ਅੰਮ੍ਰਿਤਸਰ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵੱਲੋਂ ਵਿੱਢੀ ਗਈ “ਧਰਮ ਜਾਗਰੂਕਤਾ ਲਹਿਰ” ਤਹਿਤ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਗੁਰਮਤਿ ਦੀ ਸਾਂਝ ਪਾਈ ‘ਤੇ ਉਨ੍ਹਾ ਨੂੰ ਬਾਣੀ ‘ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਮੇਂ ਦੇ ਹਾਣੀ ਬਣਨ ਨਾਲ ਵਿਕਾਸ ਦੀ ਗਤੀ ਕਦੇ ਨਹੀ ਰੁੱਕਦੀ ,ਜੋ ਇਨਸਾਨ ਸਮੇਂ ਦੇ ਨਾਲ ਨਹੀ ਚੱਲਦਾ ਉਹ ਦੁਨੀਆ ਦੀ ਭੀੜ ‘ਚ ਆਲੋਪ ਹੋ ਜਾਂਦਾ ਹੈ। ਮਨਜੀਤ ਸਿੰਘ ਭੋਮਾ ਅਨੁਸਾਰ ਸਿੱਖਾਂ ਦੇ ਬੱਚਿਆਂ ਨੂੰ ਆਪਣੇ ਧਰਮ ‘ਚ ਪ੍ਰਪੱਕ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਅੱਜ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਬੱਚਿਆਂ ਤੇ ਬਾਹਰਲੇ ਕੱਲਚਰ ਦਾ ਪ੍ਰਭਾਵ ਵੱਧ ਰਿਹਾ ਹੈ,ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।
ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਬਾਹਰੀ ਚੀਜ਼ਾਂ ਦਾ ਗਿਆਨ ਜਰੂਰੀ ਨਹੀ ਪਰ ਆਪਣੀ ਬੋਲੀ, ਸਿੱਖ਼ੀ,ਬਾਣੀ ‘ਤੇ ਬਾਣੇ ਨੂੰ ਨਹੀਂ ਵਿਸਾਰਨਾ ਚਾਹੀਦਾ । ਮਨਜੀਤ ਸਿੰਘ ਭੋਮਾ ਨੇ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਜਿਹੜੀ ਵੀ ਕੌਮ ਨੇ ਆਪਣੇ ਮੂਲ ਸਿਧਾਂਤ ਛੱਡ ਦਿੱਤੇ, ਉਸਦਾ ਕੋਈ ਵਾਲੀ ਵਾਰਸ ਨਹੀ ਰਿਹਾ । ਇਸ ਲਈ ਸਾਡੀ ਸਿੱਖ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਿੱਖ ਧਰਮ ਬਾਰੇ ਭਰਪੂਰ ਜਾਣਕਾਰੀ ਇਕੱਠੀ ਕਰੋ ਤਾਂ ਜੋ ਅਸੀ ਆਪਣੇ ਅਮੀਰ ਵਿਰਸੇ ਨਾਲ ਜੁੜ ਸਕਣ। ਪੰਜਾਬ ਭਰ ਮਾਝੇ ਦੇ ਸਰਹੱਦੀ ਪਿੰਡਾਂ ‘ਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਮਨਜੀਤ ਸਿੰਘ ਭੋਮਾ ਨੇ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਪ੍ਰਚਾਰਕਾਂ ਭਾਈ ਰਣਜੀਤ ਸਿੰਘ ਅਤੇ ਭਾਈ ਅੰਗਰੇਜ ਸਿੰਘ ਜਦੋਂ ਤੋਂ ਦਿੱਲੀ ਕਮੇਟੀ ਵਲੋਂ ਮੁਹਿੰਮ ਵਿੱਢੀ ਗਈ ਹੈ , ਉਸ ਸਮੇਂ ਤੋਂ ਹੀ ਸਾਡੇ ਨਾਲ ਜੁੜੇ ਹਨ ਤੇ ਕਰੀਬ 200 ਦੇ ਕਰੀਬ ਪਿੰਡਾਂ ਚ ਬਾਣੀ-ਬਾਣੇ ਦਾ ਪ੍ਰਸਾਰ ਕਰ ਰਹੇ ਹਨ । ਮਨਜੀਤ ਸਿੰਘ ਭੋਮਾ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਸ਼ਾਮ ਵੇਲੇ ਪਿੰਡਾਂ ‘ਚ ਧਾਰਮਿਕ ਫ਼ਿਲਮਾਂ ਵਿਖਾਈਆਂ ਜਾ ਰਹੀਆ ਹਨ।
ਇਹ ਲੜ੍ਹੀ ਨੂੰ ਅੱਗੇ ਤੋਰਦਿਆਂ ਪਿੰਡ ਸ਼ਾਮ ਨਗਰ, ਹਰੀਆਂ, ਫਤਿਹਗੜ੍ਹ ਸ਼ੁੱਕਰਚੱਕ, ਖੈਰਦੀਨ, ਸੰਗਤਪੁਰਾ, ਅਠਵਾਲ, ਨੂਰੁਪੂਰ, ਹਰਦੋਪੁਤਲੀ, ਕੱਚਾ ਪੱਕਾ ਆਦਿ ਕਰੀਬ ਦਰਜਨ ਪਿੰਡਾਂ ‘ਚ ਧਾਰਮਿਕ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਤੇ ਜਲਦ ਹੀ ਇਹ ਲੜੀ ਤਹਿਤ ਧਾਰਮਿਕ ਫਿਲਮਾਂ ਪੰਜਾਬ ਭਰ ‘ਚ ਵੀ ਦਿਖਾਈਆਂ ਜਾਣਗੀਆਂ। ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਲੋਂ ਬਹੁਤ ਵਧੀਆਂ ਸਹਿਯੋਗ ਮਿਲ ਰਿਹਾ ਹੈ ।ਸ ਭੋਮਾ ਅਨੁਸਾਰ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵਲੋਂ ਪੰਜਾਬ ‘ਚ ਧਰਮ ਪ੍ਰਚਾਰ,ਧਰਮ ਪਰਿਵਰਤਨ ਸਬੰਧੀ ਪੂਰੀ ਤਰਾਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਇਸ ਸਬੰਧੀ ਅੱਜ ਧਾਰਮਿਕ ਲਿਟਰੇਚਰ ਵੀ ਬੱਚਿਆਂ ਨੂੰ ਸੌਂਪ ਰਹੇ ਹਾਂ, ਜਿਸ ਚ ਸੰਖੇਪ ਤੌਰ ਤੇ ਸਾਰੀ ਜਰੂਰੀ ਜਾਣਕਾਰੀ ਹੈ। ਇਸ ਮੌਕੇ ਉਨ੍ਹਾਂ ਨਾਲ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ, ਮਾਸਟਰ ਪਲਵਿੰਦਰ ਸਿੰਘ, ਪਲਵਿੰਦਰ ਸਿੰਘ ਪੰਨੂ, ਦਲਜੀਤ ਸਿੰਘ ਪਾਖਰਪੁਰਾ, ਸੁਖਜਿੰਦਰ ਸਿੰਘ ਮਜੀਠੀਆ, ਕੁਲਦੀਪ ਸਿੰਘ ਮਜੀਠੀਆ, ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ, ਭਾਈ ਅੰਗਰੇਜ ਸਿੰਘ, ਭਾਈ ਕੁਲਬੀਰ ਸਿੰਘ, ਅਜ਼ਾਦ ਸਿੰਘ ਆਦਿ ਹਾਜ਼ਰ ਸਨ।