ਨਸ਼ੇੜੀ ਵੱਲੋਂ ਆਪਣੀ ਹੀ ਮਾਂ ਦੇ ਸਿਰ ‘ਚ ਹਥੌੜਾ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ

37

ਬਰਨਾਲਾ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਜ਼ਿਲ੍ਹਾ ਬਰਨਾਲਾ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਨਸ਼ੇੜੀ ਨੇ ਆਪਣੀ ਮਾਂ ਦੇ ਸਿਰ ਵਿੱਚ ਹਥੌੜਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਆਪਣੇ ਪਿਤਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ 302 ਦਾ ਪਰਚਾ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਛਿੰਦਰ ਕੌਰ ਬਰਨਾਲਾ ਦੇ ਪਿੰਡ ਹੰਡਿਆ ਬੀਕਾ ਸੁੱਚਪੱਟੀ ਦੀ ਮੌਜੂਦਾ ਪੰਚਾਇਤ ਮੈਂਬਰ ਸੀ। ਜ਼ਖਮੀ ਬਜ਼ੁਰਗ ਪਿਤਾ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜਦੋਂ ਮੁਲਜ਼ਮ ਨੇ ਕਤਲ ਕੀਤਾ ਤਾਂ ਘਰ ਅੰਦਰ ਛੋਟੇ ਬੱਚੇ ਵੀ ਮੌਜੂਦ ਸੀ ਜਿਨ੍ਹਾਂ ਨੇ ਬਚ-ਬਚਾ ਵਾਰਦਾਤ ਦੀ ਸੂਚਨਾ ਸਰਪੰਚ ਨੂੰ ਦਿੱਤੀ ਜਿਸ ਮਗਰੋਂ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।

Italian Trulli

ਪੁਲਿਸ ਨੇ 55 ਸਾਲਾ ਛਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਉਧਰ ਮੁਲਜ਼ਮ ਦੇ ਭਰਾ ਨੇ ਦੱਸਿਆ ਕਿ “ਮੇਰਾ ਭਰਾ ਸੁੱਖਚੈਨ ਸਿੰਘ ਨਸ਼ੇੜੀ ਹੈ ਅਤੇ ਅਕਸਰ ਮਾਂ-ਬਾਪ ਨਾਲ ਕੁੱਟ ਮਾਰ ਕਰਦਾ ਸੀ। ਬੀਤੇ ਕੱਲ੍ਹ ਉਸਨੇ ਮਾਤਾ-ਪਿਤਾ ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ ਪਿਤਾ ਗੰਭੀਰ ਜ਼ਖਮੀ ਹੈ।” ਇਸ ਸਾਰੇ ਮਾਮਲੇ ਬਾਰੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਡਿਊਟੀ ਅਫ਼ਸਰ SHO ਜਸਵਿੰਦਰ ਸਿੰਘ ਨੇ ਕਿਹਾ, “ਮੁਲਜ਼ਮ ਨੇ ਹਥੌੜੇ ਨਾਲ ਬੀਤੀ ਰਾਤ ਆਪਣੀ ਮਾਂ ਦਾ ਕਤਲ ਕੀਤਾ ਹੈ।ਉਸਦਾ ਪਿਤਾ ਵੀ ਗੰਭੀਰ ਰੂਪ ‘ਚ ਜ਼ਖਮੀ ਹੈ ਜਿਸ ਨੂੰ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਉਸ ਉਪਰ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।”