ਤਰਨਤਾਰਨ, 2 ਜੁਲਾਈ (ਜੰਡ ਖਾਲੜਾ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਜੀ ਵੰਸ਼ਜ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ “ਬਾਬਾ ਬੁੱਢਾ ਸਾਹਿਬ ਸਬਦ ਚੌਂਕੀ ਜਥਾ” ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਤੀਸਰੇ ਮਹੀਨੇ ਦੀ ਸਬਦ ਚੌਂਕੀ ਸਾਹਿਬ ਸਜਾਈ ਗਈ। ਯਾਦ ਰਹੇ ਕਿ ਇਸ ਸਬਦ ਚੌਂਕੀ ਦੀ ਸ਼ੁਰੂਆਤ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ 1 ਮਈ ਨੂੰ ਗੁ: ਗੁਰੂ ਕੇ ਮਹਿਲ ਵਿਖੇ ਕਾਰ ਸੇਵਾ ਸੰਪਰਦਾ ਕਿਲਾ ਅਨੰਦਗੜ੍ਹ ਸਾਹਿਬ (ਸ੍ਰੀ ਆਨੰਦਪੁਰ) ਵਾਲਿਆਂ ਤੋਂ ਵਰੋਸਾਏ ਬਾਬਾ ਵਾਹਿਗੁਰੂ ਸਿੰਘ ਜੀ ਵਲੋਂ ਕਰਵਾਈ ਗਈ ਸੀ। ਕਾਰ ਸੇਵਾ ਸੰਪਰਦਾ ਵਲੋਂ ਭਾਈ ਜਸਵੰਤ ਸਿੰਘ ਸੇਖੋਂ ਨੇ ਪ੍ਰੋ: ਬਾਬਾ ਰੰਧਾਵਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਸਬਦ ਚੌਂਕੀ ਜਥੇ ‘ਚ ਪ੍ਰੋ: ਬਾਬਾ ਰੰਧਾਵਾ ਤੋਂ ਇਲਾਵਾ ਡਾ: ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਦਲਬੀਰ ਸਿੰਘ ਪ੍ਰਜਾਪਤ, ਭਾਈ ਮਲਕੀਤ ਸਿੰਘ ਦਮਦਮੀ ਟਕਸਾਲ, ਭੁਝੰਗੀ ਮਹਾਂ ਸਿੰਘ, ਭਾਈ ਹਰਜਿੰਦਰ ਸਿੰਘ ਗਿੱਲ, ਭਾਈ ਗੁਰਸ਼ੇਰ ਸਿੰਘ, ਭਾਈ ਅਮਰੀਕ ਸਿੰਘ ਕੋਟ ਖਾਲਸਾ, ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਅਮਰਜੀਤ ਕੌਰ ਨੇ ਬੀਬੀਆਂ ਸਮੇਤ ਸਬਦ ਚੌਂਕੀ ‘ਚ ਹਾਜਰੀਆਂ ਭਰੀਆਂ। ਸਬਦ ਚੌਕੀ ਜਥੇ ਨੇ ਗੁਰੂ ਕੇ ਮਹਿਲ ਪਹੁੰਚਣ ਤੋਂ ਪਹਿਲਾਂ ਨੇੜੇ ਪੈਂਦੇ ਗੁ: ਕਿਲ੍ਹਾ ਲੋਹਗੜ੍ਹ ਸਾਹਿਬ ਅਤੇ ਗੁ: ਭਾਈ ਸਾਲੋ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ।