ਨਿਊਜਰਸੀ ਦੇ ਇਕ ਘਰ ਵਿੱਚ ਚੱਲ ਰਹੀ ਪਾਰਟੀ ਵਿਚ ਅਣਪਛਾਤੇ ਵਿਅਕਤੀ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਦੋ ਦੀ ਕੀਤੀ ਹੱਤਿਆ

13

ਸੈਕਰਾਮੈਂਟੋ, 25 ਮਈ (ਬੁਲੰਦ ਆਵਾਜ ਬਿਊਰੋ) – ਫੇਅਰਫੀਲਡ (ਨਿਊਜਰਸੀ) ਵਿਚ ਇਕ ਘਰ ਵਿਚ ਚੱਲ ਰਹੀ ਪਾਰਟੀ ਦੌਰਾਨ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਬਾਹਰੋਂ ਆਏ ਇਕ ਅਣਪਛਾਤੇ ਵਿਅਕਤੀ ਨੇ ਅੰਧਾਧੁੰਦ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਕਈ ਵਿਅਕਤੀਆਂ ਨੇ ਇਧਰ ਉਧਰ ਲੁਕ ਕੇ ਤੇ ਕਈਆਂ ਨੇ ਧਰਤੀ ਉਪਰ ਲੇਟ ਕੇ ਆਪਣੀ ਜਾਨ ਬਚਾਈ। ਗੋਲੀਆਂ ਵੱਜਣ ਨਾਲ ਇਕ 30 ਸਾਲਾ ਵਿਅਕਤੀ ਤੇ ਇਕ 25 ਸਾਲਾ ਔਰਤ ਦੀ ਮੌਤ ਹੋ ਗਈ ਜਦ ਕਿ 12 ਹੋਰ ਜਖਮੀ ਹੋ ਗਏ ਜਿਨਾਂ ਵਿਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ।

Italian Trulli

 

ਇਹ ਘਟਨਾ ਫਿਲਾਡੈਲਫੀਆ ਦੇ ਦੱਖਣ ਵਿਚ 50 ਮੀਲ ਦੂਰ ਦਿਹਾਤੀ ਖੇਤਰ ਵਿਚ ਵਾਪਰੀ। ਮੌਕੇ ਦਾ ਦ੍ਰਿਸ਼ ਖੁਦ ਹੀ ਸਾਰੀ ਕਹਾਣੀ ਬਿਆਨ ਕਰ ਰਿਹਾ ਸੀ। ਜਗਾ ਜਗਾ ਕੁਰਸੀਆਂ ਤੇ ਹੋਰ ਖਾਣ ਪੀਣ ਦਾ ਸਮਾਨ ਖਿਲਰਿਆ ਪਿਆ ਸੀ ਤੇ ਥਾਂ ਥਾਂ ‘ਤੇ ਧਰਤੀ ਉਪਰ ਲਹੂ ਡੁਲਿਆ ਹੋਇਆ ਸੀ। ਪੁਲਿਸ ਤੋਂ ਇਲਾਵਾ ਫੇਅਰਫੀਲਡ ਟਾਊਨਸ਼ਿੱਪ ਦੇ ਮੇਅਰ ਬੈਨਜਾਮਿਨ ਬਾਇਰਡ ਵੀ ਘਟਨਾ ਸਥਾਨ ‘ਤੇ ਪੁੱਜਾ। ਬਾਇਰਡ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਬਹੁਤ ਥੋੜੀ ਜਾਣਕਾਰੀ ਹੈ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਜੰਗਲ ਵਿਚੋਂ ਨਿਕਲੇ ਕੇ ਆਇਆ ਤੇ ਫਾਇਰਿੰਗ ਕਰਕੇ ਚਲਾ ਗਿਆ। ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਤਲਾਸ਼ ਜਾਰੀ ਹੈ ਤੇ ਉਸ ਵੱਲੋਂ ਸੂਹੀਆ ਕੁੱਤਿਆਂ ਦੀ ਮੱਦਦ ਲਈ ਜਾ ਰਹੀ ਹੈ। ਗਵਰਨਰ ਫਿਲ ਮਰਫੀ ਨੇ ਘਟਨਾ ਨੂੰ ਬਹੁਤ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਵਿਚ ਸੈਂਕੜੇ ਲੋਕ ਸ਼ਾਮਿਲ ਸਨ ਤੇ ਇਹ ਇਕ ਸਮੂਹਿਕ ਕਤਲੇਆਮ ਦੀ ਘਟਨਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਵੀ ਕਿਸੇ ਕੋਲ ਸ਼ੱਕੀ ਬਾਰੇ ਕੋਈ ਸੂਚਨਾ ਹੈ ਉਹ ਅੱਗੇ ਆਵੇ ਤਾਂ ਜੋ ਘਟਨਾ ਲਈ ਜਿੰਮੇਵਾਰਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਸ ਨੇ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਹੈ।