ਅੰਮ੍ਰਿਤਸਰ, 8 ਜੁਲਾਈ (ਗਗਨ) – 873 ਡੀ.ਪੀ.ਈ ਤੇ 74 ਲੈਕਚਰਾਰ ਜੋ ਕਿ 2011 ਤੋਂ ਲੈ ਕੇ 2020 ਤੱਕ ਦੀ ਲੰਬੀ ਉਡੀਕ ਮਗਰੋਂ ਕਾਂਗਰਸ ਸਰਕਾਰ ਵਿਚ ਭਰਤੀ ਹੋਏ ਹਨ ਦਾ ਵਫਦ ਸਟੇਟ ਕਮੇਟੀ ਆਗੂ ਕੇਸ਼ਵ ਕੋਹਲੀ,ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਜ਼ਿਲਾ ਸਰਪ੍ਰਸਤ ਸਰਦਾਰ ਗੁਰਪ੍ਰੀਤ ਸਿੰਘ ਰਿਆੜ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਏ ਡੀ ਸੀ ਰਣਬੀਰ ਸਿੰਘ ਮੂਧਲ ਨੂੰ ਮਿਲਿਆ ! ਕੇਸ਼ਵ ਕੋਹਲੀ ਨੇ ਦੱਸਿਆ ਕਿ ਜੋ ਸਾਡੀਆਂ ਪੋਸਟਾਂ ਏਨੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਨੂੰ ਇਸ ਸਰਕਾਰ ਵਿਚ ਪੂਰ ਪਾਇਆ ਗਿਆ ਹੈ ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ ਦੂਜੇ ਬੰਨੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਘਰ ਤੋਂ 200-300 ਕਿਲੋਮੀਟਰ ਦੂਰ ਸਟੇਸ਼ਨ ਅਲਾਟ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਪਰੋਬੇਸ਼ਨ ਸਮੇਂ ਦੌਰਾਨ ਉਹਨਾਂ ਦੀ ਬੇਹੱਦ ਘੱਟ ਤਨਖਾਹ ਵਿਚ ਘਰ ਤੋਂ ਬਹੁਤ ਦੂਰ ਹੋਣ ਕਰ ਅਧਿਆਪਕਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਹਨ ਅਤੇ ਉਹਨਾਂ ਦਾ ਗੁਜਾਰਾ ਮੁਸ਼ਕਿਲ ਨਾਲ ਹੋ ਰਿਹਾ ਹੈ ।
ਇਸ ਤੋਂ ਇਲਾਵਾ ਘਰੋਂ ਬੇਹੱਦ ਦੂਰ ਬੈਠੇ ਸਾਥੀਆਂ ਲਈ ਪਿੱਛੇ ਬਜੁਰਗ ਮਾਤਾ ਪਿਤਾ ਤੇ ਛੋਟੇ ਬੱਚਿਆਂ ਦੀ ਦੇਖਭਾਲ ਦੀ ਸਮੱਸਿਆ ਬਣ ਗਈ ਹੈ । ਯੂਨੀਅਨ ਦੇ ਹੋਰ ਆਗੂਆਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਤਕਰੀਬਨ ਡੇਢ ਸਾਲ ਦਾ ਸਮਾਂ ਬੀਤ ਚੁੱਕਾ ਹੈ ਆਪਣੇ ਘਰਾਂ ਤੋਂ ਦੂਰ ਰਹਿੰਦਿਆਂ ਤੇ ਹੋਰ ਅਧਿਆਪਕਾਂ ਵਾਂਗ ਆਉਣ ਵਾਲੇ ਬਦਲੀ ਗੇੜ ਵਿਚ ਉਹਨਾਂ ਨੂੰ ਵੀ ਵਿਚਾਰਿਆ ਜਾਵੇ ਤਾਂ ਜੋ ਉਹ ਹੋਰ ਊਰਜਾਵਾਨ ਹੋ ਕੇ ਆਪਣੇ ਕੰਮ ਨੂੰ ਕਰ ਸਕਣ। ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਜ਼ਿਲਾ ਸਰਪ੍ਰਸਤ ਸਰਦਾਰ ਗੁਰਪ੍ਰੀਤ ਸਿੰਘ ਰਿਆੜ ਨੇ ਕਿਹਾ ਕਿ ਜਲਦੀ ਹੀ ਬਦਲੀਆਂ ਦੇ ਮੁੱਦੇ ਨੂੰ ਲੈ ਕੇ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੌਕੇ ਮਨਦੀਪ ਸਿੰਘ ਸੁਨਾਮ, ਸੁਖਦੇਵ ਸਿੰਘ ਤਰਨਤਾਰਨ ਸੰਦੀਪ ਕੌਰ, ਅਨੀਤਾ ਰਾਣੀ,ਸ਼ਰਨਜੀਤ ਸਿੰਘ, ਇਕਬਾਲ ਸਿੰਘ, ਰੁਪਿੰਦਰ ਕੌਰ,ਬਿੱਕਰ ਸਿੰਘ ਭਾਰੀ ਗਿਣਤੀ ਵਿਚ ਫਿਜੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ,ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ।