ਅੰਮ੍ਰਿਤਸਰ, 20 ਅਕਤੂਬਰ (ਗਗਨ) – ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਗ੍ਰੀਨ ਐਵੀਨਿਊ ‘ਚ ਇਕ ਕੋਠੀ ‘ਚ ਹੋਈ ਲੁੱਟ ਦੇ ਮਾਮਲੇ ‘ਚ ਦੋ ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਔਰਤ ਪਾਸੋਂ ਲੁੱਟੀਆਂ ਸੋਨੇ ਦੀਆਂ 20 ਗ੍ਰਾਮ ਦੀਆਂ ਦੋ ਚੂੜੀਆਂ ਅਤੇ ਵਾਰਦਾਤ ਸਮੇਂ ਵਰਤੇ ਗਏ ਕ੍ਰਿਪਾਨ ਤੇ ਦਾਤਰ ਵੀ ਬਰਾਮਦ ਕਰ ਲਏ ਹਨ। ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਜਸਪ੍ਰਰੀਤ ਸਿੰਘ ਉਰਫ਼ ਪ੍ਰਿੰਸ, ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਤੇ ਅਰਸ਼ਦੀਪ ਸਿੰਘ ਉਰਫ਼ ਆਸੂ ਵਜੋਂ ਹੋਈ ਹੈ।
ਥਾਣਾ ਸਿਵਲ ਲਾਈਨਜ਼ ‘ਚ ਪ੍ਰਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏਸੀਪੀ (ਉੱਤਰੀ) ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗ੍ਰੀਨ ਐਵੀਨਿਊ ‘ਚ ਬੀਤੀ 8 ਅਕਤੂਬਰ ਨੂੰ ਦੁਪਿਹਰ ਸਮੇਂ ਪ੍ਰਭਾ ਟੰਡਨ ਦੀ ਘਰ ਵਿਚ ਅਣਪਛਾਤੇ ਵਿਅਕਤੀਆਂ ਨੇ ਦਾਖ਼ਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਦੌਰਾਨ ਲੁਟੇਰੇ ਪ੍ਰਭਾ ਟੰਡਨ ਪਾਸੋਂ ਦੋ ਸੋਨੇ ਦੀਆਂ ਚੂੜੀਆਂ (ਵਜ਼ਨ 20 ਗ੍ਰਾਮ), ਉਨ੍ਹਾਂ ਦਾ ਮੋਬਾਈਲ ਫੋਨ ‘ਤੇ ਉਨ੍ਹਾਂ ਦੇ ਡਰਾਈਵਰ ਰਵੀ ਯਾਦਵ ਦੇ ਬੱਚਿਆਂ ਕੋਲੋਂ 3 ਮੋਬਾਈਲ ਫੋਨ ਹਥਿਆਰਾਂ ਦੇ ਜ਼ੋਰ ‘ਤੇ ਖੋਹ ਕੇ ਲੈ ਗਏ ਸਨ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਥਾਣਾ ਸਿਵਲ ਲਾਈਨਜ਼ ਦੇ ਐੱਸ.ਐੱਚ.ਓ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਸਾਥੀ ਮੁਲਾਜ਼ਮਾਂ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਜਸਵਿੰਦਰ ਕੌਰ ਵਾਸੀ ਸਹਿਬਜ਼ਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ ਜੋ ਕਿ ਪ੍ਰਭਾ ਟੰਡਨ ਕੋਲ ਸਤੰਬਰ 2021 ‘ਚ ਕੇਅਰ ਟੇਕਰ ਵਜੋਂ ਨੌਕਰੀ ‘ਤੇ ਲੱਗੀ ਸੀ ਤੇ 3 ਮਾਰਚ ਨੂੰ ਨੌਕਰੀ ਛੱਡ ਗਈ ਸੀ।
ਉਸ ਨੂੰ ਪੁੱਛਗਿੱਛ ‘ਤੇ ਉਸ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਉਸ ਦੇ ਜਵਾਈ ਜਸਪ੍ਰਰੀਤ ਸਿੰਘ ਉਰਫ਼ ਪ੍ਰਿੰਸ ਤੇ ਜਵਾਈ ਦਾ ਭਰਾ ਅਰਸ਼ਦੀਪ ਸਿੰਘ ਉਰਫ਼ ਆਸੂ ਨਾਮਜ਼ਦ ਹੋਏ ਸਨ।ਏਸੀਪੀ (ਉੱਤਰੀ) ਸਰਬਜੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਦੀ ਵਾਰਦਾਤ ਦੇ ਫ਼ਰਾਰ ਦੋਵੇਂ ਮੁਲਜ਼ਮਾਂ ਜਸਪ੍ਰਰੀਤ ਸਿੰਘ ਉਰਫ਼ ਪ੍ਰਿੰਸ ਤੇ ਉਸ ਦੇ ਭਰਾ ਅਰਸ਼ਦੀਪ ਸਿੰਘ ਉਰਫ਼ ਆਸੂ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲੋਂ ਲੁੱਟੀਆਂ ਹੋਈਆਂ ਸੋਨੇ ਦੀਆਂ ਚੂੜੀਆਂ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਦਾਤਰ ਤੇ ਕ੍ਰਿਪਾਨ ਵੀ ਬਰਾਮਦ ਕਰ ਲਏ ਹਨ। ਇਸ ਮੌਕੇ ਥਾਣਾ ਸਿਵਲ ਲਾਈਨਜ਼ ਦੇ ਐੱਸ.ਐੱਚ.ਓ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਵੀ ਮੌਜੂਦ ਸਨ।