ਤਰਨਤਾਰਨ, 22 ਜੂਨ (ਬੁਲੰਦ ਆਵਾਜ ਬਿਊਰੋ) – ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ ਵਿਚ ਹਥਿਆਰਾਂ ਦੀ ਨੋਕ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਨੂੰ ਬੇਪਰਦ ਕਰਦਿਆਂ ਹਥਿਆਰਾਂ ਸਣੇ ਗਿਰੋਹ ਦੇ ਸੱਤ ਮੈਂਬਰਾਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਸਾਰੇ ਲੋਕ ਲੁੱਟਖੋਹ ਦੀ ਘਟਨਾ ਕਰਨ ਦੀ ਤਿਆਰੀ ਕਰਦੇ ਦੱਸੇ ਜਾ ਰਹੇ ਸਨ। ਮੁਲਜ਼ਮਾਂ ਵਿਰੁੱਧ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਪੀ ਪੜਤਾਲ ਮਹਿਤਾਬ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਕੋਲ ਸੂਚਨਾ ਸੀ ਕਿ ਯਾਦਵਿੰਦਰ ਸਿੰਘ ਉਰਫ ਯਾਦਾ, ਜਗਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੱਗੋਬੂਹਾ, ਜਰਨੈਲ ਸਿੰਘ ਉਰਫ ਜੈਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਝਬਾਲ ਕਲਾਂ, ਹਰਵਿੰਦਰ ਸਿੰਘ ਉਰਫ ਸਾਹਬਾ ਪੁੱਤਰ ਜਸਵੰਤ ਸਿੰਘ ਵਾਸੀ ਭੋਜੀਆਂ, ਰਾਮ ਸਿੰਘ ਉਰਫ ਰਾਮਾ ਪੁੱਤਰ ਜਸਪਾਲ ਸਿੰਘ ਵਾਸੀ ਸੁੱਗਾ, ਸਰਬਜੀਤ ਸਿੰਘ ਉਰਫ ਸ਼ੱਬਾ ਪੁੱਤਰ ਗੁਰਨਾਮ ਸਿੰਘ ਵਾਸੀ ਪੱਧਰੀ ਕਲਾਂ, ਜਸ਼ਨਦੀਪ ਸਿੰਘ ਉਰਫ ਭੀਮਾ ਪੁੱਤਰ ਹਰਜੀਤ ਸਿੰਘ ਵਾਸੀ ਭਿੱਖੀਵਿੰਡ, ਗੁਰਲਾਲ ਸਿੰਘ ਪੱਤਰ ਸੁਖਚੈਨ ਸਿੰਘ ਵਾਸੀ ਬੈਂਕਾ, ਜਗਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਰਾਜ ਸਿੰਘ ਵਾਸੀ ਸਰਾਏ ਦਿਵਾਨਾ ਨੇ ਰਲ ਕੇ ਗਿਰੋਹ ਬਣਾਇਆ ਹੋਇਆ ਹੈ। ਜੋ ਤਰਨਤਾਰਨ ਜ਼ਿਲ੍ਹੇ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿਚ ਵੀ ਹਥਿਆਰਾ ਨਾਲ ਲੈਸ ਹੋ ਕੇ ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਸੂਚਨਾ ਸੀ ਕਿ ਇਹ ਲੋਕ ਅੱਜ ਵੀ ਪਿੰਡ ਬੈਂਕਾ ਦੀ ਰੋਹੀ ਦੇ ਪੁਲ ਹੇਠਾਂ ਲੁਕ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ। ਉਕਤ ਸੂਚਨਾ ਦੇ ਆਧਾਰ ’ਤੇ ਡੀਐੱਸਪੀ ਪੜਤਾਲ ਕਮਲਜੀਤ ਸਿੰਘ ਨੇ ਐੱਸਆਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਭੇਜਿਆ ਜਿਨ੍ਹਾਂ ਨੇ ਸੂਹੀਏ ਵੱਲੋਂ ਦੱਸੀ ਥਾਂ ’ਤੇ ਛਾਪੇਮਾਰੀ ਕਰਕੇ ਯਾਦਵਿੰਦਰ ਸਿੰਘ ਉਰਫ ਯਾਦਾ ਨੂੰ ਇਕ ਪਿਸਟਲ ਦੇਸੀ 32 ਬੋਰ ਅਤੇ ਇਕ ਕਾਰਤੂਸ, ਜਗਦੇਵ ਸਿੰਘ ਨੂੰ ਇਕ ਦਾਤਰ, ਜਰਨੈਲ ਸਿੰਘ ਉਰਫ ਜੈਲਾ ਨੂੰ ਇਕ ਰਾਈਫਲ 315 ਬੋਰ ਅਤੇ 12 ਕਾਰਤੂਸ, ਹਰਵਿੰਦਰ ਸਿੰਘ ਉਰਫ ਸਾਹਬਾ ਦਾਤਰ, ਰਾਮ ਸਿੰਘ ਉਰਫ ਰਾਮਾ ਨੂੰ ਕਿਰਪਾਨ, ਜਸ਼ਨਦੀਪ ਸਿੰਘ ਨੂੰ ਇਕ ਪਿਸਤੌਲ 315 ਬੋਰ, 5 ਕਾਰਤੂਸ ਅਤੇ ਸਵਿਫਟ ਕਾਰ ਤੋਂ ਇਲਾਵਾ ਸਰਬਜੀਤ ਸਿੰਘ ਉਰਫ ਸ਼ੱਬਾ ਨੂੰ ਗਿ੍ਫ਼ਤਾਰ ਕਰ ਲਿਆ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਜਿਸ ਦੌਰਾਨ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਦੋਂਕਿ ਫਰਾਰ ਮੁਲਜ਼ਮਾਂ ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੈਂਕਾਂ, ਜਗਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਰਾਜ ਸਿੰਘ ਵਾਸੀ ਸਰਾਏ ਦਿਵਾਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਲਜ਼ਮ ਪਹਿਲਾਂ ਵੀ ਵੱਖ-ਵੱਖ ਮੁੱਕਦਮਿਆਂ ਵਿਚ ਗਿ੍ਫ਼ਤਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਖਿਲਾਫ ਪੁਰਾਣੇ ਕੇਸਾਂ ਵਿਚ ਅਦਾਲਤੀ ਕਾਰਵਾਈ ਚੱਲ ਰਹੀ ਹੈ।