More

  ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲਿਆਂ ਵੱਲੋਂ ਕੇਵਲ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸੁਰਖਰੂ ਹੋਣ ਬਾਰੇ ਪ੍ਰੋ: ਸਰਚਾਂਦ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੀ ਖੁੱਲੀ ਚਿੱਠੀ

  ਸਤਿਕਾਰਯੋਗ ਜਥੇਦਾਰ ਸਾਹਿਬ, -ਸਨਿਮਰ ਬੇਨਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਤਿਕਾਰਯੋਗ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 17- 5-2007 ਨੂੰ ਜਾਰੀ ਇਕ ਹੁਕਮਨਾਮੇ ’ਚ ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਕਥਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਮੱੁਖੀ ਦੰਭੀ, ਪਾਖੰਡੀ ਅਤੇ ਪੰਥ ਦੋਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮ ਦਾ ਧਾਰਮਿਕ ਸਮਾਜਕ, ਭਾਈਚਾਰਕ ਅਤੇ ਰਾਜਸੀ ਸੰਬੰਧ ਨਾ ਰੱਖਣ ਭਾਵ ਸਪਸ਼ਟ ਬਾਈਕਾਟ ਕਰਨ। ਉਕਤ ਆਦੇਸ਼ ਦੀ ਰੌਸ਼ਨੀ ਵਿੱਚ ਸਤਿਕਾਰਯੋਗ ਪੰਜ ਸਿੰਘ ਸਾਹਿਬਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਡੇਰਾ ਸਿਰਸਾ ਜਾਂ ਡੇਰੇ ਦੇ ਪੈਰੋਕਾਰਾਂ ਤੋਂ ਸਮਰਥਨ ਅਤੇ ਵੋਟਾਂ ਮੰਗਣ ਵਾਲੇ 39 ਸ਼ਖ਼ਸੀਅਤਾਂ- ਸਿਆਸੀ ਨੇਤਾਵਾਂ ਨੂੰ ਮਿਤੀ 17 ਅਪ੍ਰੈਲ 2017 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਤਲਬ ਕਰਦਿਆਂ ਦੋਸ਼ੀ ਪਾਏ ਜਾਣ ’ਤੇ ’’ਤਨਖ਼ਾਹ’’ ਲਾਈ ਗਈ। ਅਜਿਹਾ ਹੀ ਇੱਕ ਮਾਮਲਾ ਫਰਵਰੀ 2021 ਨੂੰ ਸਾਹਮਣੇ ਆਇਆ। ਜਦੋਂ ਮੋਗਾ ਸ਼ਹਿਰ ਦੀ ਲੋਕਲ ਬਾਡੀ ਚੋਣਾਂ ( 14-02-2021) ਦੌਰਾਨ ਅੰਮ੍ਰਿਤਧਾਰੀ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਰਦਾਰ ਨਗਰ, ਮੋਗਾ ਦੇ ਜਨਰਲ ਸਕੱਤਰ ਸ: ਸੁਖਵਿੰਦਰ ਸਿੰਘ ਅਜ਼ਾਦ ਵੱਲੋਂ ਆਪਣੀ ਧਰਮ ਪਤਨੀ ਜੋ ਕਿ ਲੋਕਲ ਬਾਡੀ ਚੋਣਾਂ ’ਚ ਕਾਂਗਰਸੀ ਉਮੀਦਵਾਰ ਹਨ ਲਈ ਸਮਰਥਨ ਅਤੇ ਵੋਟਾਂ ਮੰਗਣ ਲਈ ਸਿਰਸਾ ਡੇਰੇ ਦੇ ਪ੍ਰੇਮੀਆਂ ਦੇ ਘਰਾਂ ’ਚ ਗਿਆ ਅਤੇ ਉਨ੍ਹਾਂ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵੀ ਕੀਤੀ। ਜਿਸ ਬਾਰੇ ਉਸ ਵੱਲੋਂ ਸ੍ਰੀ ਸੱੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਕੋਲ ਮਿਤੀ 22-02-2021 ਨੂੰ ਲਿਖਤੀ ਰੂਪ ਵਿੱਚ ਇਕਬਾਲ ਕਰਦਿਆਂ ਆਪਣੀ ਇਸ ਭੁੱਲ ਨੂੰ ਸਵੀਕਾਰ ਕੀਤਾ ਅਤੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਪਹੁੰਚੀ ਠੇਸ ਅਤੇ ਉਨ੍ਹਾਂ ਦੇ ਦੁੱਖੀ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਸਜ਼ਾ ਪ੍ਰਵਾਨ ਕਰਨ ਦੀ ਪੇਸ਼ਕਸ਼ ਕਰਦਿਆਂ ਸਹਾਇਤਾ ਦੀ ਬੇਨਤੀ ਕੀਤੀ ਗਈ।

  ਅਜਿਹੀ ਸਥਿਤੀ ਵਿੱਚ ਉਕਤ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਗਲੇ ਦਿਨ ਮਿਤੀ 23-02-2021 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਪੱਤਰ ਲਿਖਦਿਆਂ ਕਿ ਉਕਤ ਤਰਾਂ ਦੇ ਮਾਮਲੇ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਰਹੇ ਹੋਣ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸੇਵਾ ਸੁਸਾਇਟੀ ਵੱਲੋਂ ਇਸ ਮਾਮਲੇ ’ਚ ਕੋਈ ਵੀ ਫ਼ੈਸਲਾ ਲੈਣ ਲਈ ਅਸਮਰਥਤਾ ਜਤਾਈ ਗਈ ਅਤੇ ਸ: ਸੱੁਖਵਿੰਦਰ ਸਿੰਘ ਵੱਲੋਂ ਪੇਸ਼ ਕੀਤੀ ਗਈ ਅਰਜ਼ੀ ਸਮੇਤ ਉਕਤ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਰਹੁ ਰੀਤਾਂ ਅਨੁਸਾਰ ਲੋੜੀਂਦੀ ਕਾਰਵਾਈ ਲਈ ਬੇਨਤੀ ਕੀਤੀ ਗਈ। ਇਸੇ ਦੌਰਾਨ ਮੋਗਾ ਦੇ ਏਕਨੂਰ ਖ਼ਾਲਸਾ ਫ਼ੌਜ ਜਥੇਬੰਦੀ ਦੇ ਆਗੂ ਭਾਈ ਗੁਰਮੁਖ ਸਿੰਘ ਵੱਲੋਂ ਸਕੱਤਰੇਤ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਦਿਆਂ ਸ: ਸੁੱਖਵਿੰਦਰ ਸਿੰਘ ਅਜ਼ਾਦ ਪ੍ਰਤੀ ਮੋਗਾ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦਾ ਜ਼ਿਕਰ ਕੀਤਾ ਗਿਆ ਅਤੇ ਉਸ ਖਿੱਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਕਿ ਉਸ ਵੱਲੋਂ ਅੰਮ੍ਰਿਤਧਾਰੀ ਹੁੰਦਿਆਂ ਸਿਰਸਾ ਪ੍ਰੇਮੀਆਂ ਤੋਂ ਵੋਟਾਂ ਮੰਗਣ ਦੌਰਾਨ ਮੁਆਫ਼ੀ ਮੰਗੀ ਗਈ ਕਿ ’’ਮੈਨੂੰ ਵੋਟਾਂ ਪਾਓ ਮੈ ਤੁਹਾਡੇ ਉਲਟ ਨਹੀਂ ਚੱਲਾਂਗਾ, ਸਿੱਖੀ ਦਾ ਸਾਥ ਨਹੀਂ ਰੱਖਾਂਗਾ’’ ਜਿਸ ਬਾਰੇ ਉਹ ਅਤੇ ਅਤੇ ਗੁਰਮਤਿ ਪ੍ਰਚਾਰ ਕਮੇਟੀ ਮੋਗਾ ਦੇ ਆਗੂ ਭਾਈ ਗੁਰਪ੍ਰੀਤਮ ਸਿੰਘ ਗਵਾਹੀ ਦੇਣ ਲਈ ਤਿਆਰ ਹਨ। ਪ੍ਰਾਪਤ ਸੂਚਨਾ ਅਨੁਸਾਰ ਉਕਤ ਵਿਅਕਤੀ ਸ: ਸੁੱਖਵਿੰਦਰ ਸਿੰਘ ਅਜ਼ਾਦ ਅਤੇ ਉਸ ਦੇ ਇਕ ਸਾਥੀ ਸ: ਬਲਵਿੰਦਰ ਸਿੰਘ ਵਾਸੀ ਮੋਗਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਖੇ ਕਈ ਵਾਰ ਪਹੁੰਚ ਕੀਤੀ ਗਈ। ਪਰ ਆਪ ਜੀ ਜਥੇਦਾਰ ਸਾਹਿਬ ਨਾਲ ਮੇਲ ਨਹੀਂ ਹੁੰਦਾ ਰਿਹਾ।

  ਇਸੇ ਦੌਰਾਨ ਇੱਕ ਦਿਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕ ਨਾ ਮਾਲੂਮ ਅਧਿਕਾਰੀ ਵੱਲੋਂ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦਾ ਕੇਸ ਵਿਚਾਰਿਆ ਗਿਆ ਅਤੇ ਉਨ੍ਹਾਂ ਨੂੰ ਪੰਜ ਪਿਆਰਿਆਂ ਨੂੰ ਮਿਲਣ ਲਈ ਕਿਹਾ ਗਿਆ। ਜਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰਿਆਂ ਕੋਲ ਪੇਸ਼ ਹੋਏ ਤਾਂ ਉਨ੍ਹਾਂ ਪੰਜ ਪਿਆਰਿਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁੜ ਮੁਲਾਕਾਤ ਕਰਨ ਹਿਤ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ । ਮੁੜ ਕੋਸ਼ਿਸ਼ ਕਰਨ ’ਤੇ ਉਨਾਂ ਭਾਵ ਸ: ਸੁਖਵਿੰਦਰ ਸਿੰਘ ਅਤੇ ਸ: ਬਲਵਿੰਦਰ ਸਿੰਘ ਮਿਤੀ 24-03-2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰਿਆਂ ਕੋਲ ਪੇਸ਼ ਹੋਏ ਅਤੇ ਭਾਈ ਮੰਗਲ ਸਿੰਘ ਦੀ ਅਗਵਾਈ ’ਚ ਪੰਜ ਪਿਆਰਿਆਂ ਵੱਲੋਂ ਉਕਤ ਦੋਹਾਂ ਦੇ ਡੇਰਾ ਪ੍ਰੇਮੀਆਂ ਕੋਲ ਵੋਟਾਂ ਮੰਗਣ ਅਤੇ ਮੇਲ ਮਿਲਾਪ ਰੱਖਣ ’ਤੇ ਦੋਸ਼ੀ ਪਾਏ ਜਾਣ ’ਤੇ ਸੇਵਾ ਲਾਈ ਗਈ ਸੇਵਾ ਪੂਰੀ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਅਰਦਾਸ ਕਰਾਉਣ ਦੀ ਹਦਾਇਤ ਕੀਤੀ ਗਈ। ਇਹ ਕਿ ਉਕਤ ਦੋਹਾਂ ਨੇ ਲਗਾਈ ਗਈ ਸੇਵਾ (ਤਨਖਾਹ) ਪੂਰੀ ਕਰਦਿਆਂ ਬੀਤੇ ਮਹੀਨੇ 23-04-2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਮੰਗਲ ਸਿੰਘ ਪੰਜ ਪਿਆਰਾ ਤੋਂ ਅਰਦਾਸ ਕਰਾਈ ਗਈ ਹੈ। ਸ੍ਰੀਮਾਨ ਜੀ, ਉਕਤ ਪੂਰੇ ਵਰਤਾਰੇ ਵਿੱਚ ਕਈ ਵਿਚਾਰਨਯੋਗ ਤੱਥ ਹਨ। ਕਿ,

  (1) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਦਾ ਮਾਮਲਾ ਹੋਣ ਕਾਰਨ, ਅਜਿਹਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਗੰਭੀਰਤਾ ਵਿਚਾਰਨਯੋਗ ਹਨ। ਜਿਵੇਂ ਵਿਧਾਨ ਸਭਾ ਚੋਣਾਂ 2017 ਦੌਰਾਨ ਡੇਰੇ ਸਿਰਸਾ ਤੋਂ ਵੋਟਾਂ ਮੰਗਣ ਦੇ ਮਾਮਲੇ ’ਚ 39 ਸ਼ਖ਼ਸੀਅਤਾਂ ਨੂੰ ਤਨਖ਼ਾਹ ਲਾਈ ਗਈ। ਪਰ ਉਕਤ ਮੌਜੂਦਾ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਪੰਜ ਸਿੰਘ ਸਾਹਿਬਾਨ ਵੱਲੋਂ ਅਵੱਸ਼ ਵਿਚਾਰਿਆ ਨਹੀਂ ਗਿਆ ਹੋਵੇਗਾ। ਕਿਉਂਕਿ ਪੰਜ ਸਿੰਘ ਸਾਹਿਬਾਨ ਦੀ ਪਿਛਲੀ ਵਾਰ ਦੀ ਮੀਟਿੰਗ 31 ਮਾਰਚ 2021 ਨੂੰ ਹੋਈ। ਪਰ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵੱਲੋਂ ਉਨਾਂ ਦੋਹਾਂ ਨੂੰ 24 ਮਾਰਚ ਨੂੰ ਪੰਜ ਪਿਆਰਿਆਂ ਕੋਲ ਮੁੜ ਭੇਜਿਆ ਗਿਆ ਜਿਥੇ ਪੰਜ ਪਿਆਰਿਆਂ ਵੱਲੋਂ ਦੋਵਾਂ ਨੂੰ ਦੋਸ਼ੀ ਮੰਨਦਿਆਂ ਸੇਵਾ ਲਾਈ ਗਈ।

  (2) ਆਮ ਕਰਕੇ ਪੰਜ ਪਿਆਰਿਆਂ ਕੋਲ ਰਹਿਤ ਮਰਯਾਦਾ ਦੀ ਅਵੱਗਿਆ ਹੋਣ ਦੇ ਮਾਮਲੇ ਵਿਚਾਰੇ ਅਤੇ ਸੁਲਝਾਏ ਜਾਂਦੇ ਹਨ। ਪਰ ਉਕਤ ਮਾਮਲਾ ਰਹਿਤ ਮਰਯਾਦਾ ਦਾ ਨਾ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦਾ ਹੈ। ਅਜਿਹੀ ਸਥਿਤੀ ’ਚ ਵੀ ਪੰਜ ਪਿਆਰਿਆਂ ਵੱਲੋਂ ਲਗਾਈ ਸੇਵਾ ਨੂੰ ਸਹੀ ਮੰਨ ਲਿਆ ਜਾਵੇ ਤਾਂ ਕੀ ਭਵਿੱਖ ਦੌਰਾਨ ਡੇਰਾ ਸਿਰਸਾ ਜਾਂ ਹੋਰ ਪੰਥ ਦੋਖੀ ਡੇਰਿਆਂ ਨਾਲ ਸੰਬੰਧਿਤ ਮਾਮਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਵਾਈ ਦੀ ਲੋੜ ਨਹੀਂ ਰਹੇਗੀ? ਕੇਵਲ ਪੰਜ ਪਿਆਰਿਆਂ ਕੋਲ ਹੀ ਪਛਚਾਤਾਪ ਲਈ ਪੇਸ਼ ਹੋਣ ਨਾਲ ਮਾਮਲਾ ਸੁਲਝ ਕੇ ਦੋਸ਼ੀ ਸੁਰਖ਼ਰੂ ਹੋਇਆ ਜਾ ਸਕੇਗਾ?

