ਦਮਦਮੀ ਟਕਸਾਲ ਨੂੰ ਅਮਿਤ ਸ਼ਾਹ ਦੇ ਹਿੰਦੀ ਬਾਰੇ ਬਿਆਨ ‘ਤੇ ਇਤਰਾਜ਼
ਅਮ੍ਰਿਤਸਰ ( ਰਛਪਾਲ ਸਿੰਘ) ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਰਾਸ਼ਟਰ ਇਕ ਭਾਸ਼ਾ ਦੇ ਵਿਵਾਦਿਤ ਪ੍ਰਸਤਾਵ ਪ੍ਰਤੀ ਦੱਖਣੀ ਰਾਜਾਂ ਤੋਂ ਬਾਅਦ ਉਤਰੀ ਰਾਜਾਂ ਤੋਂ ਵੀ ਉਠ ਰਹੀਆਂ ਵਿਰੋਧੀ ਸੁਰਾਂ ਤੇਜ ਹੋ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਾਹ ਦੇ ਪ੍ਰਸਤਾਵ ਨੂੰ ਮੂਲੋਂ ਖਾਰਜ਼ ਕਰਦਿਆਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਪ੍ਰਤੀ ਦਿਤੇ ਗਏ ਹੋਕੇ ਲਈ ਉਸ ਦੀ ਬੌਧਿਕਤਾ ‘ਤੇ ਵਿਅੰਗ ਕਸਿਆ ਅਤੇ ਇਸ ਨੂੰ ਨੀਮ ਹਕੀਮ ਖਤਰਾ ਏ ਹਿੰਦ ਕਿਹਾ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਤੀਤ ਦੌਰਾਨ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਦੇਸ਼ ਨੂੰ ਦਿਸ਼ਾਹੀਨਤਾ ਵਲ ਧਕੇਲਿਆ ਤੇ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦੁਖਾਂਤ ਦਾ ਸਾਹਮਣਾ ਕਰਨਾ ਪਿਆ। ਅਪਣੇ ਪ੍ਰਤੀਕਰਮ ਚ ਉਨ੍ਹਾਂ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰੁਤਬੇ ਪ੍ਰਤੀ ਗੈਰਜਿਮੇਦਾਰੀ, ਗੁਮਰਾਕੁਨ ਅਤੇ ਦੂਜਿਆਂ ਭਾਸ਼ਾਵਾਂ ਬੋਲੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਦੇ ਨਾਲ ਨਾਲ ਤੰਗ ਨਜ਼ਰੀਏ ਵਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਬਹੁ ਸਭਿਆਚਾਰਿਕ ਤੇ ਬਹੁ ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮੁਤਾਬਿਕ ਸਾਰੀਆਂ ਭਾਸ਼ਾਵਾਂ ਬੋਲੀਆਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਉੱਤੇ ਇਕ ਵਿਸ਼ੇਸ਼ ਭਾਸ਼ਾ ਠੋਸਿਆ ਜਾਵੇਗਾ ਤਾਂ ਦੇਸ਼ ਚ ਬੇਚੈਨੀ ਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ। ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਨਹੀਂ ਸਗੋਂ ਬਹੁਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ। ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜ੍ਹਾ ਕਰਨ ਵਾਲੀ ਸ਼ਾਹ ਦੀ ਪ੍ਰਵਿਰਤੀ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਚ ਗਲਤ ਸੰਕੇਤ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਹ ਨੂੰ ਦਿਸ਼ਾਹੀਣ ਨਾਅਰਾ ਦੇਣ ਦੀ ਥਾਂ ਸਾਰੀਆਂ ਭਾਸ਼ਾਵਾਂ ਦੀ ਪ੍ਰਫੁਲਿਤਾ ਤੇ ਹਿਤੈਸ਼ੀ ਵਿਵਸਥਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਦਾ ਵਤੀਰਾ ਘੱਟ ਗਿਣਤੀਆਂ ਨੂੰ ਹਿਫਾਜ਼ਤ ਮੁਹਇਆ ਕਰਨ ਦੀ ਥਾਂ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਜਾ ਸਕਦਾ ਹੈ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਥਾਂ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੰਵਿਧਾਨ ਦੀ ਰੂਹ ਮੁਤਾਬਿਕ ਸਹੀ ਅਰਥਾਂ ਚ ਫੈਡਰਲ ਰਾਜ ਬਣਾਉਣ (ਸੰਘੀ ਢਾਂਚਾ ਲਾਗੂ ਕਰਨ) ਦੀ ਲੋਡ਼ ਹੈ।ਉਨ੍ਹਾਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣ ਦੀ ਅਪੀਲ ਕੀਤੀ।
- Advertisment -