ਫਰੀਦਕੋਟ, 7 ਮਾਰਚ (ਮਿੱਤਲ) – ਲੋਕ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਜਾਣੇ ਜਾਂਦੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਬੰਧਕੀ ਕਾਰਜਸ਼ੈਲੀ ਬੇਹੱਦ ਪ੍ਰਸ਼ੰਸਾਯੋਗ ਹੈ। ਆਪਣੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਨਾਲ ਇਹਨਾਂ ਨੇ ਜਿਲ੍ਹੇ ਦੇ ਸਾਰੇ ਵਿਭਾਗਾਂ ਅਤੇ ਕਰਮਚਾਰੀਆਂ ਨੂੰ ਅਨੁਸ਼ਾਸਨ ਤੇ ਸੇਵਾ ਭਾਵਨਾ ਦੀ ਲੜੀ ਵਿਚ ਪਰੋ ਕੇ ਰੱਖਿਆ ਹੈ। ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਅਤੇ ਉਹਨਾਂ ’ਤੇ ਅਮਲ ਕਰਾਉਣ ਲਈ ਮੋਹਰੀ ਰਹਿੰਦੇ ਹਨ। ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਨੇ ਡਾ. ਰੂਹੀ ਦੁੱਗ ਦੀ ਪ੍ਰਬੰਧਕੀ ਕਾਰਜਸ਼ੈਲੀ ਨੂੰ ਸਰਬਉੱਤਮ ਦੱਸਦੇ ਹੋਏ ਉਹਨਾਂ ਦੀ ਸ਼ਲਾਘਾ ਕੀਤੀ ਹੈ। ਟਰੱਸਟ ਦੇ ਉੱਚ ਪੱਧਰੀ ਵਫ਼ਦ ਨੇ ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਸਾਂਝੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਵਫ਼ਦ ਵਿਚ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ (ਸੇਵਾ ਮੁਕਤ ਨਾਇਬ ਤਹਿਸੀਲਦਾਰ) ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਸ੍ਰੀ ਕ੍ਰਿਸ਼ਨ ਆਰ.ਏ., ਜੀ.ਪੀ. ਛਾਬੜਾ ਅਤੇ ਅਮਨ ਭਾਰਤੀ ਆਦਿ ਸ਼ਾਮਲ ਸਨ। ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਦੀਆਂ ਸਰਵਉੱਤਮ ਪ੍ਰਬੰਧਕੀ ਕਾਰਜਸ਼ੈਲੀ ਲਈ ਵਧਾਈ ਦਿੱਤੀ।
ਇਸ ਮੌਕੇ ਟਰੱਸਟ ਆਗੂਆਂ ਨੇ ਕਿਹਾ ਕਿ ਆਪਣੀ ਡਿਊਟੀ ਨੂੰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਵਿਭਾਗ ਦੇ ਹੀਰੇ ਅਤੇ ਸਮਾਜ ਦੇ ਅਨਮੋਲ ਗਹਿਣੇ ਹੁੰਦੇ ਹਨ। ਅਜਿਹੇ ਅਧਿਕਾਰੀ ਸਰਕਾਰ ਅਤੇ ਆਮ ਲੋਕਾਂ ਵਿਚ ਮਹੱਤਵਪੂਰਨ ਕੜੀ ਦੀ ਭੂਮਿਕਾ ਨਿਭਾਉਂਦੇ ਹਨ। ਲਾਰਡ ਬੁੱਧਾ ਟਰੱਸਟ ਦੇ ਵਫ਼ਦ ਵੱਲੋਂ ਡਾ. ਰੂਹੀ ਦੁੱਗ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਅਵਾਰਡ ਆਫ਼ ਐਕਸੇਲੈਂਸ ਨਾਲ ਸਨਮਾਨਿਤ ਕਿਤਾ ਗਿਆ। ਵਫ਼ਦ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਟੀਮ ਵਰਕ ਦੀ ਤਰ੍ਹਾਂ ਕੰਮ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਯਤਨਸ਼ੀਲ ਹਨ। ਟਰੱਸਟ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਨੂੰ ਡਿਪਟੀ ਕਮਿਸ਼ਨਰ ਨੇ ਬੜੀ ਗੰਭੀਰਤਾ ਨਾਲ ਸੁਣਿਆ। ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਅੰਤਰ ਰਾਸ਼ਟਰੀ ਇਸਤਰੀ ਦਿਵਸ ਦੀ ਵਧਾਈ ਵੀ ਦਿੱਤੀ ਗਈ।