ਅੰਮ੍ਰਿਤਸਰ, 5 ਜੂਨ (ਰਛਪਾਲ ਸਿੰਘ) -‘ਜਦੋਂ ਵੀ ਪੰਜਾਬ ਉਤੇ ਕੋਈ ਬਿਪਤਾ ਪੈਂਦੀ ਹੈ ਤਾਂ ਸਾਡੇ ਪ੍ਰਵਾਸੀ ਪੰਜਾਬੀ ਖੁੱਲ ਕੇ ਮਦਦ ਲਈ ਅੱਗੇ ਆਉਂਦੇ ਹਨ। ਸੱਤ ਸਮੁੰਦਰੋਂ ਪਾਰ ਰਹਿੰਦੇ ਹੋਏ ਵੀ ਮਿੱਟੀ ਦਾ ਮੋਹ ਇੰਨਾ ਨੂੰ ਇੱਥੇ ਖਿੱਚ ਲਿਆਉਂਦਾ ਹੈ, ਜਿਸਦਾ ਸਾਨੂੰ ਵੀ ਮਾਣ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਗੁਰੂ ਨਾਨਕ ਮੈਡੀਕਲ ਕਾਲਜ ਵਿਖੇ ਨਿਊਜੀਲੈਂਡ ਦੀ ਸੰਸਥਾ ਇੰਡੀਅਨ ਗਲੋਬਲ ਬਿਜਨੈਸ ਚੈਂਬਰ ਵੱਲੋਂ ਅੰਮਿ੍ਰਤਸਰ ਜਿਲ੍ਹੇ ਦੀਆਂ ਡਾਕਟਰੀ ਲੋੜਾਂ ਲਈ ਭੇਜੇ ਗਏ 15 ਆਕਸੀਜਨ ਕੰਸਟਰੈਟਰ ਪ੍ਰਾਪਤ ਕਰਨ ਮੌਕੇ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮੇਰੇ ਸਾਥੀ ਸ੍ਰੀ ਸੁਨੀਲ ਦੱਤੀ ਵਿਧਾਇਕ ਅੰਮਿ੍ਰਤਸਰ ਉਤਰੀ ਦੀ ਪ੍ਰੇਰਨਾ ਨਾਲ ਉਨਾਂ ਦੇ ਕਰੀਬੀ ਰਿਸ਼ਤੇਦਾਰਾਂ ਸ੍ਰੀ ਰਣਜੇ ਸਿੱਕਾ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਕੰਵਲਜੀਤ ਸਿੰਘ ਬਖਸ਼ੀ ਇਸ ਚੈਂਬਰ ਰਾਹੀਂ ਨਿਊਜੀਲੈਂਡ ਤੋਂ ਸਾਡੇ ਸ਼ਹਿਰ ਦੀ ਮਦਦ ਲਈ ਅੱਗੇ ਆਏ ਹਨ। ਉਨਾਂ ਇਸ ਵੱਡਮੁੱਲੇ ਯੋਗਦਾਨ ਲਈ ਸ੍ਰੀ ਦੱਤੀ ਦਾ ਵੀ ਧੰਨਵਾਦ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਭਾਵੇਂ ਅੱਜ ਦੀ ਤਾਰੀਕ ਵਿਚ ਸਾਡੇ ਕੋਲ ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਉਨਾਂ ਦੱਸਿਆ ਕਿ ਇਸ ਸੰਸਥਾ ਨੇ ਭਾਰਤ ਵਿਚ 200 ਆਕਸਜੀਨ ਕੰਸਟੈਰਟਰ ਭੇਜੇ ਹਨ, ਜਿਸ ਵਿਚੋਂ 100 ਪੰਜਾਬ ਵਿਚ ਅਤੇ 15 ਅੰਮਿ੍ਰਤਸਰ ਵਿਚ ਲਿਆਂਦੇ ਗਏ ਹਨ। ਸ੍ਰੀ ਸੋਨੀ ਨੇ ਐਲਾਨ ਕੀਤਾ ਕਿ ਸੰਭਾਵੀ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਵੀ ਆਪਣੇ ਅਖਤਿਆਰੀ ਕੋਟੇ ਨਾਲ ਇਸ ਹਸਪਤਾਲ ਵਿਚ ਕੋਵਿਡ ਦੇ ਮਰੀਜਾਂ ਲਈ ਵਿਸ਼ੇਸ਼ ਵਾਰਡ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਭਵਿੱਖ ਵਿਚ ਕੰਮ ਆ ਸਕਦੀ ਹੈ।
Ñਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਸਰਕਾਰ ਤੇ ਲੋਕਾਂ ਦਾ ਸਾਥ ਦੇ ਰਹੇ ਪ੍ਰਵਾਸੀ ਵੀਰਾਂ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਦਾ ਵੀ ਧੰਨਵਾਦ ਕਰਦੇ ਕਿਹਾ ਕਿ ਅਜਿਹੇ ਦਾਨੀ ਪੁਰਸ਼ਾਂ ਸਦਕਾ ਪੰਜਾਬ ਵਿਚ ਕੋਈ ਗਰੀਬ ਵਿਅਕਤੀ ਭੁੱਖਾ ਨਹੀਂ ਸੌਂਦਾ ਅਤੇ ਕੋਰੋਨਾ ਸੰਕਟ ਵਿਚ ਵੀ ਲੋੜਵੰਦ ਲੋਕਾਂ ਦੇ ਘਰਾਂ ਤੱਕ ਲੰਗਰ ਤੇ ਰਾਸ਼ਨ ਨਿਰੰਤਰ ਪਹੁੰਚਦਾ ਰਿਹਾ ਹੈ। ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਦੱਸਿਆ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਜ਼ਦੀਕੀ ਰਿਸ਼ਤੇਦਾਰ ਸਾਡੇ ਸ਼ਹਿਰ ਵਾਸੀਆਂ ਦੀ ਮਦਦ ਲਈ ਪੁੱਜੇ ਹਨ। ਉਨਾਂ ਕਿਹਾ ਕਿ ਸਾਡੇ ਪ੍ਰਵਾਸੀ ਭਰਾ ਸਾਡੇ ਤੋਂ ਭਾਵੇਂ ਹਜ਼ਾਰਾਂ ਮੀਲ ਦੂਰ ਹਨ, ਪਰ ਇੰਨਾ ਦਾ ਦਿਲ ਸਦਾ ਪੰਜਾਬ ਲਈ ਧੜਕਦਾ ਹੈ ਅਤੇ ਇਹ ਜਦੋਂ ਵੀ ਫੋਨ ਕਰਦੇ ਹਨ ਪਹਿਲਾਂ ਪੰਜਾਬ ਤੇ ਸ਼ਹਿਰ ਦਾ ਹਾਲ-ਪੁੱਛਦੇ ਹਨ। ਇਸ ਮੌਕੇ ਡਾਇਰੈਕਟਰ ਮੈਡੀਕਲ ਸਿੱਖਿਆ ਸ੍ਰੀਮਤੀ ਸੁਜਾਤਾ ਸ਼ਰਮਾ, ਪਿ੍ਰੰਸੀਪਲ ਸ੍ਰੀ ਰਾਜੀਵ ਦੇਵਗਨ, ਡਾ. ਕੇ ਡੀ ਸਿੰਘ, ਐਸ ਡੀ ਐਮ ਸ੍ਰੀਮਤੀ ਅਨਾਇਤ ਗੁਪਤਾ, ਸ੍ਰੀਮਤੀ ਮਮਤਾ ਦੱਤਾ, ਸ੍ਰੀ ਸੰਦੀਪ ਮਲਿਕ ਏ ਡੀ ਸੀ ਪੀ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਧਰਮਵੀਰ ਸਰੀਨ, ਸ੍ਰੀ ਸੋਨੂੰ ਦੱਤੀ, ਸ੍ਰੀ ਵਿਦੁਲ ਸਿੱਕਾ, ਸ੍ਰੀ ਅਨੁਜ ਸਿੱਕਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।