More

    ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਮਨਜਿੰਦਰ ਸਿਰਸਾ ਗੁਰਬਾਣੀ ਅਤੇ ਪੰਜਾਬੀ ਨਾ ਪੜ੍ਹ ਸਕਣ ਕਰਕੇ ਮੁੜ ਮੈਂਬਰ ਬਣਨ ‘ਚ ਰਹੇ ਨਾਕਾਮ

    ਨਵੀਂ ਦਿੱਲੀ, 22 ਸਤੰਬਰ (ਬੁਲੰਦ ਆਵਾਜ ਬਿਊਰੋ) – ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ। ਇਹ ਹੈਰਾਨੀ ਕਰਨ ਵਾਲਾ ਖੁਲਾਸਾ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨੇ ਕੀਤਾ ਹੈ। ਦਿੱਲੀ ਹਾਈ ਕੋਰਟ ਦੇ ਆਦੇਸ਼ ‘ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਸਿਰਸਾ ਦੀ ਧਾਰਮਿਕ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਗੁਰਮੁਖੀ ਪੜ੍ਹਨ-ਲਿਖਣ ‘ਚ ਸਫਲ ਨਹੀਂ ਹੋ ਸਕੇ। ਇਸ ਲਈ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦਗੀ ਅੱਜ ਰੱਦ ਕਰ ਦਿੱਤੀ ਹੈ। ਬੋਰਡ ਦਾ ਦਾਅਵਾ ਹੈ ਕਿ ਸਿਰਸਾ ਦੇ ਗੁਰਮੁਖੀ ਦੇ ਇਮਤਿਹਾਨ ਵਿੱਚ ਨਾਕਾਮ ਰਹਿਣ ਕਾਰਨ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ।

    ਚੋਣ ਬੋਰਡ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਆਪਣੇ ਫ਼ੈਸਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਦੇ ਸੈਕਸ਼ਨ 10 ਵਿੱਚ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਸਿਰਸਾ ਨੂੰ ਅਯੋਗ ਕਰਾਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਪਰ ਲਿਖੀ ਗੁਰਬਾਣੀ ਉਹ ਨਹੀਂ ਪੜ੍ਹ ਸਕੇ। ਆਪਣੀ ਮਰਜ਼ੀ ਦੇ ਕੁੱਲ 46 ਸ਼ਬਦ ਵੀ ਉਨ੍ਹਾਂ ਨੇ ਗੁਰਮੁਖੀ ਵਿੱਚ ਲਿਖਣੇ ਸਨ, ਜਿਨ੍ਹਾਂ ਵਿੱਚੋਂ 27 ਅਸ਼ੁੱਧ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਦੀ ਨਾਮਜ਼ਦਗੀ ਨੂੰ ਚੁਣੌਤੀ ਦਿੱਤੀ ਸੀ। ਉਧਰ, ਸਿਰਸਾ ਨੇ ਕਿਹਾ ਕਿ ਚੋਣ ਬੋਰਡ ਦੇ ਡਾਇਰੈਕਟਰ ਤੋਂ ਇਹੀ ਉਮੀਦ ਸੀ ਕਿਉਂਕਿ ਉਹ ਵਿਰੋਧੀਆਂ ਨਾਲ ਮਿਲ ਕੇ ਇੱਕਪਾਸੜ ਕਦਮ ਪੁੱਟ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਫ਼ੈਸਲੇ ਦਿੰਦੇ ਆਏ ਸਨ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇਸ ਦਾ ਨਿਤਾਰਾ ਹੋ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img