03 ਜੁਲਾਈ 2020, ਲੁਧਿਆਣਾ। ਅੱਜ ਵੱਖ ਵੱਖ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ਦੇ ਸੱਦੇ ਤਹਿਤ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲੁਧਿਆਣਾ ਦੇ ਫੇਸ 4, ਫੋਕਲ ਪੁਆਇੰਟ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਲਾਕੇ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਉੱਤੇ ਕੋਰੋਨਾ ਬਹਾਨੇ ਸਰਮਾਏਦਾਰਾਂ ਦੇ ਪੱਖ ਵਿੱਚ ਮਜ਼ਦੂਰ ਜਮਾਤ ਦੇ ਹੱਕਾਂ ਦੇ ਘਾਣ ਕਰਨ ਦਾ ਦੋਸ਼ ਲਾਉਂਦੇ ਹੋਏ ਕਿਰਤ ਕਨੂੰਨਾਂ ਵਿੱਚ ਸੋਧਾਂ ਰੱਦ ਕਰਨ, ਕਿਰਤ ਹੱਕ ਲਾਗੂ ਕਰਾਉਣ, ਕਿਰਤ ਕਨੂੰਨਾਂ ਦੀ ਉਲੰਘਣਾ ਕਰਨ ਵਾਲ਼ੇ ਸਰਮਾਏਦਾਰਾਂ ਨੂੰ ਸਖਤ ਸਜਾਵਾਂ ਦੇਣ, ਪੂਰਨਬੰਦੀ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਲਈ ਮੁਆਵਜਾ, ਛਾਂਟੀਆਂ ‘ਤੇ ਰੋਕ ਲਾਉਣ, ਬੰਦ ਤੇ ਮੰਦੀ ਦੇ ਸਮੇਂ ਦੀ ਪੂਰੀ ਤਨਖਾਹ ਦੇਣ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ, ਸਾਰੀਆਂ ਬਿਮਾਰੀਆਂ ਦੇ ਮੁਫ਼ਤ ਇਲਾਜ, ਕੱਚੇ ਸਿਹਤ ਕਾਮਿਆਂ ਨੂੰ ਪੱਕਾ ਕਰਨ, ਸਾਰੀਆਂ ਸਿਹਤ ਸਹੂਲਤਾਂ ਦੇ ਸਰਕਾਰੀਕਰਨ, ਸਾਰੇ ਮਜ਼ਦੂਰਾਂ ਨੂੰ ਮੁਫ਼ਤ ਅਨਾਜ਼ ਦੇਣ, ਜਨਤਕ ਵੰਡ ਪ੍ਰਣਾਲੀ ਦਾ ਪ੍ਰਸਾਰ ਕਰਨ, ਕੋਰੋਨਾ ਬਹਾਨੇ ਸਰਮਾਏਦਾਰਾਂ ਨੂੰ ਰਾਹਤ ਪੈਕੇਜ ਦੇ ਨਾਂ ’ਤੇ ਕਿਰਤੀ ਲੋਕਾਂ ਦਾ ਪੈਸਾ ਲੁਟਾਉਣਾ ਬੰਦ ਕਰਨ ਤੇ ਉਹਨਾਂ ’ਤੇ ਭਾਰੀ ਟੈਕਸ ਲਾ ਕੇ ਮਜ਼ਦੂਰਾਂ-ਕਿਰਤੀਆਂ ਨੂੰ ਸਹੂਲਤਾਂ ਦੇਣ, ਮਹਿੰਗਾਈ ਨੂੰ ਨੱਥ ਪਾਉਣ ਆਦਿ ਮੰਗਾਂ ਉਠਾਈਆਂ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਹਕੂਮਤ ਨੂੰ ਫਾਸੀਵਾਦੀ ਹਕੂਮਤ ਕਰਾਰ ਦਿੰਦੇ ਹੋਏ ਜਮਹੂਰੀ ਹੱਕਾਂ ਉੱਤੇ ਡਾਕੇ ਬੰਦ ਕਰਨ, ਝੂਠੇ ਪੁਲਿਸ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕੇ ਜਮਹੂਰੀ ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਤੁਰੰਤ ਰਿਹਾ ਕਰਨ, ਨਾਜਾਇਜ਼ ਗ੍ਰਿਫਤਾਰੀਆਂ ਬੰਦ ਕਰਨ ਦੀ ਮੰਗ ਵੀ ਕੀਤੀ।
ਮੁਜ਼ਾਹਰੇ ਨੂੰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਯੂਨੀਅਨ ਆਗੂਆਂ ਜਸਮੀਤ, ਵਿਮਲਾ ਤੇ ਨੌਜਵਾਨ ਭਾਰਤ ਸਭਾ ਦੇ ਨਵਜੋਤ ਨੇ ਸੰਬੋਧਿਤ ਕੀਤਾ।