“ਨਵੀਂ ਸਵੇਰ ਪਾਠਸ਼ਾਲਾ” ਵੱਲੋਂ ਕੀਤਾ ਗਿਆ ਸੱਤ ਰੋਜ਼ਾ “ਬਾਲ ਸਿਰਜਣਾਤਮਕਤਾ ਕੈਂਪ”

“ਨਵੀਂ ਸਵੇਰ ਪਾਠਸ਼ਾਲਾ” ਵੱਲੋਂ ਕੀਤਾ ਗਿਆ ਸੱਤ ਰੋਜ਼ਾ “ਬਾਲ ਸਿਰਜਣਾਤਮਕਤਾ ਕੈਂਪ”

ਪੰਜਾਬ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਪਿਛਲੇ ਇੱਕ ਹਫ਼ਤੇ ਤੋਂ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਈ.ਡਬਲਯੂ.ਐਸ. ਕਲੋਨੀ ਲੁਧਿਆਣਾ ਵਿਖੇ ‘ਬਾਲ ਸਿਰਜਣਾਤਮਕਤਾ ਕੈਂਪ’ ਕਰਵਾਇਆ ਜਾ ਰਿਹਾ ਸੀ ਜਿਸਦਾ ਅੱਜ ਆਖ਼ਰੀ ਦਿਨ ਸੀ। ਪੂਰੇ ਹਫ਼ਤੇ ਦੌਰਾਨ ਬੱਚਿਆਂ ਨੇ ਕਲਾ-ਕਿਰਤਾਂ ਤੋਂ ਇਲਾਵਾ ਬਹੁਤ ਕੁਝ ਸਿੱਖਿਆ। ਬੱਚਿਆਂ ਵੱਲੋਂ ਬਣਾਏ ਮਿੱਟੀ, ਕਾਗਜ਼ ਅਤੇ ਕਬਾੜ ਦੇ ਖਿਡੌਣਿਆਂ ਤੋਂ ਬਿਨ੍ਹਾਂ ਡਰਾਇੰਗ ਅਤੇ ਹੋਰ ਕਲਾ ਕਿਰਤਾਂ ਦੀ ਪ੍ਰੋਗਰਾਮ ਦੌਰਾਨ ਪ੍ਰਦਰਸ਼ਨੀ ਲਗਾਈ ਗਈ ਅਤੇ ਬੱਚਿਆਂ ਨੇ ਨਾਟਕ, ਗੀਤ, ਡਾਂਸ, ਕੋਰਿਓਗ੍ਰਾਫੀ ਆਦਿ ਦੀ ਪੇਸ਼ਕਾਰੀ ਕੀਤੀ। ਅੱਜ ਦਾ ਦਿਨ ਬੱਚਿਆਂ ਲਈ ਬਹੁਤ ਖਾਸ ਸੀ, ਓਹਨਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਦੀਆਂ ਤਿਆਰੀਆਂ ਤੋਂ ਲੈ ਕੇ ਸਟੇਜ ਸੰਭਾਲਣ ਅਤੇ ਵਲੰਟੀਅਰਾਂ ਦੀ ਭੂਮਿਕਾ ਵੀ ਆਪ ਨਿਭਾਈ। ਸਾਰੇ ਪ੍ਰੋਗਰਾਮ ਦੌਰਾਨ ਬੱਚੇ ਬਹੁਤ ਸੰਜੀਦਗੀ ਨਾਲ਼ ਪੇਸ਼ ਆ ਰਹੇ ਸਨ। ਉਹ ਬਹੁਤ ਖੁਸ਼ ਸਨ ਕਿ ਉਹਨਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਸਟੇਜ ਸੰਭਾਲਣ ਤੋਂ ਲੈ ਕੇ ਨਾਟਕ, ਗੀਤ, ਡਾਂਸ ਅਤੇ ਕੋਰਿਓਗ੍ਰਾਫੀ ਦੌਰਾਨ ਇੱਕ ਵੀ ਬੱਚਾ ਸਟੇਜ ‘ਤੇ ਚੜਨੋ ਘਬਰਾਇਆ ਨਹੀਂ।

ਪ੍ਰੋਗਰਾਮ ਦੀ ਸ਼ੁਰੂਆਤ ਦਸਵੀਂ ਦੀ ਵਿਦਿਆਰਥਣ ਟੀਨਾ ਨੇ ‘ਨਵੀਂ ਸਵੇਰ ਪਾਠਸ਼ਾਲਾ” ਦੀ ਜਾਣ-ਪਹਿਚਾਣ ਕਰਵਾ ਕੇ ਕੀਤੀ। ਏਸ ਤੋਂ ਬਾਅਦ ਛੋਟੇ ਬੱਚਿਆਂ ਵੱਲੋਂ ਤਿਆਰ ਕੀਤਾ ਅਸਾਮ ਦੇ ਚਾਹ-ਬਾਗ਼ ਮਜ਼ਦੂਰਾਂ ਦੀ ਜ਼ਿੰਦਗੀ ਨਾਲ਼ ਸਬੰਧਿਤ ਗੀਤ “ਏਕ ਕਲੀ ਦੋ ਪੱਤੀਆਂ” ਉੱਪਰ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਬੱਚਿਆਂ ਨੇ ਦੋ ਗੀਤ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ “ਹੱਡੀ” ਨਾਟਕ ਅਤੇ ਇੱਕ ਸਕੂਲ ਸਬੰਧੀ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ, ਜੋ ਕਿ “ਕਲਾ ਸਮਾਜ ਲਈ” ਗਰੁੱਪ ਵੱਲੋਂ ਮਨਦੀਪ ਨੇ ਤਿਆਰ ਕਟਵਾਏ ਸੀ। ਨਵੀਂ ਸਵੇਰ ਪਾਠਸ਼ਾਲਾ ਦੀ ਅਧਿਆਪਕ ਬਲਜੀਤ ਕੌਰ ਨੇ ਪਾਠਸ਼ਾਲਾ ਦੇ ਮਕਸਦ ਬਾਰੇ ਲੋਕਾਂ ਨੂੰ ਦੱਸਿਆ। ਸਾਰੇ ਪ੍ਰੋਗਰਾਮ ਦੌਰਾਨ ਸਟੇਜ ਸਾਂਭਣ ਦੀ ਜਿੰਮੇਵਾਰੀ ਦਸਵੀਂ ਦੀ ਵਿਦਿਆਰਥਣ ਟੀਨਾ ਨੇ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਬੱਚਿਆਂ ਨੂੰ ਕਹਾਣੀਆਂ ਵਾਲ਼ੀਆਂ ਕਿਤਾਬਾਂ ਤੋਹਫ਼ੇ ਦੇ ਰੂਪ ਵਿੱਚ ਵੰਡੀਆਂ ਗਈਆਂ।

Bulandh-Awaaz

Website: