ਪਦਾਰਥਕ ਦੌਲਤ ਦੀ ਬਜਾਇ ਕੁਦਰਤੀ ਦੌਲਤ ਨੂੰ ਬਚਾਉਣ ਦੀ ਲੋੜ……

ਅੰਮ੍ਰਿਤਸਰ, 14 ਫਰਵਰੀ,2020 ( ਰਸ਼ਪਾਲ ਸਿੰਘ ) – ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ ਦੇ ਅੰਤਰਗਤ ਮਿਤੀ 17ਫਰਵਰੀ ਨੂੰ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ : ਵਰਤਮਾਨ ਚੁਨੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕਰਵਾਈ ਜਾ ਰਹੀ ਇਕ-ਰੋਜ਼ਾ ਅੰਤਰ-ਰਾਸ਼ਟਰੀ ਕਾਨਫ਼ਰੰਸ ਮੌਕੇ ਪੰਜਾਬੀ ਚਿੰਤਨ ਅਤੇ ਸਾਹਿਤ ਜਗਤ ਦੀਆਂ ਪ੍ਰਸਿੱਧ 11 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਵਿਭਾਗ ਦੇ ਮੁਖੀ, ਡਾ. ਦਰਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਵਿਚ       ਡਾ. ਕਰਨੈਲ ਸਿੰਘ ਥਿੰਦ ਜੋ ਕਿ ਪੰਜਾਬੀ ਅਕਾਦਮਿਕ ਖੇਤਰ ਵਿਚ ਲੋਕਧਾਰਾ ਨੂੰ ਇਕ ਅਨੁਸ਼ਾਸਨ ਵਜੋਂ ਸਥਾਪਤ ਕਰਨ ਵਾਲੇ ਮੋਢੀ ਵਿਦਵਾਨਾਂ ਵਿਚੋਂ ਇਕ ਹਨ, ਸ਼ਾਮਿਲ ਹਨ, ਜਿਨ੍ਹਾਂ ਦਾ ਪੰਜਾਬੀ ਦੀ ਉਚੇਰੀ ਸਿੱਖਿਆ ਵਿਚ ਪਾਕਿਸਤਾਨੀ ਪੰਜਾਬੀ ਸਾਹਿਤ ਨੂੰ ਇਕ ਵਿਸ਼ੇ ਵਜੋਂ ਸਥਾਪਤ ਕਰਨ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੱਖ-ਵੱਖ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਹੁਦਿਆਂ ‘ਤੇ ਰਹਿੰਦਿਆਂ ਇਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਵਿਚ ਉੱਘਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਜੋ ਕਿ ਪੰਜਾਬੀ ਅਕਾਦਮਿਕਤਾ ਵਿਚ ਸਭਿਆਚਾਰ ਵਿਗਿਆਨ ਨੂੰ ਇਕ ਅਨੁਸ਼ਾਸਨ ਵਜੋਂ ਸਥਾਪਤ ਕਰਨ ਵਾਲੇ ਮੋਢੀ ਵਿਦਵਾਨਾਂ ਵਿਚੋਂ ਇਕ ਹਨ, ਨੇ ਵਿਸ਼ਵ ਕਲਾਸਕੀ ਸਾਹਿਤ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਡਾ. ਮਨਮੋਹਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਉੱਘੇ ਭਾਸ਼ਾ ਵਿਗਿਆਨੀ, ਪ੍ਰਬੁੱਧ ਸਾਹਿਤ ਚਿੰਤਕ, ਕਵੀ ਅਤੇ ਗਲਪਕਾਰ ਵਜੋਂ ਜਾਣੇ ਜਾਂਦੇ ਹਨ। ਸਮਕਾਲੀ ਵਿਸ਼ਵ ਚਿੰਤਨ ਸੰਬੰਧੀ ਪੰਜਾਬੀ ਭਾਸ਼ਾ ਵਿਚ ਲਗਾਤਾਰ ਸੰਵਾਦ ਰਚਾ ਕੇ ਆਪ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਚਿੰਤਨ ਨੂੰ ਸਮੇਂ ਦਾ ਹਾਣੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਇਹਨਾਂ ਨੂੰ ਸਨਮਾਨਤ ਕਰਨ ਦੀ ਖ਼ੁਸ਼ੀ ਪ੍ਰਾਪਤ ਕਰਦੀ ਹੈ।

ਡਾ. ਦਰਿਆ ਨੇ ਕਿਹਾ ਕਿ ਆਧੁਨਿਕ ਸੂਚਨਾ, ਤਕਨਾਲੋਜੀ ਅਤੇ ਮੀਡੀਆ ਦੇ ਸੰਦਰਭ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਆਪਣੀਆਂ ਰਚਨਾਵਾਂ ਰਾਹੀਂ ਇਕ ਨਵੀਂ ਦ੍ਰਿਸ਼ਟੀ ਅਤੇ ਦਿਸ਼ਾ ਪੈਦਾ ਕਰਨ ਵਾਲੇ ਪ੍ਰਬੁੱਧ ਆਲੋਚਕ ਡਾ. ਰਵੇਲ ਸਿੰਘ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਪੰਜਾਬੀ ਸਾਹਿਤ ਦੇ ਇਤਿਹਾਸ ਪ੍ਰਕਾਸ਼ਤ ਕਰਵਾ ਕੇ ਆਪ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਨਮਾਨਿਤ ਹੋਣ ਵਾਲੀ ਅਗਲੀ ਸਖਸ਼ੀਅਤ ਡਾ. ਜੋਗਿੰਦਰ ਸਿੰਘ ਕੈਰੋਂ ਜੋ ਕਿ ਪ੍ਰਸਿੱਧ ਲੋਕਧਾਰਾ ਸ਼ਾਸਤਰੀ, ਗਲਪਕਾਰ ਅਤੇ ਖੋਜੀ ਚਿੰਤਕ ਹਨ। ਸੰਰਚਨਾਵਾਦ ਦੇ ਅਧਿਐਨ ਮਾਡਲ ਰਾਹੀਂ ਪੰਜਾਬੀ ਲੋਕਧਾਰਾ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਨੇ ਪੰਜਾਬੀ ਲੋਕਧਾਰਾ ਅਧਿਐਨ ਨੂੰ ਵਿਗਿਆਨਕ ਲੀਹਾਂ ‘ਤੇ ਤੋਰਿਆ। ਉਹ ‘ਅਜੋਕੇ ਸ਼ਿਲਾਲੇਖ’ ਜਿਹੇ ਮਿਆਰੀ ਸਾਹਿਤਕ ਰਸਾਲੇ ਦਾ ਸੰਪਾਦਨ ਕਰਕੇ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਵਿਚ ਪ੍ਰੋ. ਕਿਰਪਾਲ ਕਜ਼ਾਕ ਦਾ ਨਾਂ ਪੰਜਾਬੀ ਲੋਕਧਾਰਾ ਦੇ ਉੱਘੇ ਖੋਜੀ ਅਤੇ ਗਲਪਕਾਰ ਵਜੋਂ ਜਾਣਿਆਂ ਜਾਂਦਾ ਹੈ। ਉਹਨਾਂ ਨੇ ਵੱਖ-ਵੱਖ ਖਾਨਾਬਦੋਸ਼ ਕਬੀਲਿਆਂ ਵਿਚ ਰਹਿ ਕੇ ਉਹਨਾਂ ਸੰਬੰਧੀ ਖੋਜ ਕੀਤੀ ਅਤੇ ਪ੍ਰਾਪਤ ਜਾਣਕਾਰੀ ਨੂੰ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਤ ਕੀਤਾ। ਉਹ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸੇਵਾ ਵਿਚ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਹਨ।

ਉਨ੍ਹਾਂ ਦੱਸਿਆ ਕਿ ਉੱਘੇ ਕਵੀ, ਵਾਰਤਕਕਾਰ, ਇਤਿਹਾਸਕਾਰ ਅਤੇ ਅਨੁਵਾਦਕ ਸ੍ਰੀ ਬਲਬੀਰ ਮਾਧੋਪੁਰੀ ਨੇ ਪੰਜਾਬੀ ਦੇ ਦਲਿਤ ਚੇਤਨਾ ਮੁਖੀ ਸਾਹਿਤ ਵਿਚ ਇਕ ਨਵੀਂ ਦ੍ਰਿਸ਼ਟੀ ਅਤੇ ਦਿਸ਼ਾ ਪੈਦਾ ਕਰਨ ਵਿਚ ਵਡਮੁੱਲੀ ਭੂਮਿਕਾ ਨਿਭਾਈ ਹੈ। ਆਪ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਈ ਹੈ।

ਪੰਜਾਬੀ ਗਲਪ ਦੇ ਖੇਤਰ ਵਿਚ ਮਿਥਿਹਾਸ ਅਤੇ ਇਤਿਹਾਸ ਦੀ ਵਰਤਮਾਨ ਪ੍ਰਸੰਗ ਵਿਚ ਪੁਨਰ-ਸਿਰਜਣਾ ਕਰਕੇ ਇਕ ਨਵੀਂ ਦ੍ਰਿਸ਼ਟੀ ਅਤੇ ਦਿਸ਼ਾ ਪੈਦਾ ਕਰਨ ਵਾਲੇ ਸ੍ਰੀ ਮਨਮੋਹਨ ਬਾਵਾ ਉੱਚ ਕੋਟੀ ਦੇ ਗਲਪਕਾਰ ਅਤੇ ਵਾਰਤਕਕਾਰ ਹਨ, ਜਿਨ੍ਹਾਂ ਦਾ ਸਨਮਾਨ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰੇਗੀ। ਆਪਣੇ ਵਿਸ਼ਾਲ ਯਾਤਰਾ-ਅਨੁਭਵਾਂ ਨੂੰ ਉਹਨਾਂ ਨੇ ਸਫ਼ਰਨਾਮਿਆਂ ਦੇ ਰੂਪ ਵਿਚ ਬੜੀ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਹੈ। ਪੰਜਾਬ ਤੋਂ ਬਾਹਰ ਵੱਸਦੇ ਹੋਏ ਵੀ ਉਹਨਾਂ ਨੇ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਉੱਘੇ ਵਾਰਤਕਕਾਰ, ਕਹਾਣੀਕਾਰ ਅਤੇ ਕਵੀ ਸ੍ਰੀਮਤੀ ਬਚਿੰਤ ਕੌਰ ਨੂੰ ਇਸ ਮੌਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹ ਬਹੁ-ਵਿਧਾਈ ਸਿਰਜਣਾਤਮਕ ਪ੍ਰਤਿਭਾ ਦੇ ਮਾਲਕ ਹਨ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਨਾਰੀ ਦੀਆਂ ਹੋਂਦਮੂਲਕ ਸਮੱਸਿਆਵਾਂ ਅਤੇ ਸੰਵੇਦਨਾਵਾਂ ਦੀ ਪੇਸ਼ਕਾਰੀ ਬਾਖ਼ੂਬੀ ਕੀਤੀ ਹੈ। ਉਹਨਾਂ ਦੀ ਸਵੈ-ਜੀਵਨੀ ‘ਪਗਡੰਡੀਆਂ’ ਪੰਜਾਬੀ ਦੀਆਂ ਸਭ ਤੋਂ ਵੱਧ ਪੜ੍ਹੀਆਂ ਗਈਆਂ ਸਵੈ-ਜੀਵਨੀਆਂ ਵਿਚੋਂ ਇਕ ਹੈ। ਉਹ ਉਮਰ ਦੇ ਬਿਰਧ ਪੜਾਅ ਵਿਚ ਵੀ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਹਨ।

ਸਨਮਾਨਿਤ ਹੋਣ ਵਾਲੀ ਸਖਸ਼ੀਅਤ ਸ੍ਰੀਮਤੀ ਸੁਰਿੰਦਰ ਨੀਰ ਬਾਰੇ ਦੱਸਦਿਆਂ ਡਾ. ਦਰਿਆ ਨੇ ਕਿਹਾ ਕਿ ਉਹ ਇਕ ਉੱਘੇ ਨਾਵਲਕਾਰ ਅਤੇ ਕਹਾਣੀਕਾਰ ਹਨ, ਜਿਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਖਿੱਤੇ ਵਿਚ ਸਦੀਆਂ ਤੋਂ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਸੰਵੇਦਨਾਵਾਂ ਨੂੰ ਆਪਣੀਆਂ ਗਲਪ ਰਚਨਾਵਾਂ ਵਿਚ ਬਾਖ਼ੂਬੀ ਪੇਸ਼ ਕੀਤਾ ਹੈ। ਉਹ ਪੰਜਾਬ ਦੇ ਭੂਗੋਲਿਕ ਖਿੱਤੇ ਤੋਂ ਬਾਹਰ ਵੱਸਣ ਵਾਲੀ ਅਜਿਹੀ ਇਸਤਰੀ ਲੇਖਿਕਾ ਹੈ ਜਿਸ ਨੇ ਆਪਣੀ ਸਿਰਜਣਾਤਮਕ ਪ੍ਰਤਿਭਾ ਨਾਲ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਵਿਚ ਵਿਲੱਖਣ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਉੱਚ ਕੋਟੀ ਦੇ ਕਵੀ, ਗਲਪਕਾਰ ਅਤੇ ਵਾਰਤਕਕਾਰ ਸ੍ਰੀ ਨਿਰਮਲ ਅਰਪਣ ਜੋ ਕਿ ਇਕ ਸਹਿਜ, ਮਿਲਾਪੜੇ ਅਤੇ ਦਰਵੇਸ਼ ਸਾਹਿਤਕਾਰ ਵਜੋਂ ਜਾਣੇ ਜਾਂਦੇ ਹਨ, ਨੇ ਆਪਣੀ ਨਿਵੇਕਲੀ ਸਿਰਜਣਾਤਮਕ ਪ੍ਰਤਿਭਾ ਨਾਲ ਪੰਜਾਬੀ ਸਾਹਿਤ ਵਿਚ ਇਕ ਨਵੀਂ ਦਾਰਸ਼ਨਿਕ ਤੇ ਸੁਹਜਾਤਮਕ ਦ੍ਰਿਸ਼ਟੀ ਪੈਦਾ ਕੀਤੀ ਹੈ। ਉਹਨਾਂ ਨੇ ਪੰਜਾਬੀ ਸਭਿਆਚਾਰ ਅਤੇ ਇਤਿਹਾਸ ਦੇ ਅਣਗੌਲੇ ਅਤਿ ਮਹੱਤਵਪੂਰਨ ਪੱਖਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਉਜਾਗਰ ਕੀਤਾ ਹੈ। ਇਨ੍ਹਾਂ ਸਖਸ਼ੀਅਤਾਂ ਦਾ ਸਨਮਾਨ ਹਰ ਇਕ ਉਸ ਵਿਦਵਾਨ ਅਤੇ ਖੋਜਾਰਥੀ/ਵਿਦਿਆਰਥੀ ਦਾ ਸਨਮਾਨ ਹੈ ਜੋ ਚਿੰਤਨ ਅਤੇ ਸਾਹਿਤ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।

ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਜੀ ਦੀ ਅਗਵਾਈ ਅਧੀਨ ਕਰਵਾਏ ਜਾ ਰਹੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਐਸ.ਪੀ. ਸਿੰਘ (ਸਾਬਕਾ ਵਾਈਸ ਚਾਂਸਲਰ), ਗੁਰੂ  ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਹੋਣਗੇ ਅਤੇ ਡਾ. ਜਸਵਿੰਦਰ ਸਿੰਘ (ਸਾਬਕਾ ਪ੍ਰੋਫ਼ੈਸਰ) ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁੰਜੀਵਤ ਭਾਸ਼ਣ ਦੇਣਗੇ। ਇਸਦੇ ਉਦਘਾਟਨੀ ਸੈਸ਼ਨ ਵਿਚ ਡਾ. ਮਨਮੋਹਨ ਐਡੀਸ਼ਨਲ ਡਾਇਰੈਕਟਰ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ ਪੰਜਾਬੀ ਸਾਹਿਤ ਜਗਤ ਦੀਆਂ ਗਿਆਰਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਕਾਨਫ਼ਰੰਸ ਦੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਦੇਸ਼ ਅਤੇ ਵਿਦੇਸ਼ ਤੋਂ ਪਹੁੰਚ ਰਹੇ ਵੱਖ-ਵੱਖ ਵਿਦਵਾਨ ਅਤੇ ਸਾਹਿਤਕਾਰ ਆਪਣੇ ਵਿਚਾਰ ਪੇਸ਼ ਕਰਨਗੇ।

Leave a Reply

Your email address will not be published. Required fields are marked *