ਚੰਡੀਗੜ੍ਹ, 7 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਤੋਂ ਅੱਜ ਕਾਂਗਰਸ ਦਾ ਵੱਡਾ ਕਾਫਲਾ ਲਖੀਮਪੁਰ ਖੀਰੀ ਲਈ ਰਵਾਨਾ ਹੋ ਰਿਹਾ ਹੈ। ਇਹ ਕਾਫਲਾ ਨਵਜੋਤ ਸਿੱਧੂ ਦੀ ਅਗਵਾਈ ‘ਚ ਮੁਹਾਲੀ ਤੋਂ ਰਵਾਨਾ ਹੋਏਗਾ। ਕਾਂਗਰਸ ਨੇ ਹਰ ਵਿਧਾਇਕ ਨੂੰ 200 ਬੰਦੇ ਨਾਲ ਲੈ ਕੇ ਆਉਣ ਲਈ ਕਿਹਾ ਹੈ। ਮੰਤਰੀ ਤੇ ਵਿਧਾਇਕ ਆਪਣੇ ਹਮਾਇਤੀਆਂ ਨਾਲ ਚੰਡੀਗੜ੍ਹ ਏਅਰਪੋਰਟ ਵਾਲੇ ਚੌਕ ‘ਤੇ ਇਕੱਠੇ ਹੋ ਰਹੇ ਹਨ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਫਲੇ ਵਿੱਚ ਸ਼ਾਮਲ ਵਾਹਨਾਂ ਦੀ ਗਿਣਤੀ ਨੂੰ ਦੇਖ ਕੇ ਯੂਪੀ ਸਰਕਾਰ ਡਰ ਜਾਵੇਗੀ। ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਪਾਰਟੀ ਦੇ ਤਿੰਨ ਕਾਰਜਕਾਰੀ ਪ੍ਰਧਾਨਾਂ ਸੁਖਵਿੰਦਰ ਡੈਨੀ, ਪਵਨ ਗੋਇਲ ਅਤੇ ਸੰਗਤ ਸਿੰਘ ਗਿਲਜੀਆਂ ਨਾਲ ਮੀਟਿੰਗ ਕਰਕੇ ਰਣਨੀਤੀ ਤੈਅ ਕੀਤੀ। ਮੀਟਿੰਗ ਵਿੱਚ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਹਾਜ਼ਰ ਸਨ। ਪਰਗਟ ਨੇ ਦਾਅਵਾ ਕੀਤਾ ਕਿ ਯੂਪੀ ਜਾਣ ਵਾਲੇ ਕਾਫਲੇ ਵਿੱਚ 10,000 ਵਾਹਨ ਸ਼ਾਮਲ ਹੋਣਗੇ। ਸਿੱਧੂ ਨੇ ਸਾਰੇ ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ਨੂੰ ਵੀਰਵਾਰ ਨੂੰ ਲਖੀਮਪੁਰ ਖੇੜੀ ਲਈ ਰਵਾਨਾ ਹੋਣ ਲਈ ਜ਼ੀਰਕਪੁਰ ਵਿਖੇ ਇਕੱਠੇ ਹੋਣ ਲਈ ਕਿਹਾ ਹੈ।