More

  ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ : ਗਰੇਵਾਲ

  ਚੰਡੀਗੜ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਅਤੇ ਗੱਤਕਾ ਦੀ ਸਭ ਤੋਂ ਪੁਰਾਣੀ ਰਜ਼ਿਸਟਰਡ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਥਾਪਿਤ ਕੀਤੇ ਗਏ ਤਿੰਨ ਮਹੱਤਵਪੂਰਨ ਗੱਤਕਾ ਐਵਾਰਡ ਅਗਸਤ ਮਹੀਨੇ ਗੱਤਕਾ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ, ਬਿਹਤਰੀਨ ਖਿਡਾਰੀਆਂ ਅਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਕੋਚਾਂ ਨੂੰ ਪ੍ਰਦਾਨ ਕੀਤੇ ਜਾਣਗੇ ਜਿਸ ਵਿਚ ਇਕ ਤਸ਼ਤਰੀ, ਸ਼ਾਲ ਅਤੇ ਰੋਲ ਆਫ਼ ਆਨਰ ਪ੍ਰਦਾਨ ਕੀਤਾ ਜਾਵੇਗਾ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਚੇਅਰਮੈਨ ਸ. ਰਾਮ ਸਿੰਘ ਰਾਠੌਰ ਅਤੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ 7ਵੇਂ ਅੰਤਰਰਾਸ਼ਟਰੀ ਗੱਤਕਾ ਦਿਵਸ ਨੂੰ ਸਮਰਪਿਤ ਇਹ ਐਵਾਰਡ ਸਾਲ 2020 ਅਤੇ ਸਾਲ 2021 ਲਈ, ਭਾਵ ਦੋ ਸਾਲਾਂ ਲਈ, ਪ੍ਰਦਾਨ ਕੀਤੇ ਜਾਣਗੇ ਅਤੇ ਇਨਾਂ ਐਵਾਰਡਾਂ ਦੀ ਨਿਰਪੱਖ ਚੋਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਇਕ ਉੱਚ ਤਾਕਤੀ ਕਮੇਟੀ ਗਠਿਤ ਕੀਤੀ ਜਾਵੇਗੀ।

  ਸਰਬ-ਉੱਚ ਐਵਾਰਡਾਂ ਸਬੰਧੀ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸਿੱਖ ਜੰਗਜੂ ਕਲਾ ਗੱਤਕੇ ਨੂੰ ਖੇਡ ਵਜੋਂ ਪ੍ਰਫੁੱਲਤ ਕਰਨ, ਪ੍ਰਚਾਰ ਤੇ ਪਸਾਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਗੱਤਕੇ ਦਾ ਸਰਵਉੱਚ ਸਨਮਾਨ ‘ਗੱਤਕਾ ਗੌਰਵ ਐਵਾਰਡ‘ ਪ੍ਰਦਾਨ ਕੀਤਾ ਜਾਵੇਗਾ। ਗੱਤਕੇਬਾਜਾਂ ਨੂੰ ਨਿਯਮਾਂਵਲੀ ਮੁਤਾਬਕ ਗੱਤਕੇ ਦੇ ਗੁਰ ਸਿਖਾਉਣ, ਵੱਧ ਤੋਂ ਵੱਧ ਸਿਖਲਾਈ/ਰੈਫਰੀ ਕੈਂਪ ਲਾਉਣੇ, ਵੱਡੀ ਗਿਣਤੀ ਵਿੱਚ ਗੱਤਕਾ ਖਿਡਾਰੀ/ਖਿਡਾਰਨਾਂ ਪੈਦਾ ਕਰਨੇ, ਆਪਣੇ ਸੂਬੇ ਅਤੇ ਹੋਰਨਾਂ ਰਾਜਾਂ ਅੰਦਰ ਗੱਤਕੇ ਦੇ ਮਾਣ-ਸਨਮਾਨ ਵਿਚ ਵਾਧਾ ਕਰਨ ਵਾਲੇ ਕੋਚਾਂ ਨੂੰ ‘ਪ੍ਰੈਜ਼ੀਡੈਂਟ ਗੱਤਕਾ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੱਤਕੇਬਾਜ਼ਾਂ ਦੇ ਵਰਗ ਵਿੱਚ ਰਾਸ਼ਟਰੀ ਖੇਡਾਂ, ਅੰਤਰ-ਵਰਸਿਟੀ ਮੁਕਾਬਲੇ, ਰਾਜ ਪੱਧਰੀ ਮੁਕਾਬਲੇ ਅਤੇ ਵਿਰਸਾ ਸੰਭਾਲ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਤੋਂ ਇਲਾਵਾ ਵੱਧ ਤੋਂ ਵੱਧ ਗੱਤਕੇ ਦੇ ਕੋਚਿੰਗ ਕੈਂਪ, ਰੈਫਰੀ ਕੋਰਸ/ਕਲੀਨਿਕ ਅਤੇ ਰਿਫਰੈਸ਼ਰ ਕੋਰਸ ਲਾਉਣ ਵਾਲੇ ਬਿਹਤਰੀਨ ਖਿਡਾਰੀਆਂ/ਖਿਡਾਰਨਾਂ ਨੂੰ ‘ਐੱਨ.ਜੀ.ਏ.ਆਈ. ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਦੱਸਿਆ ਕਿ ਇਨਾਂ ਤਿੰਨੇ ਐਵਾਰਡਾਂ ਲਈ ਆਨਲਾਈਨ ਅਰਜ਼ੀਆਂ ਅਤੇ ਵੇਰਵੇ ਭੇਜਣ ਦੀ ਮੰਗ ਕੀਤੀ ਗਈ ਹੈ।

  ਇਨਾਂ ਐਵਾਰਡਾਂ ਲਈ ਵੇਰਵੇ 20 ਜੁਲਾਈ ਤੱਕ ਐਸੋਸੀਏਸ਼ਨ ਦੀ ਈਮੇਲ NGAIAwards@gm ail.comਉੱਤੇ ਭੇਜ ਦਿੱਤੇ ਜਾਣ। ਉਪਰੰਤ ਐਵਾਰਡੀਆਂ ਦੀ ਸੂਚੀ ਤਿਆਰ ਕਰਕੇ ਗੱਤਕਾ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਇਨਾਂ ਐਵਾਰਡਾਂ ਦੀ ਵੰਡ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੁਰੂ ਹਰਸਹਾਏ, ਜ਼ਿਲਾ ਫ਼ਿਰੋਜ਼ਪੁਰ ਵਿਖੇ 7 ਅਗਸਤ ਤੋਂ 9 ਅਗਸਤ ਤੱਕ ਕਰਵਾਈ ਜਾ ਰਹੀ ਨੌਂਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਦਾਨ ਕੀਤੇ ਜਾਣਗੇ।

  ਉਨਾਂ ਦੱਸਿਆ ਕਿ ਇੰਨਾਂ ਐਵਾਰਡਾਂ ਤੋਂ ਇਲਾਵਾ ਉਕਤ ਨੈਸਨਲ ਚੈਂਪੀਅਨਸ਼ਿਪ ਦੌਰਾਨ ਮੱਲਾਂ ਮਾਰਨ ਵਾਲੇ ਦੋ ਸਰਵੋਤਮ ਗੱਤਕੇਬਾਜਾਂ ਨੂੰ ‘ਮੈਨ/ਵਿਮੈਨ ਆਫ ਦਾ ਮੈਚ’ ਵਜੋਂ ‘ਸ਼ਸ਼ਤਰੇਸ਼ਰ ਪੁਰਸ਼’ ਅਤੇ ‘ਸ਼ਸ਼ਤਰੇਸ਼ਰ ਮਹਿਲਾ’ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਵਾਲੀ ਮੇਜਬਾਨ ਗੱਤਕਾ ਐਸੋਸੀਏਸ਼ਨ ਪੰਜਾਬ ਨੂੰ ਇਜ਼ਾਜ਼ਤ ਦਿੱਤੀ ਗਈ ਹੈ ਕਿ ਉਹ ਆਪਣੇ ਤੌਰ ਤੇ ਵੱਖਰਾ ਇੱਕ ਸਨਮਾਨ ਕਿਸੇ ਉੱਘੇ ਗੱਤਕਾਬਾਜ/ਕੋਚ/ਰੈਫਰੀ ਨੂੰ ਪ੍ਰਦਾਨ ਕਰ ਸਕੇਗੀ। ਕੌਮੀ ਪ੍ਰਧਾਨ ਸ. ਗਰੇਵਾਲ ਨੇ ਸਮੂਹ ਰਾਜਾਂ ਦੀਆਂ ਗੱਤਕਾ ਐਸੋਸੀਏਸਨਾਂ ਤੇ ਖਿਡਾਰੀਆਂ ਨੂੰ ਕਿਹਾ ਹੈ ਕਿ ਉਹ ਨੈਸ਼ਨਲ ਚੈੰਪੀਅਨਸ਼ਿਪ ਵਿੱਚ ਭਾਗ ਲੈਣ ਲਈ ਪਹਿਲੀ ਜੁਲਾਈ ਤੋਂ ਦਸ ਜੁਲਾਈ ਤੱਕ ਵਿੱਚ ਆਪਣੀਆਂ ਟੀਮਾਂ ਦੀਆਂ ਆਨਾਲਈਨ ਐਂਟਰੀਆਂ www.Gatkaa.com ਉਤੇ ਦਰਜ ਕਰਵਾ ਦੇਣ। ਐਂਟਰੀ ਤੋਂ ਬਿਨਾਂ ਕਿਸੇ ਵੀ ਟੀਮ ਨੂੰ ਇਸ ਟੂਰਨਾਮੈਂਟ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img