More

    ਢੀਂਡਸੇ ਦਾ ਅਕਾਲੀ ਦਲ ਦਾ ਪ੍ਰਧਾਨ ਬਣਨ ਪਿੱਛੇ ਕੀ ਕਾਰਨ

                                                                              ਪੱਤਰਕਾਰ ਸ: ਸੁਖਦੇਵ ਸਿੰਘ 

    ਉੱਤਰੀ ਭਾਰਤ ਵਿਚ ਪਰਵਾਰਵਾਦੀ ਰਾਜਨੀਤੀ ਦਾ ਬਾਨੀ ਨਹਿਰੂ ਹੋਇਆ ਹੈ। ਪਰਵਾਰਵਾਦ ਅਪਣੇ ਆਪ ਵਿਚ ਵਧੇਰੇ ਖਤਰਨਾਕ ਨਹੀਂ ਹੁੰਦਾ ਪਰ ਇਸ ਦੀ ਮਾੜੀ ਆਦਤ ਇਹ ਹੈ ਕਿ ਇਹ ਅਪਣੇ ਨਾਲ ਤਾਨਾਸ਼ਾਹੀ ਲੈ ਕੇ ਚਲਦਾ ਹੈ | ਹੈਂਕੜ ਤੇ ਹਉਮੈ ਇਸ ਦਾ ਅਟੁਟ ਭਾਗ ਰਹਿੰਦੀ ਹੀ ਹੈ | ਇਹ ਰਾਜਸੀ ਬੀਮਾਰੀ ਫੈਲਦੀ ਮਹਾਂਮਾਰੀ ਦੀ ਗਤੀ ਨਾਲ ਹੈ |

    ਇਸੇ ਰਾਜਨੀਤੀ ਦਾ ਮੰਤਕੀ ਅੰਜਾਮ ਅਜੋਕੀ ਭਾਰਤੀ ਰਾਜਨੀਤੀ ਹੈ ਜੋ ਵਖਰੇ ਕਿਸਮ ਦੇ ਪਰਵਾਰਵਾਦ ਨਾਲ ਹਾਜ਼ਰ ਹੈ ਅਤੇ ਜੋ ਸਾਰੇ ਦਖਣੀ ਏਸ਼ੀਆ ਨੂੰ ਭਿਆਨਕ ਯੁਧਾਂ ਜੰਗਾਂ ਅਤੇ ਤਸਾਦਮਾਂ ਵਲ ਧੱਕ ਰਹੀ ਹੈ |

    ਨਹਿਰੂ ਅਪਣੇ ਆਪ ਨੂੰ ਲੋਕਰਾਜੀ ਆਗੂ ਅਖਵਾ ਕੇ ਖੁਸ਼ ਹੁੰਦਾ ਸੀ | ਪਰ ਉਸ ਨੇ 1957 ਵਿਚ ਅਪਣੀ ਧੀ ਇੰਦਰਾ ਗਾਂਧੀ ਨੂੰ ਕਾਂਗਰਸ ਪਰਧਾਨ ਬਨਾਉਣ ਦਾ ਮਨ ਬਣਾ ਲਿਆ | ਲਾਬੀਇੰਗ ਸ਼ੁਰੂ ਹੋਈ | ਪੁਰਾਣੇ ਸਾਥੀ ਬੁੜਬੁੜ ਕਰਨ ਲਗੇ | ਪੰਡਤ ਪੰਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸਹਿਜ ਭਾਸ਼ਾ ਵਿਚ ਇਤਰਾਜ਼ ਕੀਤਾ : ” ਪੰਡਤ ਜੀ, ਬਿਟੀਆ ਬਹੁਤ ਨਾਜ਼ਕ ਹੈ, ਇਤਨਾ ਜ਼ੋਖਮ ਝੇਲ ਨਹੀਂ ਪਾਏਗੀ !” ਨਹਿਰੂ ਨੇ ਫਟਾਫਟ ਇੰਦਰਾ ਦੇ ਰਿਸ਼ਟ ਪੁਸ਼ਟ ਹੋਣ ਦਾ ਦਾਅਵਾ ਕੀਤਾ | ਅਮਲੀ ਰੂਪ ਵਿਚ ਇਹ ਦਾਅਵਾ ਗ਼ਲਤ ਨਹੀਂ ਸੀ |

