹੋਵੇਗਾ। ਜਦੋਂ ਤੱਕ ਇਹ ਸਰਮਾਏਦਾਰਾ ਪ੍ਰਬੰਧ ਰਹੇਗਾ, ਇਹ ਲੋਟੂ ਸਿਆਸੀ-ਆਰਥਿਕ ਪ੍ਰਬੰਧ ਕਾਇਮ ਰਹੇਗਾ ਉਦੋਂ ਤੱਕ ਬੇਕਸੂਰ ਗਰੀਬਾਂ ਨਾਲ਼ ਪੁਲਿਸ ਤਸ਼ੱਦਦ ਇਸੇ ਤਰ੍ਹਾਂ ਚਲਦਾ ਰਹੇਗਾ। ਉਦੋਂ ਤੱਕ ਸਰਮਾਏਦਾਰਾ ਪ੍ਰਬੰਧ ਦੀ ਰਾਜ ਮਸ਼ੀਨਰੀ (ਪੁਲਿਸ, ਨਿਆਂ-ਪਾਲਿਕਾ, ਸੈਨਾ-ਬਲ ਆਦਿ) ਆਪਣੇ ਮਾਲਕਾਂ ਦੀ ਸੇਵਾ ਵਿੱਚ ਇਸੇ ਤਰ੍ਹਾਂ ਗਰੀਬਾਂ ਨਾਲ਼ ਤਸ਼ੱਦਦ ਕਰਕੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਭਰਦੀ ਉਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੀ ਰਹੇਗੀ।
•ਨਵਜੋਤ, ਰਾਏਕੋਟ