  (3) ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰਿਆਂ ਵੱਲੋਂ ਦੋਸ਼ੀਆਂ ਦੇ ਪਹਿਲੀ ਵਾਰ ਪੇਸ਼ ਹੋਣ ’ਤੇ ਉਨ੍ਹਾਂ ਦੇ ਕੇਸ ਨੂੰ ਵਿਚਾਰਿਆ ਨਹੀਂ ਗਿਆ ਕਿ ਇਹ ਮਾਮਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਾਰ ਅਧੀਨ ਹੈ, ਅਤੇ ਅਜਿਹੇ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਹੀ ਵਿਚਾਰੇ ਜਾਣੇ ਬਣਦੇ ਹਨ। ਪਰ ਬਾਅਦ ’ਚ ਦੂਜੀ ਵਾਰ ਪੇਸ਼ ਹੋਣ ’ਤੇ ਉਨ੍ਹਾਂ ਹੀ ਦੋਸ਼ੀਆਂ ਨੂੰ ਸੁਣਿਆ ਗਿਆ, ਦੋਸ਼ੀ ਮੰਨਦਿਆਂ ਉਨ੍ਹਾਂ ਨੂੰ ਸੇਵਾ (ਤਨਖਾਹ) ਲਗਾਈ ਗਈ। ਕੀ ਪਹਿਲੀ ਵਾਰ ਮਨਾ ਕਰਨ ’ਤੇ ਦੂਜੀ ਵਾਰ ਪੇਸ਼ ਹੋਣ ਦੌਰਾਨ ਪੰਜ ਪਿਆਰਿਆਂ ਵੱਲੋਂ ਮਾਮਲਾ ਵਿਚਾਰਿਆ ਜਾਣਾ ਕਿਸੇ ਦੇ ਦਬਾਅ ਅਧੀਨ ਹੋਇਆ ? ਜੇ ਕਿਸੇ ਨੇ ਦਬਾਅ ਪਾਇਆ ਤਾਂ ਕਿਸ ਨੇ? ਭਾਈ ਮੰਗਲ ਸਿੰਘ ਪੰਜ ਪਿਆਰਾ ਦੀ ਅਗਵਾਈ ’ਚ ਉਕਤ ਕੇਸ ਸੁਣਿਆ ਗਿਆ ਅਤੇ ਸੇਵਾ ਲਾਈ ਗਈ । ਸੇਵਾ ਪੂਰੀ ਹੋਣ ’ਤੇ ਉਸੇ ਭਾਈ ਮੰਗਲ ਸਿੰਘ ਪੰਜ ਪਿਆਰਾ ਹੀ ਅਰਦਾਸ ਕਰਦਾ ਪਾਇਆ ਗਿਆ। (ਭਾਈ ਮੰਗਲ ਸਿੰਘ ਇਕ ਦੋਸ਼ੀ ਦਾ ਰਿਸ਼ਤੇਦਾਰ ਸੁਣੀਦਾ ਹੈ) ਆਮ ਦੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੌਕੇ ’ਤੇ ਅਤੇ ਡਿਊਟੀ ’ਤੇ ਮੌਜੂਦ ਕਿਸੇ ਵੀ ਗ੍ਰੰਥੀ ਸਿੰਘ ਵੱਲੋਂ ਅਰਦਾਸ ਦੀ ਸੇਵਾ ਨਿਭਾਈ ਜਾਂਦੀ ਹੈ।

  (4) ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਨਹੀਂ ਕੀਤਾ ਗਿਆ। ਸਗੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀ ਵੱਲੋਂ ਸ਼ਿਕਾਇਤ ਦਾ ਸਾਹਮਣਾ ਕਰਨ ਵਾਲਿਆਂ ਨੂੰ ਕੇਵਲ ਫ਼ੋਨ ਰਾਹੀਂ ਇਹ ਕਹਿਣਾ ਕਿ ਤੁਹਾਡਾ ਮਾਮਲਾ ਵਿਚਾਰਿਆ ਗਿਆ ਤੁਸੀਂ ਪੰਜ ਪਿਆਰਿਆਂ ਕੋਲ ਪੇਸ਼ ਹੋ ਜਾਓ। ਕੀ ਇਹ ਸਭ ਕਿਸੇ ਅਧਿਕਾਰੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇੱਛਾ ਮੁਤਾਬਿਕ ਕੀਤਾ ਗਿਆ ਜਾਂ ਜਥੇਦਾਰ ਸਾਹਿਬ ਦੇ ਨੋਟਿਸ ’ਚ ਲਿਆ ਕੇ ਕੀਤਾ ਗਿਆ? ਜੇ ਅਧਿਕਾਰੀ ਵੱਲੋਂ ਜਥੇਦਾਰ ਸਾਹਿਬ ਦੀ ਇੱਛਾ ਜਾਣੇ ਬਗੈਰ ਜਾਂ ਨੋਟਿਸ ’ਚ ਲਿਆਂਦੇ ਬਗੈਰ ਆਪਣੀ ਮਨ ਮਰਜ਼ੀ ਨਾਲ ਕਾਰਜ ਕੀਤਾ ਗਿਆ ਹੈ ਤਾਂ ਇੰਝ ਦਾ ਕਾਰਜ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਰਨ ਵਾਲੇ ਅਧਿਕਾਰੀ ਦੀਆਂ ਪਿਛਲੀਆਂ ਉਹ ਤਮਾਮ ਗਤੀਵਿਧੀਆਂ ਜੋ ਜਥੇਦਾਰ ਸਾਹਿਬ ਦੇ ਨਾਮ ਜਾਂ ਉਨ੍ਹਾਂ ਦੇ ਹਵਾਲੇ ਨਾਲ ਆਦੇਸ਼ ਜਾਰੀ ਕੀਤੇ ਗਏ ਹਨ ’ਤੇ ਮੁੜ ਵਿਚਾਰ – ਪੜਤਾਲ ਕਰਨ ਦੀ ਲੋੜ ਨਹੀਂ?

  (5) ਇਸ ਸੰਬੰਧੀ ਸ਼ਿਕਾਇਤ ਕਰਤਾ ਭਾਈ ਗੁਰਮੱੁਖ ਸਿੰਘ ਏਕ ਨੂਰ ਖ਼ਾਲਸਾ ਅਤੇ ਗੁਰਮਤਿ ਪ੍ਰਚਾਰ ਕਮੇਟੀ ਦੇ ਆਗੂ ਗੁਰਪ੍ਰੀਤਮ ਸਿੰਘ ਚੀਮਾ ਨੂੰ ਸੁਣਿਆ ਨਹੀਂ ਗਿਆ ਕਿਉਂਕਿ ਉਨ੍ਹਾਂ ਵੱਲੋਂ ਲਗਾਇਆ ਗਿਆ ਇਲਜ਼ਾਮ ਡੇਰੇ ਤੋਂ ਵੋਟਾਂ ਮੰਗਣ ਤਕ ਹੀ ਸੀਮਤ ਨਹੀਂ ਹੈ ਸਗੋਂ ਵੋਟਾਂ ਖ਼ਾਤਰ ਡੇਰੇ ਵਾਲਿਆਂ ਤੋਂ ਮੁਆਫ਼ੀ ਮੰਗਦਿਆਂ ਕਿ ’’ਮੈਂ ਕਦੀ ਤੁਹਾਡੇ ਉਲਟ ਨਹੀਂ ਚੱਲਾਂਗਾ, ਸਿੱਖੀ ਦਾ ਸਾਥ ਨਹੀਂ ਰੱਖਾਂਗਾ’’ ਇਹ ਇਕ ਕਿਸਮ ਦਾ ਗੁਰੂ ਪੰਥ ਨੂੰ ’’ਬੇਦਾਵਾ’’ ਦੇਣਾ ਹੀ ਮੰਨਿਆ ਜਾਵੇਗਾ। ਜੋ ਕਿ ਇਕ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਕੀ ਇਸ ਬਾਰੇ ਕੋਈ ਪੜਤਾਲ ਕੀਤੀ – ਕਰਾਈ ਗਈ ਹੈ? ਜਾਂ ਕਿਸੇ ਜਾਂਚ ਕਮੇਟੀ – ਧਰਮ ਪ੍ਰਚਾਰ ਕਮੇਟੀ ਤੋਂ ਰਾਏ ਲਈ ਗਈ ਹੈ?। ਉਕਤ ਮਾਮਲਿਆਂ ’ਚ ਸਤਿਕਾਰਯੋਗ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਣ ਵਾਲੇ ਪੰਜ ਸਿੰਘ ਸਾਹਿਬਾਨ, ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਦੇ ਕਾਰਜ ਅਤੇ ਅਧਿਕਾਰ ਖੇਤਰ ਅਤੇ ਇਸ ਸੰਬੰਧੀ ਮਰਯਾਦਾ ਕੀ ਹੋਵੇ?

