18 C
Amritsar
Friday, March 24, 2023

ਡਾ.ਓਬਰਾਏ ਦੇ ਯਤਨਾਂ ਸਦਕਾ 42 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ

Must read

ਅੰਮ੍ਰਿਤਸਰ, 20  ਮਈ (ਰਛਪਾਲ ਸਿੰਘ)  – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ‘ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਹਿਸ਼ਮਪੁਰ ਕਲਾਂ (ਨੇਡ਼ੇ ਤਰਸਿੱਕਾ) ਨਾਲ ਸਬੰਧਤ 42 ਸਾਲਾ ਹਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਦਾ ਮਿ੍ਤਕ ਸਰੀਰ ਅੱਜ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਹਰਜਿੰਦਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਕਰੀਬ 17 ਸਾਲ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਜਦ ਕਿ ਉਹ ਭਾਰਤ ਆਉਣ ਉਪਰੰਤ ਮੁੜ ਬੀਤੀ 10 ਅਪ੍ਰੈਲ ਨੂੰ ਘਰੋਂ ਡੁਬਈ ਕੰਮ ਲਈ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੁਬਈ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਹੀ 5 ਮਈ ਨੂੰ ਉਸ ਨੇ ਕਿਸੇ ਪ੍ਰੇਸ਼ਾਨੀ ਦੇ ਚਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਦੋਸਤਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਹਰਜਿੰਦਰ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ, ਜਿਸ ਉਪਰੰਤ ਉਨ੍ਹਾਂ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਸਦਕਾ ਅੱਜ ਹਰਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜ ਪਰਿਵਾਰ ਨੂੰ ਸੌਂਪ ਦਿੱਤਾ ਹੈ।
ਡਾ.ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 233 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਅੰਦਰ ਭੇਜਣ।
ਹਵਾਈ ਅੱਡੇ ਤੇ ਮ੍ਰਿਤਕ ਸਰੀਰ ਲੈਣ ਪਹੁੰਚੇ ਹਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ, ਦੋਸਤ ਪ੍ਰਗਟ ਸਿੰਘ ਤੇ ਪ੍ਰਭਜੀਤ ਸਿੰਘ ਨੇ ਮ੍ਰਿਤਕ ਦੇਹ ਲੈ ਕੇ ਆਉਣ ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਮ੍ਰਿਤਕ ਸਰੀਰ ਭਾਰਤ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਦੀ ਬਦੌਲਤ ਹੀ ਹਰਜਿੰਦਰ ਦੇ ਪਰਿਵਾਰ ਅਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਕਰਨੇ ਨਸੀਬ ਹੋਏ ਹਨ।
ਜ਼ਿਕਰਯੋਗ ਹੈ ਕਿ ਇਸ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਡਾ.ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ ।

- Advertisement -spot_img

More articles

- Advertisement -spot_img

Latest article