ਪਟਿਆਲਾ,10 ਸਤੰਬਰ : ਪਾਵਰਕੌਮ ਨੇ ਅੱਜ ਪਹਿਲਾਂ ਤੋਂ ਬੰਦ ਕੀਤੇ ਹੋਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਨਾਲ-ਨਾਲ ਮੌਜੂਦਾ ਸਮੇਂ ਕਾਰਜਸ਼ੀਲ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀਆਂ 3216 ਪ੍ਰਵਾਨਿਤ ਅਸਾਮੀਆਂ ਦਾ ਭੋਗ ਪਾ ਦਿੱਤਾ ਹੈ। ਅਜਿਹੇ ਫ਼ੈਸਲੇ ਤੋਂ ਇਹ ਖ਼ਦਸ਼ਾ ਵੀ ਪ੍ਰਬਲ ਹੋਣ ਲੱਗਿਆ ਹੈ ਕਿ ਸੂਬਾ ਸਰਕਾਰ ਬਠਿੰਡਾ ਮਗਰੋਂ ਹੁਣ ਰੋਪੜ ਥਰਮਲ ਪਲਾਂਟ ਨੂੰ ਵੀ ਬੰਦ ਕਰਨ ਦੇ ਰਾਹ ਪੈ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਪਾਵਰਕੌਮ ਨੂੰ ਕਾਫ਼ੀ ਅਸਾਮੀਆਂ ਖ਼ਤਮ ਕਰਨ ਦੀ ਹਰੀ ਝੰਡੀ ਦਿੱਤੀ ਗਈ ਸੀ। ਸਮਝਿਆ ਜਾ ਰਿਹਾ ਹੈ ਕਿ ਅੱਜ ਪਾਵਰਕੌਮ ਵੱਲੋਂ ਉਸ ਫ਼ੈਸਲੇ ਦੀ ਲੋਅ ’ਚ ਦੋਵੇਂ ਸਰਕਾਰੀ ਥਰਮਲ ਪਲਾਂਟਾਂ ਦੀਆਂ ਪ੍ਰਵਾਨਿਤ ਅਸਾਮੀਆਂ ’ਤੇ ਕੁਹਾੜਾ ਫੇਰ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ ਬਠਿੰਡਾ ਥਰਮਲ ਦੀਆਂ 2167 ਜਦਕਿ ਰੋਪੜ ਥਰਮਲ ਦੀਆਂ 1049 ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪਾਵਰਕੌਮ ਵੱਲੋਂ ਇਸ ਫ਼ੈਸਲੇ ਨੂੰ ‘ਬੀਓਡੀ’ ਦੀ 20 ਅਗਸਤ ਨੂੰ ਹੋਈ 83ਵੀਂ ਮੀਟਿੰਗ ਦੇ ਫ਼ੈਸਲੇ ਦੀ ਲੋਅ ’ਚ ਅਮਲ ਵਿੱਚ ਲਿਆਂਦਾ ਗਿਆ ਹੈ। ਦੋਵੇਂ ਸਰਕਾਰੀ ਥਰਮਲਾਂ ਨਾਲ ਉਪਰ ਤੋਂ ਹੇਠਾਂ ਤੱਕ ਤਕਨੀਕੀ ਤੇ ਗੈਰ-ਤਕਨੀਕੀ ਪੱਧਰ ਦੀਆਂ ਵੱਖ-ਵੱਖ ਕੇਡਰ ਦੀਆਂ ਅਸਾਮੀਆਂ ਸਬੰਧੀ ਬਾਕਾਇਦਾ ਡਿਪਟੀ ਸੈਕਟਰੀ, ਪਰਸੋਨਲ ਮੁੱਖ ਦਫ਼ਤਰ ਪਟਿਆਲਾ ਵੱਲੋਂ ਅੱਜ 10 ਸਤੰਬਰ 2020 ਤਹਿਤ ਆਫਿਸ ਆਰਡਰ ਨੰਬਰ 674 ਤਹਿਤ 2167 ਆਸਾਮੀਆਂ ਤੇ ਆਫਿਸ ਆਰਡਰ ਨੰਬਰ 675 ਤਹਿਤ 1049 ਆਸਾਮੀਆਂ ਨੂੰ ਖ਼ਤਮ ਕੀਤਾ ਗਿਆ ਹੈ।