ਪੁਲਿਸ ਨੇ ਨਿਹੰਗ ਦਾ ਕਾਤਲ ਨਿਹੰਗ ਕੁਝ ਘੰਟਿਆਂ ‘ਚ ਹੀ ਕੀਤਾ ਗ੍ਰਿਫਤਾਰ

13

ਤਰਨ ਤਾਰਨ,  22 ਮਈ (ਬੁਲੰਦ ਆਵਾਜ ਬਿਊਰੋ)  -ਜ਼ਿਲ੍ਹਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਦੇ ਅਧੀਨ ਆਉਂਦੇ ਪਿੰਡ ਸੂਰਵਿੰਡ ਵਿਖੇ ਬੀਤੀ ਰਾਤ ਦੋ ਨਿਹੰਗ ਸਿੰਘਾਂ ਵਿੱਚ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਸਿੰਘ ਵਲੋਂ ਦੂਜੇ ਨਿਹੰਗ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

Italian Trulli

ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਸੁਰਿੰਦਰ ਸਿੰਘ ਸਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸਦੇ 2 ਲੜਕੇ ਹਨ ਅਤੇ ਇੱਕ ਲੜਕੀ ਜਿਨ੍ਹਾਂ ਵਿਚੋਂ ਛੋਟਾ ਲੜਕਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦੇ ਤੋਂ ਹੀ ਦੇ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਉਹ ਦਲ ਸਮੇਤ ਪਿੰਡ ਸੂਰਵਿੰਡ ਆਇਆ ਹੋਇਆ ਸੀ ਜਿਸਨੂੰ ਮੈਂ ਆਪਣੀ ਲੜਕੀ ਗੁਰਪ੍ਰੀਤ ਕੌਰ ਨਾਲ ਮਿਲਣ ਉੱਥੇ ਗਿਆ ਸੀ ਤਾਂ ਇਸ ਦੌਰਾਨ ਕਰਮਜੀਤ ਸਿੰਘ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਜਿਸ ਨੂੰ ਦਲ ਦੇ ਹੋਰ ਵਿਅਕਤੀਆਂ ਨੇ ਇਲਾਜ ਲਈ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਦੱਸ ਦੇਈਏ ਇਨ੍ਹਾਂ ਦੋਵਾਂ ਵਿਚ ਰੰਜਿਸ਼ ਵਜ੍ਹਾ ਇਹ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜ ਸਵਾਰੀ ਕਰਦੇ ਸਨ ਅਤੇ ਸੁਰਜੀਤ ਸਿੰਘ ਹਮੇਸ਼ਾਂ ਹੀ ਕਰਮਜੀਤ ਸਿੰਘ ਤੋਂ ਉਸ ਦਾ ਘੋੜਾ ਮੰਗਦਾ ਰਹਿੰਦਾ ਸੀ। ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਦਿਲ ਵਿਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਹ ਸਣੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ।

ਉਧਰ ਇਸ ਸੰਬੰਧੀ ਡੀਐੱਸਪੀ ਭਿੱਖੀਵਿੰਡ ਨੇ ਕਿਹਾ ਕਿ ਉਕਤ ਮੁਦੱਈ ਦੇ ਬਿਆਨਾਂ ਤੇ ਸੁਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।