ਅੰਮ੍ਰਿਤਸਰ, 27 ਮਈ (ਰਛਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਈ ਏ ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿਚ ਸਾਡੇ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਅਤੇ ਉਨਾਂ ਦੇ ਪਤਨੀ ਕਮਿਸ਼ਨਰ ਕਾਰਪੋਰੇਸ਼ਨ ਕਮ ਸੀ ਈ ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿਤਲ ਦੀ ਬਦਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋ ਗਈ ਹੈ। ਦੋਵੇਂ ਮੀਆਂ-ਬੀਵੀ ਛੋਟੀ ਉਮਰ ਦੇ ਅਧਿਕਾਰੀ ਹਨ। ਜਦ ਡਾ. ਹਿਮਾਸ਼ੂੰ ਅਗਵਾਲ ਸਾਲ 2018 ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਚ ਆਏ ਸਨ, ਤਾਂ ਆਉਂਦੇ ਹੀ ਉਨਾਂ ਦਾ ਸਾਹਮਣਾ ਦੁਸਿਹਰਾ ਮੌਕੇ ਵਾਪਰੇ ਵੱਡੇ ਰੇਲ ਹਾਦਸੇ ਨਾਲ ਹੋਇਆ, ਜਿਸ ਵਿਚ 60 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਗਈ। ਦੁਸਿਹਰੇ ਦੀ ਇਹ ਰਾਤ ਸਾਰੀ ਰਾਤ ਸਮੁੱਚਾ ਪ੍ਰਸ਼ਾਸ਼ਨ ਮ੍ਰਿਤਕਾਂ ਨੂੰ ਸੰਭਾਲਣ ਤੇ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਉਤੇ ਲੱਗਾ ਰਿਹਾ।
ਇਸ ਹਾਦਸੇ ਵੇਲੇ ਜਿਲ੍ਹਾ ਅਧਿਕਾਰੀਆਂ ਨੇ ਲਗਾਤਾਰ 30-30 ਘੰਟੇ ਕੰਮ ਕੀਤਾ, ਜਿੰਨਾ ਵਿਚ ਡਾ. ਅਗਰਵਾਲ ਨੇ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਜਖਮੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਕਟਰਾਂ ਨਾਲ ਮਿਲਕੇ ਨਿਭਾਈ। ਇਸ ਮਗਰੋਂ ਡਾ. ਹਿਮਾਸ਼ੂੰ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਕੰਮ ਵੀ ਸਰਕਾਰ ਨਾਲ ਲਗਾਤਾਰ ਤਾਲਮੇਲ ਰੱਖਦੇ ਰਹੇ। ਮਾਰਚ 2020 ਜਦੋਂ ਤੋਂ ਕਰੋਨਾ ਨੇ ਅੰਮ੍ਰਿਤਸਰ ਵਿਚ ਦਸਤਕ ਦਿੱਤੀ ਹੈ, ਡਾ. ਹਿਮਾਸ਼ੂੰ ਡਿਪਟੀ ਕਮਿਸ਼ਨਰ ਸਾਹਿਬਾਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੇ ਆ ਰਹੇ ਹਨ। ਇਕ ਡਾਕਟਰ ਹੋਣ ਦੇ ਨਾਤੇ ਉਹ ਸੰਕਟ ਨੂੰ ਗੰਭੀਰਤਾ ਨਾਲ ਵੇਖਣ ਦੀ ਮੁਹਾਰਤ ਰੱਖਦੇ ਹਨ, ਜਿਸ ਸਦਕਾ ਪੰਜਾਬ ਸਰਕਾਰ ਨੇ ਉਨਾਂ ਨੂੰ ਬਤੌਰ ਅਸਿਸਟੈਂਟ ਸੈਕਟਰੀ ਮੈਡੀਕਲ ਸਿੱਖਿਆ ਦਾ ਵਾਧੂ ਚਾਰਜ ਦੇ ਕੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵਾਗਡੋਰ ਵੀ ਸੰਭਾਲ ਦਿੱਤੀ ਸੀ।
ਬੀਤੇ ਮਹੀਨੇ ਜਦੋਂ ਆਕਸੀਜਨ ਸੰਕਟ ਸ਼ੁਰੂ ਹੋਇਆ ਤਾਂ ਕਈ ਦਿਨ ਅਜਿਹੇ ਆਏ, ਜਦੋਂ ਜਿਲ੍ਹੇ ਵਿਚ ਆਕਸੀਜਨ ਦੀ ਸਪਲਾਈ ਲਗਭਗ ਖਤਮ ਹੋਣ ਕੰਢੇ ਪਹੁੰਚ ਜਾਂਦੀ ਰਹੀ, ਪਰ ਡਾ. ਹਿਮਾਸ਼ੂੰ ਅਗਰਵਾਲ ਦੀ ਸਾਰਥਕ ਪਹੁੰਚ ਅਤੇ ਲਗਤਾਰ ਇਸ ਮੁੱਦੇ ਉਤੇ ਡਿਪਟੀ ਕਮਿਸ਼ਨਰ ਸਮੇਤ ਚੰਡੀਗੜ੍ਹ ਸਥਿਤ ਮੁੱਖ ਦਫਤਰ ਨਾਲ ਰਾਬਤਾ ਰੱਖਣ ਨਾਲ ਸੰਕਟ ਐਨ ਆਖਰੀ ਸਮੇਂ ਉਤੇ ਹੱਲ ਹੋ ਜਾਂਦਾ ਰਿਹਾ, ਜਿਸ ਨਾਲ ਕਈ ਜਾਨਾਂ ਬਚੀਆਂ। ਇਸ ਦੌਰਾਨ ਡਾ. ਕੋਮਲ ਮਿੱਤਲ ਸ਼ਹਿਰ ਦੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕਰਨ, ਵੈਕਸੀਨ ਲਗਾਉਣ ਲਈ ਕੈਂਪ ਲਗਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ।
ਪੰਜਾਬ ਸਰਕਾਰ ਵੱਲੋਂ ਜਦੋਂ ਕੋਰੋਨਾ ਸੰਕਟ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਰਾਜਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਤਾਂ ਅੰਮ੍ਰਿਤਸਰ ਜਿਲ੍ਹੇ ਵਿਚੋਂ ਮਜ਼ਦੂਰਾਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਦੀ ਜ਼ਿੰਮੇਵਾਰੀ ਸ੍ਰੀਮਤੀ ਕੋਮਲ ਮਿਤਲ ਨੂੰ ਦਿੱਤੀ ਗਈ, ਜਿੰਨਾ ਨੇ ਆਪਣੀ ਟੀਮ ਨਾਲ ਇਸ ਵੱਡੇ ਕੰਮ ਨੂੰ ਸਿਰੇ ਚਾੜਿਆ। ਬਤੌਰ ਕਮਿਸ਼ਨਰ ਅਤੇ ਸੀ ਈ ਓ ਸਮਾਰਟ ਸਿਟੀ ਵੀ ਉਨਾਂ ਵੱਲੋਂ ਕੀਤੇ ਗਏ ਕੰਮ ਸਦਾ ਯਾਦ ਰਹਿਣਗੇ। ਸ਼ਹਿਰ ਵਾਸੀ ਆਸ ਕਰਦੇ ਹਨ ਕਿ ਅਗਰਵਾਲ ਜੋੜਾ ਆਪਣੀ ਸੇਵਾ ਦੌਰਾਨ ਫਿਰ ਵੀ ਅੰਮ੍ਰਿਤਸਰ ਆਵੇ ਅਤੇ ਸੇਵਾਵਾਂ ਦੇਵੇ। ਕੈਪਸ਼ਨ – ਸ੍ਰੀਮਤੀ ਕੋਮਲ ਮਿਤਲ ਤੇ ਡਾ. ਹਿਮਾਸ਼ੂੰ ਅਗਰਵਾਲ