ਅੰਮ੍ਰਿਤਸਰ, 21 ਸਤੰਬਰ (ਗਗਨ) – ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਸਮੇਂ ਸਿਰ ਦਫਤਰ ਪਹੁੰਚ ਕੇ ਲੋਕ ਮਸਲਿਆਂ ਦੀ ਹੱਲ ਲਈ ਸੁਹਰਿਦ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਦਫਤਰੀ ਸਮੇਂ, ਜੋ ਕਿ ਸਵੇਰੇ 9 ਤੋਂ 5 ਵਜੇ ਤੱਕ ਹੈ, ਦਰਮਿਆਨ ਦਫਤਰਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਨਾਉਣ। ਉਨਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਛੁੱਟੀ ਲੈਣੀ ਹੈ ਤਾਂ ਇਸ ਬਾਬਤ ਪਹਿਲਾਂ ਸੂਚਿਤ ਕੀਤਾਜਾਵੇ।
ਉਨਾਂ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਲੋਕਾਂ ਦੀ ਖੱਜ਼ਲ-ਖੁਆਰੀ ਦਫਤਰਾਂ ਵਿਚ ਨਾ ਹੋਵੇ, ਇਸ ਲਈ ਜਰੂਰੀ ਹੈ ਕਿ ਸਮੇਂ ਸਿਰ ਦਫਤਰ ਪਹੁੰਚ ਕੇ ਆਪਣੇ ਕੰਮ ਨਿਪਟਾਏ ਜਾਣ। ਉਨਾਂ ਕਿਹਾ ਕਿ ਭਵਿੱਖ ਵਿਚ ਦਫਤਰਾਂ ਦੀ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ ਅਤੇ ਜੋ ਵੀ ਅਧਿਕਾਰੀ ਅੱਜ ਤੋਂ ਬਾਅਦ ਦੇਰ ਨਾਲ ਦਫਤਰ ਆਉਂਦੇ ਜਾਂ ਬਿਨਾਂ ਦੱਸੇ ਗੈਰ ਹਾਜ਼ਰ ਮਿਲੇ, ਉਨਾਂ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਇਸ ਵਿਸ਼ੇਸ਼ ਚੈਕਿੰਗ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਉਨਾਂ ਨੂੰ ਇਸ ਬਾਬਤ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਹਨ।