More

  ਡੇਂਗੂ ਦੀ ਰੋਕਥਾਮ ਅਤੇ ਇਲਾਜ ਵਿੱਚ ਅਯੋਗ ਸਰਮਾਏਦਾਰਾ ਦਾ ਸਿਹਤ ਢਾਂਚਾ

  ਬੀਤੇ ਕੁੱਝ 2-3 ਮਹੀਨਿਆਂ ਅੰਦਰ ਡੇਂਗੂ ਦੀ ਬੀਮਾਰੀ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੇਜੀ ਨਾਲ਼ ਲੋਕਾਂ ਨੂੰ ਆਪਣੀ ਜਕੜ ਵਿੱਚ ਲਿਆ ਹੈ। ਇਹ ਕਈ ਮੌਤਾਂ ਦਾ ਕਾਰਣ ਵੀ ਬਣਿਆ ਹੈ। ਇਹ ਹਰ ਸਾਲ ਦਾ ਨੇਮ ਬਣ ਗਿਆ ਹੈ। ਹਰ ਸਾਲ ਏਸੇ ਤਰ੍ਹਾਂ ਇਹ ਬਿਮਾਰੀ ਆਉਂਦੀ ਹੈ ਅਤੇ ਅਨੇਕਾਂ ਲੋਕ ਇਸ ਦੀ ਮਾਰ ਝੱਲਦੇ ਹਨ। ਇਸ ਸਾਲ ਪੰਜਾਬ ਵਿੱਚ ਇਸਨੇ ਤੇਜੀ ਨਾਲ਼ ਆਪਣੇ ਪੈਰ ਪਸਾਰੇ ਹਨ। ਇੱਕ ਅੰਕੜੇ ਮੁਤਾਬਕ ਪੰਜਾਬ ਵਿੱਚ ਇਸ ਸਾਲ ਸਤੰਬਰ ਮਹੀਨੇ ਵਿੱਚ ਡੇਂਗੂ ਦੇ 1000 ਮਾਮਲੇ ਸਨ, ਜਿਹਨਾਂ ਵਿੱਚ ਕੁੱਝ ਹਫਤਿਆਂ ਵਿੱਚ ਹੀ ਤੇਜ ਵਾਧਾ ਵੇਖਿਆ ਗਿਆ ਅਤੇ 26 ਅਕਤੂਬਰ ਨੂੰ 13,849 ਮਾਮਲੇ ਦਰਜ ਕੀਤੇ ਗਏ। ਤੇਲੰਗਾਨਾ ਵਿੱਚ 5500 ਤੋਂ ਵੱਧ ਕੇਸ ਦਰਜ ਕੀਤੇ ਗਏ। ਦਿੱਲੀ ਵਿੱਚ 2500 ਤੋਂ ਵੱਧ ਕੇਸ ਦਰਜ ਹੋ ਚੁੱਕੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਬੀਤੇ ਵਰ੍ਹੇ ਨਾਲ਼ੋਂ ਇਸ ਸਾਲ ਡੇਂਗੂ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ। ਦਿੱਲੀ ਉੱਚ ਅਦਾਲਤ ਵੱਲੋਂ ਬੀਤੀ 9 ਨਵੰਬਰ ਨੂੰ ਦਿੱਲੀ ਸਰਕਾਰ ਅਤੇ ਉੱਤਰੀ ਨਗਰ ਨਿਗਮ ਨੂੰ ਦਿੱਲੀ ਵਿੱਚ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਵਿਓਂਤ ਘੜਨ ਸਬੰਧੀ ਨੋਟਿਸ ਵੀ ਜਾਰੀ ਕੀਤਾ। ਇੱਕ ਪਾਸੇ ਜਿੱਥੇ ਕਰੋਨਾ ਨੂੰ ਰੋਕਣ ਦੀਆਂ 100 ਕਰੋੜ ਵੈਕਸੀਨ ਖੁਰਾਕਾਂ ਲੱਗਣ ਦੇ ਫੋਕੇ ਦਮਗਜੇ ਮਾਰੇ ਜਾ ਰਹੇ ਹਨ, ਉਸ ਮੌਕੇ ਡੇਂਗੂ ਨਾਲ਼ ਹੋ ਰਹੀਆਂ ਮੌਤਾਂ ਹਕੂਮਤ ਦੇ ਮੂੰਹ ’ਤੇ ਕਰਾਰੀ ਚਪੇੜ ਮਾਰ ਰਹੀਆਂ ਹਨ।

  ਭਾਰਤ ਵਿੱਚ ਹਰ ਸਾਲ ਮਾਨਸੂਨ ਅਤੇ ਇਸ ਤੋਂ ਬਾਅਦ ਦੇ ਸਮੇਂ ਵਿੱਚ ਡੇਂਗੂ ਫੈਲਦਾ ਹੈ। ਪਰ ਸਰਕਾਰਾਂ, ਸਮੁੱਚਾ ਸਿਹਤ ਢਾਂਚਾ ਅਤੇ ਸਾਰਾ ਪ੍ਰਬੰਧਕੀ ਅਮਲਾ-ਫੈਲਾ ਇਸਦੇ ਫੈਲਾਅ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਯੋਗ ਸਾਬਤ ਹੋ ਰਹੇ ਹਨ। ਡੇਂਗੂ ਨਾਂ ਦੀ ਇਹ ਬਿਮਾਰੀ ਕੋਈ ਰਾਤੋ ਰਾਤ ਪੈਦਾ ਹੋਈ ਬੀਮਾਰੀ ਵੀ ਨਹੀਂ, ਜੋ ਸਰਕਾਰਾਂ ਇਸ ’ਤੇ ਕਾਬੂ ਨਹੀਂ ਪਾ ਸਕੀਆਂ। ਅਠਾਰਵੀਂ ਸਦੀ ਵੇਲ਼ੇ ਇਸਨੂੰ ਹੱਡ-ਭੰਨਵੇਂ ਬੁਖਾਰ ਵਜੋਂ ਜਾਣਿਆਂ ਜਾਂਦਾ ਸੀ। ਇਸਦੇ ਫੈਲਣ ਸਬੰਧੀ ਸਭ ਤੋਂ ਪਹਿਲੇ ਰਿਕਾਰਡ 1789 ਈਸਵੀ ਵਿੱਚ ਮਿਲ਼ਦੇ ਹਨ। ਇਸ ਬਿਮਾਰੀ ਨੂੰ 1828 ਤੋਂ ਬਾਅਦ ਡੇਂਗੂ ਦੇ ਨਾਂ ਨਾਲ਼ ਜਾਣਿਆਂ ਜਾਣ ਲੱਗਾ। 20ਵੀਂ ਸਦੀ ਆਉਂਦੇ-ਆਉਂਦੇ ਇਸ ਬਿਮਾਰੀ ਦੇ ਵਾਇਰਸ ਦੀ ਪਛਾਣ ਵੀ ਕਰ ਲਈ ਗਈ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਬੀਮਾਰੀ ਪੂਰੀ ਦੁਨੀਆਂ ਵਿੱਚ ਫੈਲ ਗਈ। ਅੱਜ 120 ਤੋਂ ਵੱਧ ਦੇਸ਼ਾਂ ਵਿੱਚ ਇਹ ਬੀਮਾਰੀ ਆਮ ਹੋ ਚੁੱਕੀ ਹੈ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਇਸਦੀ ਮਾਰ ਸਭ ਤੋਂ ਜ਼ਿਆਦਾ ਹੈ। ਆਮ ਤੌਰ ’ਤੇ ਇਸਦੇ ਸ਼ਿਕਾਰ ਲੋਕਾਂ ਵਿੱਚ 80 ਫੀਸਦੀ ਲੱਛਣ ਰਹਿਤ ਹੁੰਦੇ ਹਨ ਜਾਂ ਉਹਨਾਂ ਵਿੱਚ ਸਧਾਰਨ ਬੁਖਾਰ ਜਿਹੇ ਮਮੂਲੀ ਲੱਛਣ ਹੁੰਦੇ ਹਨ ਅਤੇ ਸਿਰਫ 5 ਫੀਸਦੀ ਵਿੱਚ ਗੰਭੀਰ ਲੱਛਣ ਆਉਂਦੇ ਹਨ ਅਤੇ ਬਹੁਤ ਥੋੜੇ ਹਿੱਸੇ ਲਈ ਇਹ ਬੁਖਾਰ ਜਾਨਲੇਵਾ ਸਾਬਤ ਹੁੰਦਾ ਹੈ। ਪੂਰੀ ਦੁਨੀਆਂ ਵਿੱਚ ਹਰ ਸਾਲ ਕਰੀਬ ਚਾਲੀ ਕਰੋੜ ਲੋਕ ਇਸ ਦੇ ਸ਼ਿਕਾਰ ਹੁੰਦੇ ਹਨ ਅਤੇ ਲਗਭਗ 40 ਹਜ਼ਾਰ ਲੋਕ ਹਰ ਸਾਲ ਇਸ ਬੀਮਾਰੀ ਨਾਲ਼ ਮਰਦੇ ਹਨ। ਬਹੁਗਿਣਤੀ ਗਰੀਬ ਵਸੋਂ ਹੀ ਇਸਦੀ ਸਭ ਤੋਂ ਜ਼ਿਆਦਾ ਮਾਰ ਝੱਲਦੀ ਹੈ। ਇਸਦੀ ਰੋਕਥਾਮ ਲਈ ਹਰ ਤਰ੍ਹਾਂ ਦੇ ਸਾਧਨ ਅੱਜ ਸਾਡੇ ਕੋਲ਼ ਮੌਜੂਦ ਹਨ। ਪਰ ਫ਼ਿਰ ਵੀ ਡੇਂਗੂ ਦੀ ਇਹ ਬੀਮਾਰੀ ਲੋਕਾਂ ਲਈ ਇੱਕ ਹਊਆ ਬਣੀ ਹੋਈ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ?

  ਡੇਂਗੂ ਬੁਖਾਰ ਏਡੀਜ਼ ਇਜਿਪਟੀ ਨਾਂ ਦੇ ਇੱਕ ਮਾਦਾ ਮੱਛਰ ਰਾਹੀਂ ਫੈਲਦਾ ਹੈ। ਸਾਰੇ ਜਾਣਦੇ ਹਨ ਕਿ ਮੀਂਹ ਦੇ ਦਿਨਾਂ ਤੋਂ ਬਾਅਦ ਥਾਂ ਥਾਂ ਪਾਣੀ ਆਦਿ ਖੜਨ ਕਾਰਣ ਮੱਛਰਾਂ ਦੇ ਵਾਧੇ ਲਈ ਸਾਜਗਾਰ ਹਾਲਤਾਂ ਬਣ ਜਾਂਦੀਆਂ ਹਨ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ 18 ਕਰੋੜ ਅਬਾਦੀ ਸੜਕਾਂ ਉੱਤੇ ਅਤੇ 18 ਕਰੋੜ ਝੁੱਗੀਆਂ ਵਿੱਚ ਰਹਿੰਦੀ ਹੋਵੇ, ਮੁੰਬਈ ਦੀਆਂ ਧਾਰਾਵੀ ਵਰਗੀਆਂ ਬਸਤੀਆਂ ਵਿੱਚ ਲੋਕ ਸਾਰੀ ਉਮਰ ਬਿਤਾਉਣ ਲਈ ਸਰਾਪੇ ਹੋਣ, ਉੱਥੇ ਡੇਂਗੂ ਤੋਂ ਇਹਨਾਂ ਨੂੰ ਕੌਣ ਬਚਾਅ ਸਕਦਾ ਹੈ? ਇਹੋ ਕਾਰਣ ਹੈ ਕਿ ਭਾਰਤ ਵਿੱਚ ਹਰ ਸਾਲ ਮਾਨਸੂਨ ਵੇਲ਼ੇ ਅਤੇ ਇਸ ਤੋਂ ਬਾਅਦ ਦੇ ਸਮੇਂ ਦਰਮਿਆਨ ਡੇਂਗੂ ਦੇ ਕੇਸ ਤੇਜੀ ਨਾਲ਼ ਵਧਦੇ ਹਨ। ਇਸ ਬੀਮਾਰੀ ਦੇ ਆਉਣ ਬਾਰੇ ਸਰਕਾਰਾਂ ਨੂੰ, ਸਿਹਤ ਮੰਤਰੀਆਂ ਨੂੰ, ਪ੍ਰਬੰਧਕੀ ਅਦਾਰਿਆਂ ਆਦਿ ਨੂੰ ਸਭ ਪਹਿਲੋਂ ਹੀ ਪਤਾ ਹੁੰਦਾ ਹੈ ਪਰ ਮਹਿਜ ਵਿਖਾਵੇ ਤੋਂ ਬਿਨਾਂ ਅਸਲ ਮਾਅਨਿਆਂ ਵਿੱਚ ਕੁੱਝ ਨਹੀਂ ਕੀਤਾ ਜਾਂਦਾ।

  ਜੋ ਕੀਤਾ ਜਾਂਦਾ ਹੈ ਉਹ ਇਹ ਕਿ ਇਸ ਬੀਮਾਰੀ ਦਾ ਹਊਆ ਖੜ੍ਹਾ ਕਰਕੇ ਕਰੋੜਾਂ ਰੁਪਏ ਲੋਕਾਂ ਦੀ ਜੇਬ ਵਿੱਚੋਂ ਹਰ ਸਾਲ ਕਢਵਾ ਲਏ ਜਾਂਦੇ ਹਨ। ਧੜਾਧੜ ਟੈਸਟਾਂ ਦੀ ਸਲਾਹ ਦਿੱਤੀ ਹੈ। ਸ਼ਹਿਰਾਂ ਦੇ ਵੱਡੇ-ਵੱਡੇ ਹਸਪਤਾਲਾਂ ਤੋਂ ਲੈ ਕੇ, ਕਸਬਿਆਂ, ਪਿੰਡਾਂ ਦੇ ਕਲੀਨਿਕਾਂ, ਗਲ਼ੀ-ਗਲ਼ੀ ਬੈਠੇ “ਡਾਕਟਰਾਂ” ਦਾ “ਸੀਜ਼ਨ” ਚੱਲ ਪੈਂਦਾ ਹੈ। ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਪਹਿਲੋਂ ਹੀ ਕੱਢ ਛੱਡਿਆ ਹੈ, ਉੱਤੋਂ ਰਹਿੰਦੀ ਕਸਰ ਇੱਥੇ ਪੂਰੀ ਹੋ ਜਾਂਦੀ ਹੈ। “ਸੈੱਲ ਘਟਣ” ਦੇ ਨਾਂ ਤੋਂ ਹੀ ਲੋਕ ਡਰਨ ਲੱਗਦੇ ਹਨ। ਜਿਸ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜਰੂਰੀ ਹੈ। ਅਸਲ ਵਿੱਚ ਲੋਕ ਜਿਸਨੂੰ “ਸੈੱਲ ਘਟਣਾ” ਕਹਿੰਦੇ ਹਨ ਇਹ ਸਰੀਰ ਵਿੱਚ ਸਾਡੇ ਖੂਨ ਵਿੱਚ ਮੌਜੂਦ ਇੱਕ ਤਰ੍ਹਾਂ ਦੀਆਂ ਕੋਸ਼ਿਕਾਵਾਂ ਹਨ, ਜਿਹਨਾਂ ਨੂੰ ਜੀਵ ਵਿਗਿਆਨਕ ਭਾਸ਼ਾ ਵਿੱਚ ‘ਪਲੇਟਲੈੱਟਸ’ ਕਿਹਾ ਜਾਂਦਾ ਹੈ। ਇਹ ‘ਪਲੇਟਲੈਟਸ’ ਸੱਟ-ਫੇਟ ਆਦਿ ਵੇਲ਼ੇ ਖੂਨ ਨੂੰ ਵਗਣ ਤੋਂ ਰੋਕਣ ਵਿੱਚ ਸਹਾਈ ਹੁੰਦੇ ਹਨ। ਆਮ ਤੌਰ ’ਤੇ ਤੰਦਰੁਸਤ ਮਨੁੱਖ ਵਿੱਚ ਇਹਨਾਂ ਦੀ ਗਿਣਤੀ ਡੇਢ ਤੋਂ ਚਾਰ ਲੱਖ ਪ੍ਰਤੀ ਮਾਈਕ੍ਰੋਲੀਟਰ ਤੱਕ ਹੁੰਦੀ ਹੈ। ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਇਹਨਾਂ ਦੀ ਗਿਣਤੀ ਡੇਢ ਲੱਖ ਤੋਂ ਘਟਦਿਆਂ ਹੀ ਇਨਸਾਨ ਨੂੰ ਕੋਈ ਫੌਰੀ ਖਤਰਾ ਖੜ੍ਹਾ ਹੋ ਜਾਂਦਾ ਹੈ। ਉਲਟਾ ਜੇਕਰ ਸਰੀਰ ਅੰਦਰ ਕੋਈ ਗੰਭੀਰ ਕਾਰਣ ਮੌਜੂਦ ਨਹੀਂ ਹੈ ਤਾਂ ਇਹਨਾਂ ਦੀ ਗਿਣਤੀ ਭਾਵੇਂ 50 ਹਜ਼ਾਰ ਤੱਕ ਵੀ ਘਟ ਜਾਵੇ ਮਨੁੱਖ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਪਲੇਟਲੈੱਟਸ ਦੀ ਗਿਣਤੀ ਘਟ ਕੇ 25,000 ਤੋਂ 50,000 ਪ੍ਰਤੀ ਮਾਈਕ੍ਰੋਲੀਟਰ ’ਤੇ ਆ ਜਾਂਦੀ ਹੈ, ਜਿਹਾ ਕਿ ਡੇਂਗੂ ਦੇ ਕੁੱਝ ਕੇਸਾਂ ਵਿੱਚ ਹੁੰਦਾ ਹੈ, ਤਾਂ ਵੀ ਸਹੀ ਸਮੇਂ ਇਲਾਜ ਮਿਲ਼ਣ ਨਾਲ਼ ਮਰੀਜ ਠੀਕ ਹੋ ਜਾਂਦਾ ਹੈ, ਜੇਕਰ ਇਹ ਗਿਣਤੀ 25000 ਪ੍ਰਤੀ ਮਾਈਕ੍ਰੋਲੀਟਰ ਤੋਂ ਵੀ ਥੱਲੇ ਜਾਂਦੀ ਹੈ ਤਾਂ ਕਈ ਵਾਰ ਮਰੀਜ਼ ਨੂੰ ਹਸਪਤਾਲ ਭਰਤੀ ਕਰਨਾ ਪੈਂਦਾ ਹੈ।

  ਪਰ ਸਾਡੇ ਇੱਥੇ ਤਾਂ ਪਲੇਟਲੈੱਟਸ ਦੀ ਗਿਣਤੀ ਇੱਕ ਲੱਖ ਹੁੰਦਿਆਂ ਹੀ ਲੋਕਾਂ ਵਿੱਚ “ਸੈੱਲ ਘਟਣ” ਦਾ ਡਰਾਵਾ ਪਾ ਦਿੱਤਾ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਇਸ ਡਰ ਨੂੰ ਕੈਸ਼ ਕੀਤਾ ਜਾਂਦਾ ਹੈ। ਬਿਨਾਂ ਸ਼ੱਕ ਡੇਂਗੂ ਦੀ ਬੀਮਾਰੀ ਵਿੱਚ ਸਾਡੇ ਅੰਦਰ ਪਲੇਟਲੈੱਟਸ ਦੀ ਕਮੀ ਹੁੰਦੀ ਹੈ। ਪਰ ਹਕੀਕਤ ਇਹ ਹੈ ਕਿ ਇਹ ਕਮੀ ਸਿਰਫ ਡੇਂਗੂ ਵਿੱਚ ਹੀ ਨਹੀਂ, ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿੱਚ ਵੀ ਹੋ ਜਾਂਦੀ ਹੈ। ਮੈਡੀਕਲ ਇਤਿਹਾਸ ਵਿੱਚ ਅਜਿਹੇ ਲੋਕਾਂ ਦੇ ਅਨੇਕਾਂ ਕੇਸ ਦਰਜ ਹਨ ਜੋ 50 ਹਜਾਰ ਪਲੇਟਲੈਟਸ ਨਾਲ਼ ਬਿਨਾਂ ਕਿਸੇ ਗੰਭੀਰ ਸਮੱਸਿਆ ਦੇ ਆਪਣੀ ਜ਼ਿੰਦਗੀ ਬਿਤਾਉਂਦੇ ਹਨ। ਅਸਲ ਵਿੱਚ ਸਿਰਫ ਪਲੇਟਲੈੱਟਸ ਦਾ ਘਟਣਾ ਆਪਣੇ ਆਪ ਵਿੱਚ ਕੋਈ ਖਤਰਨਾਕ ਸੰਕੇਤ ਨਹੀਂ ਹੁੰਦਾ। ਇਹਨਾਂ ਪਿਛਲੇ ਕਾਰਣ ਇਸਦੀ ਗੰਭੀਰਤਾ ਨੂੰ ਤੈਅ ਕਰਦੇ ਹਨ ਜੋ ਜ਼ਿਆਦਾ ਕੇਸਾਂ ਵਿੱਚ ਸਧਾਰਨ ਹੁੰਦੇ ਹਨ ਅਤੇ ਬਹੁਤ ਵਿਰਲੇ ਕੇਸਾਂ ਵਿੱਚ ਹੀ ਖਤਰਨਾਕ ਹੁੰਦੇ ਹਨ। ਇਹ ਫਰਕ ਲੋਕਾਂ ਨੂੰ ਸਮਝਾਉਣ ਦੀ ਜਗ੍ਹਾ ਉਹਨਾਂ ਦੀ ਅਗਿਆਨਤਾ ਦਾ ਫਾਇਦਾ ਚੁੱਕਿਆ ਜਾਂਦਾ ਹੈ। ਦਰਅਸਲ ਇਹ ਸਰਮਾਏਦਾਰਾ ਪ੍ਰਬੰਧ ਸਿਖਾਉਂਦਾ ਹੀ ਇਹ ਹੈ ਕਿ ਹਰ ਗੱਲ ਵਿੱਚੋਂ ਮੁਨਾਫਾ ਕਿਵੇਂ ਭਾਲਣਾ ਹੈ। ਪਰ ਕੁੱਝ ਕੁ ਡਾਕਟਰਾਂ ਨੂੰ ਦੋਸ਼ੀ ਠਹਿਰਾ ਦੇਣ ਦਾ ਮਤਲਬ ਹੋਵੇਗਾ ਕਿ ਅਜਿਹੀਆਂ ਬੀਮਾਰੀਆਂ ਦੇ ਅਸਲ ਕਾਰਨਾਂ ਦੀ ਜੜ ਤੱਕ ਨਾ ਪਹੁੰਚਣਾ। ਅਸਲ ਦੋਸ਼ੀ ਤਾਂ ਇਹ ਸਰਮਾਏਦਾਰਾ ਪ੍ਰਬੰਧ ਹੀ ਹੈ। ਇਹ ਪ੍ਰਬੰਧ ਹੀ ਸੀ ਜਿਸਨੇ ਸੰਸਾਰ ਜੰਗ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਡੇਂਗੂ ਦੀ ਬੀਮਾਰੀ ਸੰਸਾਰ ਪੱਧਰ ਉੱਤੇ ਫੈਲ ਗਈ ਸੀ। ਇਸ ਦੀਆਂ ਹੀ ਨਿੱਜੀਕਰਨ ਦੀਆਂ ਨੀਤੀਆਂ ਨੇ ਲੋਕਾਂ ਲਈ ਜਨਤਕ ਸਿਹਤ ਪ੍ਰਬੰਧ ਦਾ ਭੋਗ ਪਾ ਦਿੱਤਾ ਅਤੇ ਲੋਕਾਂ ਦੀ ਸਿਹਤ ਸਬੰਧੀ ਹਰ ਕਿਸਮ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। ਇੱਕ ਹੋਰ ਸਵਾਲ ਜੋ ਜ਼ਿਹਨ ਵਿੱਚ ਆਉਂਦਾ ਹੈ, ਉਹ ਇਹ ਹੈ ਕਿ ਕੀ ਅਜਿਹੀਆਂ ਬੀਮਾਰੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਜਾਂ ਫਿਰ ਇਹ ਕੋਈ ਅਣਹੋਣੀ ਮੰਗ ਹੈ, ਜੋ ਅਸੀਂ ਸਰਕਾਰਾਂ ਤੋਂ ਕਰ ਰਹੇ ਹਾਂ। ਕੁੱਝ ਮਿਸਾਲਾਂ ਰਾਹੀਂ ਸਮਝਦੇ ਹਾਂ। ਬ੍ਰਾਜ਼ੀਲ ਅਤੇ ਕਿਊਬਾ ਵਰਗੇ ਦੇਸ਼ਾਂ ਵਿੱਚ ਡੇਂਗੂ ਦੀ ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਸਬੰਧੀ ਕਾਫੀ ਸਫਲ ਉਪਰਾਲੇ ਸਾਹਮਣੇ ਆਏ ਹਨ, ਭਾਵੇਂ ਕਿ ਇੱਥੇ ਵੀ ਇਸ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਅਸਲ ਵਿੱਚ ਸਰਮਾਏਦਾਰਾ ਆਰਥਕ ਸਮਾਜਕ ਬਣਤਰ ਹੀ ਇਹਨਾਂ ਬੀਮਾਰੀਆਂ ਦੇ ਵਧਣ ਫੁੱਲਣ ਲਈ ਅਧਾਰ ਮੁਹੱਈਆ ਕਰਾਉਂਦੀ ਹੈ। ਸਰਮਾਏਦਾਰੀ ਵਾਤਾਵਰਣ ਦੀ ਤਬਾਹੀ ਤਾਂ ਕਰਦੀ ਹੈ, ਨਾਲ਼ ਹੀ ਵੱਡੇ ਪੈਮਾਨੇ ਉੱਤੇ ਲੋਕਾਂ ਦਾ ਉਜਾੜਾ ਕਰਦੀ ਜਾਂਦੀ ਹੈ।

  ਲਗਾਤਾਰ ਵਧਦੀ ਆਰਥਿਕ ਨਾ ਬਰਾਬਰੀ, ਕੰਗਾਲੀ, ਬੇਰੁਜ਼ਗਾਰੀ ਦਾ ਸਿੱਟਾ ਇਹ ਹੁੰਦਾ ਹੈ ਕਿ ਵਸੋਂ ਦਾ ਇੱਕ ਵੱਡਾ ਹਿੱਸਾ ਇਸ ਪ੍ਰਬੰਧ ਅੰਦਰ ਬੇਹਦ ਮਾੜੀਆਂ ਹਾਲਤਾਂ ਵਿੱਚ ਜ਼ਿੰਦਗੀ ਬਤੀਤ ਕਰਣ ਲਈ ਮਜਬੂਰ ਹੁੰਦਾ ਹੈ। ਇਹ ਜਾਨਣ ਲਈ ਕਿਸੇ ਵੀ ਵੱਡੇ ਸ਼ਹਿਰ ਵਿੱਚ ਮਜ਼ਦੂਰ ਵਿਹੜਿਆਂ ਵਿੱਚ ਜਾ ਕੇ ਇੱਕ ਨਜ਼ਰ ਮਾਰੀ ਜਾ ਸਕਦੀ ਹੈ। ਉਹਨਾਂ ਦੇ ਰਿਹਾਇਸ਼ੀ ਥਾਵਾਂ ਉੱਤੇ ਮੱਖੀਆਂ-ਮੱਛਰ ਹਰ ਵੇਲ਼ੇ ਪਣਪਦੇ ਰਹਿੰਦੇ ਹਨ। ਸਮਾਜ ਦੇ ਹਾਸ਼ੀਏ ’ਤੇ ਧੱਕ ਦਿੱਤੀ ਇਸ ਵਸੋਂ ਤੱਕ ਕੋਈ “ਸਿਹਤ-ਸਕੀਮ” ਵੀ ਨਹੀਂ ਪਹੁੰਚ ਪਾਉਂਦੀ। ਇਹੀ ਕਾਰਣ ਹੈ ਕਿ ਅਜਿਹੀਆਂ ਬੀਮਾਰੀਆਂ ਇਸ ਮੁਨਾਫੇਖੋਰ ਪ੍ਰਬੰਧ ਵਿੱਚ ਅਬਾਦੀ ਦੇ ਇੱਕ ਹਿੱਸੇ ਦੀ ਜਾਨ ਦਾ ਖੌਉ ਬਣ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਰਿਹਾਇਸ਼ੀ-ਸੈਨੀਟਰੀ ਹਾਲਤਾਂ, ਕੁਪੋਸ਼ਣ ਸਬੰਧੀ ਬੀਮਾਰੀਆਂ, ਅਬਾਦੀ ਵਿੱਚ ਮੌਤ ਦਰਾਂ ਦੇ ਫਰਕ ਆਦਿ ਪਿਛਲੇ ਸਮਾਜਕ ਅਤੇ ਜਮਾਤੀ ਕਾਰਨਾਂ ਨੂੰ ਘਟਾਕੇ ਨਹੀਂ ਵੇਖਿਆ ਜਾ ਸਕਦਾ।

  ਇਸ ਲਈ ਜਿੱਥੇ ਇੱਕ ਪਾਸੇ ਚੰਗੀਆਂ ਸਿਹਤ ਸਹੂਲਤਾਂ ਲਈ ਲੜਦੇ ਹੋਏ, ਸਰਕਾਰਾਂ ਕੋਲ਼ੋਂ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਵੱਡੇ ਪੈਮਾਨੇ ਉੱਤੇ ਸੈਨੀਟਰੀ ਸੁਧਾਰ ਕੀਤੇ ਜਾਣ, ਡੇਂਗੂ ਆਦਿ ਦੀ ਰੋਕਥਾਮ ਲਈ ਮੱਛਰਾਂ ਨੂੰ ਮਾਰਨ ਲਈ ਸਮੇਂ ਸਮੇਂ ’ਤੇ ਪਿੰਡਾਂ ਸ਼ਹਿਰਾਂ ਵਿੱਚ ਹਰ ਸਾਲ ਛਿੜਕਾਅ ਕੀਤੇ ਜਾਣ, ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਨਿਗਰਾਨ ਟੀਮਾਂ ਬਣਾਈਆਂ ਜਾਣ, ਡੇਂਗੂ ਦੇ ਕੇਸ ਜਿਹੜੇ ਮਹੀਨਿਆਂ ਵਿੱਚ ਵਧਦੇ ਹਨ ਉਸ ਸਮੇਂ ਵੱਧ ਡਾਕਟਰਾਂ ਦੀ ਤੈਨਾਤੀ ਕਰਕੇ ਸਰਕਾਰਾਂ ਵੱਲੋਂ ਥਾਂ-ਥਾਂ ਆਰਜ਼ੀ ਕਲੀਨਿਕਾਂ, ਮੋਬਾਈਲ ਕਲੀਨਿਕਾਂ, ਮੋਬਾਈਲ ਫੀਲਡ ਹਸਪਤਾਲਾਂ ਆਦਿ ਰਾਹੀਂ ਲੋਕਾਂ ਤੱਕ ਮੁਫਤ ਟੈਸਟਾਂ ਅਤੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ, ਉੱਥੇ ਨਾਲ਼ ਹੀ ਸਿਹਤ ਸਹੂਲਤਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਖਿਲਾਫ ਵੀ ਜੋਰਦਾਰ ਅਵਾਜ ਬੁਲੰਦ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ।

  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img