    ਖੈਰ ਦਿਲੀ ਦੇ ਸਿੰਘਾਸਣ ਉਪਰ ਅੰਗਰੇਜ਼ਾਂ ਤੋਂ ਪਹਿਲਾਂ ਦੀ ਰਾਜ ਵਿਧੀ ਦੀ ਵਾਪਸੀ ਦਾ ਨੀਂਹ ਪੱਥਰ ਰਖਿਆ ਗਿਆ | ਇੰਜ ਇਕ-ਤਿਹਾਈ ਸਦੀ ਲਈ ਰੋਡ-ਮੈਪ ਤਿਆਰ ਹੋ ਗਿਆ ਜੋ ਜਾ ਕੇ ਮੁਸ਼ਕਲ ਨਾਲ 1989 ਵਿਚ ਸਮਾਪਤ/ਸਸਪੈਂਡ ਹੋਇਆ |

    ਖਤਮ ਭਾਵੇਂ ਹੋ ਗਿਆ ਪਰ ਇਹ ਦੇਸ ਲਈ ਵਡੀਆਂ ਸਮਸਿਆਵਾਂ ਖੜੀਆਂ ਕਰ ਗਿਆ | ਬਚੇ ਖੁਚੇ ਫੈਡਰਲ ਢਾਂਚੇ ਦੀਆਂ ਜੜਾਂ ਵਢ ਗਿਆ, ਧਾਰਾ 356 ਦੀ ਵਰਤੋਂ ਲਿਪ ਸਟਿਕ ਤੋਂ ਵੀ ਤੇਜ਼ ਗਤੀ ਨਾਲ ਹੋਈ, ਵਿਰੋਧੀ ਪਾਰਟੀਆਂ ਦੀ ਤੋੜ ਭੰਨ, ਵਿਧਾਇਕਾਂ ਦੀ ਖਰੀਦੋ ਫਰੋਖਤ ਦਿਨ ਪ੍ਰਤੀ ਦਿਨ ਵਾਲਾ ਵਿਹਾਰ ਬਣ ਗਿਆ | ਰਾਜਪਰਬੰਧ ਅੰਦਰ ਭਿ੍ਸ਼ਟਾਚਾਰ ਦਾ ਬੋਲਬਾਲਾ, ਪੰਜਾਬ ਅਤੇ ਕਸ਼ਮੀਰ ਅੰਦਰ ਵਡੇ ਰਾਜਸੀ ਉਬਾਲ, ਦੇਸ ਅੰਦਰ ਫਿਰਕੂ ਘਿ੍ਣਾ ਅਤੇ ਫੌਜੀਕਰਨ ਦਾ ਉਭਾਰ, ਵਿਕਾਸ ਦੀ “ਹਿੰਦੂ ਦਰ”, ਆਰਥਕ ਸੰਕਟ, ਬੇਰੁਜ਼ਗਾਰੀ, ਅਤੇ ਰਿਜ਼ਰਵ ਬੈਂਕ ਦੇ ਸੋਨੇ ਦੇ ਭੰਡਾਰਾਂ ਦਾ ਗਹਿਣੇ ਹੋਣਾ ਇਸ ਸਭ ਕੁਛ ਦੀਆਂ ਜੜਾਂ ਵਿਚ ਜੇ ਪਰਵਾਰਵਾਦ ਨਹੀਂ ਤਾਂ ਹੋਰ ਕੀ ਸੀ ?

    ਇਸ ਰਾਜਨੀਤਕ ਵਿਧੀ ਨੇ ਕੋਈ ਘਰ ਤਾਂ ਅਛੁਹ ਛਡਿਆ ਹੋਵੇ ! ਥਾਂ ਥਾਂ ਕਾਊਂਟਰ ਮੈਗਨੈਟਿ ਉਭਰਨੇ ਸ਼ੁਰੂ ਹੋ ਗਏ | ਪੰਜਾਬ ਅਤੇ ਸਿਖ ਵੀ ਇਸ ਦੀ ਜਕੜ ਵਿਚ ਆਉਣੋ ਨਾ ਬਚ ਸਕੇ | ਮਾਸਟਰ ਤਾਰਾ ਸਿੰਘ ਅਕਾਲੀ ਦਲ ਦੀ ਅਗਵਾਈ ਕਰ ਰਹੇ ਸਨ | ਸਿਖਾਂ ਅੰਦਰ ਪਰਵਾਰਵਾਦ ਦੀ ਕੋਈ ਪੁਛ ਦਸ ਨਹੀਂ ਸੀ | ਪਰ ਪੰਜਾਬੀ ਸੂਬੇ ਦੀ ਤਹਿਰੀਕ ਵਿਚ ਥਕਾਵਟ ਆ ਗਈ ਸੀ | ‘ਅਚਿੰਤੇ ਬਾਜ’ ਦਾਅ ਉਤੇ ਸਨ | ਉਹ ਰਾਜਸਥਾਨ ਦੇ ਬੁਢੇ ਜੌਹੜ ਤੋਂ ਸਵਾ ਕੁੰਅਟਲ ਭਾਰਾ ਫਤਹਿ ਸਿੰਘ ਨਾਂ ਦਾ ਇਕ ਸਾਧ ਚੁਕ ਲਿਆਏ ਜਿਸ ਨੇ ਕੇਂਦਰ ਦੇ ਸਮਰਥਨ ਨਾਲ ਮਾਸਟਰ ਤਾਰਾ ਸਿੰਘ ਨੂੰ ਸਿਖ ਸਿਆਸਤ ਤੋਂ ਬਾਹਰ ਕਢ ਦਿਤਾ | ਇਸ ਸਾਧ ਦੀ ਮੁਠੀ ਚਾਪੀ ਬਾਦਲ ਦੇ ਘਰ ਹੁੰਦੀ ਸੀ | ਪਰ ਫੇਰ ਵੀ ਸਿਖ ਸਿਆਸਤ ਦੀ ਸੰਮੂਹਕਤਾ ਕਿਸੇ ਤਰਾਂ ਔਖੇ ਸੌਖੇ 18 ਸਾਲ ਕੱਟ ਗਈ | 1977 ਵਿਚ ਚੌਥੀ ਵਾਰ ਅਕਾਲੀ ਸਰਕਾਰ ਬਣੀ | ਬਾਦਲ ਫਿਰ ਅਗਵਾਈ ਵਿਚ ਸੀ | ਉਸ ਨੇ 1967 ਤੋਂ ਜੰਨ ਸੰਘ/ਬੀਜੇਪੀ ਨਾਲ ਚਲਦੀ ਆਈ ਗਾਂਢ-ਸਾਂਢ ਜਾਰੀ ਹੀ ਨਾ ਰਖ ਕੇ ਹੋਰ ਪੱਕੀ ਕਰ ਲਈ | ਇਸੇ ਸਮੇਂ ਉਸ ਨੇ ਡੇਰਿਆਂ ਨਾਲ ਨੇੜਤਾ ਬਨਾਉਣੀ ਸ਼ੁਰੂ ਕੀਤੀ ਅਤੇ 1978 ਵਿਸਾਖੀ ਵਾਲੇ ਭਾਣੇ ਨੂੰ ਅਪਣੇ ਹੱਥੀਂ ਜਥੇਬੰਦ ਕਰਵਾਇਆ | ਉਹ ਪੰਥਕ ਸ਼ਬਦਾਵਲੀ ਵਰਤਦਾ ਪਰ ਢਿਡੋਂ ਪਰੰਪਰਾਗਤ ਕਲਿਆਣਕਾਰੀ ਸਿਖ ਰਾਜਨੀਤੀ ਨਾਲ ਖਹਿ ਰਖ ਰਿਹਾ ਸੀ | ਉਸ ਨੇ ਇੰਦਰਾ ਗਾਂਧੀ ਦੀ ਤਰਜ਼ ਤੇ “ਹੁਕਮਰਾਨ” ਅਕਾਲੀ ਦਲ ਦੇ ਪਰਧਾਨ ਉਪਰ ਸਿੱਧੇ ਹਮਲੇ ਸ਼ੁਰੂ ਕਰ ਦਿਤੇ | ਜਗਦੇਵ ਸਿੰਘ ਤਲਵੰਡੀ ਨੂੰ ਅਫੀਮ ਵਿਕਰੇਤਾ ਦਸ ਕੇ ਬਦਨਾਮ ਕੀਤਾ | ਪਰਧਾਨਗੀ ਤੋਂ ਲਾਹਿਆ | ਲਾਹੁਣ ਪਿਛੋਂ ਹਰਚੰਦ ਸਿੰਘ ਲੌਂਗੋਵਾਲੀਏ ਨਾਂ ਦੇ ਨਵੇਂ ਸਾਧ ਨੂੰ ਪਾਰਟੀ ਪਰਧਾਨ ਵਜੋਂ ਲੈ ਆਇਆ | ਹੱਕ ਸੱਚ ਦਾ ਮੋਰਚਾ ਲਗਾ, ਚਲਦਾ ਰਿਹਾ ਪਰ ਜਨਤਕ ਐਕਸ਼ਨ ਉਨਾਂ ਦੀਆਂ ਸੌੜੀਆਂ ਨਿਜਪਰਸਤ ਵਿਉਂਤਬੰਦੀਆਂ ਤੋਂ ਬਾਹਰ ਨਿਕਲ ਗਿਆ | ਲੌਂਗੋਵਾਲ ਅਤੇ ਬਾਦਲ ਦੋਵੇਂ ਹਥ ਮਲਦੇ ਰਹਿ ਗਏ |

