ਦੱਖਣੀ ਕੋਰੀਆ ਵਿਚ ਪਾਲਤੂ ਬਿੱਲੀ ਆਈ ਕੋਰੋਨਾ ਦੀ ਲਪੇਟ ਵਿਚ
ਸਿਓਲ, 25 ਜਨਵਰੀ: ਜਾਨ ਲੇਵਾ ਕੋਰੋਨਾ ਵਾਇਰਸ ਨਾਲ ਕਿਸੇ ਪਾਲਤੂ ਜਾਨਵਰ ਦੇ ਦੱਖਣੀ ਕੋਰੀਆ ਵਿਚ ਲਪੇਟ ਵਿਚ ਆਉਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬਿੱਲੀ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਦੱਖਣੀ ਸੂਬੇ ਗਿਓਂਗਸਾਂਗ ਦੇ ਜਿੰਜੂ ਸ਼ਹਿਰ ਵਿਚ ਸਿਹਤ ਵਿਭਾਗ ਨੂੰ ਇਸ ਤਰ੍ਹਾਂ ਦਾ ਮਾਮਲਾ ਮਿਲਿਆ। ਇੱਥੇ ਇੱਕ ਮਾਂ-ਧੀ ਨੇ ਇੱਕ ਬਿੱਲੀ ਅਤੇ ਉਸ ਦੇ ਦੋ ਬੱਚੇ ਪਾਲੇ ਹੋਏ ਹਨ। ਇਨ੍ਹਾਂ ਵਿਚੋਂ ਇੱਕ ਬੱਚੇ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਮਾਂ-ਧੀ ਦੋਵੇਂ ਹੀ ਕੋਰੋਨਾ ਦੀ ਲਪੇਟ ਵਿਚ ਆ ਗਏ। ਮੰਨਿਆ ਜਾ ਰਿਹਾ ਕਿ ਇਨ੍ਹਾਂ ਦੋਵਾਂ ਵਿਚੋਂ ਕਿਸੇ ਇੱਕ ਤੋਂ ਹੀ ਬਿੱਲੀ ਦੇ ਬੱਚੇ ਵਿਚ ਕੋਰੋਨਾ ਵਾਇਰਸ ਆਇਆ।
ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨੇ ਸਿਹਤ ਅਧਿਕਾਰੀਆਂ ਨੂੰ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਲਈ ਕਿਹਾ ਹੈ ਕਿ ਇਨਸਾਨਾਂ ਅਤੇ ਪਾਲਤੂ ਜਾਨਵਰਾਂ ਦੇ ਵਿਚ ਵਾਇਰਸ ਫੈਲਣ ਦੀ ਕਿੰਨੀ ਸੰਭਾਵਨਾ ਹੈ। ਜਾਂਚ ਦੇ ਨਤੀਜਿਆਂ ਤੋਂ ਅਜਿਹੇ ਲੋਕਾਂ ਨੂੰ ਜਾਣੂੰ ਕਰਾਉਣ ਦੇ ਲਈ ਕਿਹਾ ਹੈ ਕਿ ਜਿਨ੍ਹਾਂ ਦੇ ਕੋਲ ਪਾਲਤੂ ਜਾਨਵਰ ਹਨ । ਪਾਲਤੂ ਜਾਨਵਰਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੇ ਮਾਮਲੇ ਜਾਪਾਨ, ਹਾਂਗਕਾਂਗ ਅਤੇ ਬਰਾਜ਼ੀਲ ਵਿਚ ਸਾਹਮਣੇ ਆਉਂਦੇ ਰਹੇ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਚੀਨ ਵਿਚ ਆਈਸਕਰੀਮ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਸੀ। ਆਈਸ ਕਰੀਮ ਵਿਚ ਕੋਰੋਨਾ ਪਾਏ ਜਾਣ ਤੋ ਬਾਅਦ ਫੂਡ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਸੀ। ਆਈਸ ਕਰੀਮ ਵਿਚ ਕੋਰੋਨਾ ਵਾਇਰਸ ਪਾਏ ਜਾਣ ਤੋ ਬਾਅਦ ਉਸ ਬੈਚ ਦੇ ਸਾਰੇ ਡੱਬੇ ਵਾਪਸ ਮੰਗਾਏ ਗਏ ਸੀ। ਬੀਜਿੰਗ ਦੇ ਨੇੜੇ ਸਥਿਤ ਤਿਆਨਜਿਨ ਸ਼ਹਿਰ ਦੀ ਸਰਕਾਰ ਨੇ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਸ਼ਹਿਰ ਵਿਚ ਸਥਿਤ ਫੂਡ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਸ ਦੇ ਕਰਮੀਆ ਨੂੰ ਕੋਰੋਨਾ ਵਾਇਰਸ ਸਬੰਧੀ ਜਾਂਚ ਕੀਤੀ ਞਈ। ਕੋਰੋਨਾ ਨਾਲ ਅਮਰੀਕਾ ਵਿਚ ਰੋਜ਼ਾਨਾ ਕਰੀਬ ਚਾਰ ਹਜ਼ਾਰ ਦੇ ਆਸ ਪਾਸ ਮੌਤਾਂ ਹੋ ਰਹੀਆਂ ਹਨ। ਬਰਤਾਨੀਆ ਵਿਚ ਵੀ ਕੋਰੋਨਾ ਦੇ ਨਵੇਂ ਸਟਰੇਨ ਕਾਰਨ ਲੌਕਡਾਉਣ ਲਾਇਆ ਗਿਆ ਹੈ।