  (6) ਉਕਤ ਸੰਬੰਧੀ ਮੌਜੂਦਾ ਵਰਤਾਰਾ (ਕੇਵਲ ਪੰਜ ਪਿਆਰਿਆਂ ਕੋਲ ਹੀ ਪੇਸ਼ ਹੋਣ ਨੂੰ) ਸਹੀ ਮੰਨ ਲਿਆ ਜਾਵੇ ਤਾਂ ਕੀ ਕੋਈ ਵੀ ਗੁਨਾਹਗਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਹੋਣ ਦੀ ਥਾਂ ਕੇਵਲ ਆਮ ਕੁਰਹਿਤੀਆ ( ਭਾਵੇਂ ਕਿ ਸਿੱਖੀ ’ਚ ਚਾਰ ਕੁਰਹਿਤ ਵੀ ਗੰਭੀਰ ਸ਼੍ਰੇਣੀ ਦੇ ਅਪਰਾਧ ਹਨ) ਵਾਂਗ ਪੰਜ ਪਿਆਰਿਆਂ ਕੋਲ ਪੇਸ਼ ਹੋਕੇ ਸੁਰਖ਼ਰੂ ਹੋਣ ਦਾ ਰਸਤਾ ਖੁੱਲ ਨਹੀਂ ਜਾਵੇਗਾ?। ਇਹ ਪੱਤਰ ਲਿਖਣ ਦਾ ਮਨਸ਼ਾ ਆਪ ਜੀ ਨੂੰ ਸੁਚੇਤ ਕਰਨ ਨਾਲ ਹੈ ਤਾਂ ਕਿ ਸਮਾਂ ਰਹਿੰਦਿਆਂ ਕੁਝ ਦਰੁਸਤ ਕੀਤਾ ਜਾ ਸਕੇ , ਕਿਉਕਿ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲਿਆਂ ਪ੍ਰਤੀ ਕੋਈ ਸੱਖਤੀ ਨਹੀਂ ਵਰਤੀ ਜਾਂਦੀ ਰਹੀ ਤਾਂ ਜਿਵੇਂ ਪਿੰਡ ਬੀੜ ਤਲਾਬ ਜਿਲਾ ਬਠਿੰਡਾ ਦੇ ਸਰਪੰਚ ਦੇ ਪਤੀ ਗੁਰਮੇਲ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿੱਖੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੇ ਹੱਕ ’ਚ ਅਰਦਾਸ ਕਰਨ ਵਰਗੇ ਹੋਰ ਵਰਤਾਰੇ ਸਿਖ ਸੰਗਤਾਂ ਦੀਆਂ ਭਵਨਾਵਾਂ ਨੂੰ ਆਹਤ ਕਰਦੀਆਂ ਰਹਿਣਗੀਆਂ। ਇਸ ਲਈ ਇਸ ਮਾਮਲੇ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ (ਗਾਈਡ ਲਾਈਨ) ਪੰਥ ਲਈ ਅਹਿਮ ਹੋਵੇਗਾ। ਉਕਤ ਮਾਮਲੇ ਸੰਬੰਧੀ ਗੁਰਮਤਿ ਵਿਚਾਰਧਾਰਾ, ਪੰਥਕ ਰਵਾਇਤਾਂ ਅਤੇ ਮਰਯਾਦਾ ਮੁਤਾਬਿਕ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਸਨਿਮਰ ਅਪੀਲ ਕਰਦਾ ਹਾਂ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img