    1982-84 ਦੇ ਢਾਈ ਸਾਲ ਸਿਖ ਰਾਜਸੀ ਪਰੰਪਰਾਵਾਂ ਅਤੇ ਦਿੱਲੀ ਦੇ ਦੱਲਪੁਣੇ ਵਿਚਕਾਰ ਸੰਘਰਸ਼ ਦਾ ਦੌਰ ਸੀ ਜਿਸ ਵਿਚ ਦਿਲੀ ਜਿੱਤ ਗਈ, ਸਿਖ ਪਰੰਪਰਾਗਤ ਰਾਜਨੀਤੀ ਨੂੰ ਭਾਰੀ ਢਾਹ ਲਗੀ | ਇਸ ਢਾਹ ਤੋਂ ਸਿਖ ਰਾਜਨੀਤੀ ਅਜ ਤਕ ਵੀ ਸੰਭਲ ਨਹੀਂ ਪਾਈ | ਇਸ ਉਪਰ ਰਾਜਸੀ ਸ਼ਕਤੀ ਦੀ ਦਿੱਲੀ ਵਾਲੀ ਵੰਨਗੀ ਦਾ ਪਰਛਾਵਾਂ ਪੈ ਰਿਹਾ ਹੈ | ਇਸ ਦੌਰ ਦਾ ਇਕ ਵਰਨਣਯੋਗ ਪੱਖ ਇਹ ਹੈ ਕਿ ਬਾਦਲ ਤੋਂ ਬ੍ਰਹਮਪੁਰੇ ਤਕ ਅਤੇ ਬ੍ਰਹਮਪੁਰੇ ਤੋਂ ਢੀਂਡਸੇ ਤਕ ਹਰ ਕੋਈ ਪਰਵਾਰਵਾਦੀ ਹੈ ਅਤੇ ਸਭਨਾਂ ਦਾ ਦਿਲੀ ਨਾਲ ਚਲਦਾ ਆ ਰਿਹਾ ਇਹ ਅਲਿਖਤ ਸਮਝੌਤਾ ਹੈ ਕਿ ਸਾਨੂੰ ਮੁਕਾਮੀ ਮਜਬੂਰੀ ਵੱਸ ਕਿਸੇ ਵੇਲੇ ਕਾਂਗਰਸ ਵਿਰੁਧ ਅਤੇ ਕਿਸੇ ਵੇਲੇ ਬੀਜੇਪੀ ਵਿਰੁਧ ਬੋਲਣਾ ਪੈਣਾ ਹੈ ਪਰ ਅਸੀਂ ਭਾਰਤੀ ਸਟੇਟ ਅਤੇ ਉਸ ਦੇ ਔਜ਼ਾਰਾਂ ਦੇ ਫਰਮਾਬਰਦਾਰ ਰਹਾਂਗੇ |

    ਢੀਂਡਸੇ ਦੀ ਪਾਰਟੀ ਦਾ ਉਭਰਨਾ ਇਸੇ ਅਮਲ ਦੀ ਲੜੀ ਦਾ ਹੀ ਇਕ ਹੋਰ ਮਣਕਾ ਹੈ |

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img