ਫ਼ਰੀਦਕੋਟ: ਦਿੱਲੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਵਿਰੁੱਧ ਹੁਣ ਪੰਜਾਬ ਦੇ ਫ਼ਰੀਦਕੋਟ ’ਚ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਹੋ ਗਿਆ ਹੈ। ਇੱਕ ਦਿਨ ਪਹਿਲਾਂ ਸਿੱਧੂ ਨੇ ਜੈਤੋ ਦੇ ਪਿੰਡਾਂ ਵਿੱਚ ਕਿਸਾਨ ਅੰਦੋਲਨ ਲਈ ਮੀਟਿੰਗਾਂ ਕੀਤੀਆਂ ਸਨ। ਫ਼ਰੀਦਕੋਟ ਪੁਲਿਸ ਨੇ ਥਾਣਾ ਜੈਤੋ ’ਚ ਸਿੱਧੂ ਵਿਰੁੱਧ ਕੇਸ ਦਰਜ ਕੀਤਾ ਹੈ।ਦਿੱਲੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਨੇ ਬੀਤੇ ਦਿਨੀ ਆਪਣੇ ਜੱਦੀ ਪਿੰਡ ਉਦੇਕਰਣ ’ਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੇ ਵਾਸੀਆਂ ਉੱਤੇ ਮਾਣ ਹੈ, ਜਿਨ੍ਹਾਂ ਨੇ ਸੰਕਟ ਦੇ ਸਮੇਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਦਾ ਮੰਤਵ ਦੇਸ਼ ਦੇ ਤਿਰੰਗੇ ਝੰਡੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਦੇਸ਼ ਤੋਂ ਹੀ ਅਸੀਂ ਲੋਕ ਹਾਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਵਿੱਚ ਆਉਣ ਦਾ ਮੰਤਵ ਨਹੀਂ ਹੈ। ਉਹ ਤਾਂ ਬੱਸ ਕਿਸਾਨਾਂ ਨੂੰੰ ਅੰਦੋਲਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਜਿਵੇਂ ਕਿਸਾਨ ਅੰਦੋਲਨ ’ਚ ਜੋਸ਼ ਸੀ, ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵੀ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਸੀ ਪਰ ਹੁਣ 26 ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਨੂੰ ਸਹੀ ਰਣਨੀਤੀ ਨਹੀਂ ਮਿਲ ਰਹੀ; ਜਿਸ ਤੋਂ ਲੱਗਦਾ ਹੈ ਕਿ ਕਿਸਾਨ ਭਰਾ ਜਿੱਥੋਂ ਪਹਿਲਾਂ ਚੱਲੇ ਸਨ, ਹੁਣ ਵੀ ਉੱਥੇ ਹੀ ਹਨ।ਇਸ ਤੋਂ ਪਹਿਲਾਂ ਦੀਪ ਸਿੱਧੂ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਦੀਪ ਸਿੱਧੂ ਨੇ ਪਿੰਡ ਉਦੇਕਰਣ ਤੋਂ ਇਲਾਵਾ ਪਿੰਡ ਚੌਤਰਾ, ਸੱਕਾਂਵਾਲੀ, ਕਬਰਵਾਲੀ ਤੇ ਪਿੰਡ ਬਧਾਈ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਅੱਗੇ ਵਧਾਉਣ ਲਈ ਨਵੀਂ ਰਣਨੀਤੀ ਤਿਆਰ ਕਰਨ ਉੱਤੇ ਜ਼ੋਰ ਦਿੱਤਾ।ਕਿਸਾਨ ਟ੍ਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਨੇ ਬੀਤੀ 8 ਅਪ੍ਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਰਜ਼ੀ ਤਰੀਕੇ ਨਾਲ ਇਸ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਪਰ ਸਰਕਾਰੀ ਧਿਰ ਨੇ ਇਸ ਜ਼ਮਾਨਤ ’ਤੇ ਇਤਰਾਜ਼ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਸੀ।