More

  ਟੋਕੀਓ ਓਲੰਪਿਕ ਹਾਕੀ ‘ਚ ਚੰਡੀਗੜ੍ਹ ਤੇ ਮੋਹਾਲੀ ਦੇ ਤਿੰਨ ਪੰਜਾਬੀ ਕਰਨਗੇ ਭਾਰਤ ਦੀ ਨੁਮਾਇੰਦਗੀ

  ਐੱਸਏਐੱਸ ਨਗਰ, 7 ਜੁਲਾਈ (ਬੁਲੰਦ ਆਵਾਜ ਬਿਊਰੋ) – ਖੇਡਾਂ ਤੇ ਖਿਡਾਰੀਆਂ ਨੂੰ ਦਿਲੋਂ ਪਿਆਰਨ ਵਾਲੇ ਮਰਹੂਮ ਰਾਜਪਾਲ ਜੇਐੱਫਆਰ ਜੈਕਬ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਾਲ-2002 ‘ਚ ਚੰਡੀਗੜ੍ਹ ਹਾਕੀ ਅਕਾਡਮੀ ਹੋਂਦ ‘ਚ ਆਈ, ਜਿਸ ਸਦਕਾ ਇਸ ਹਾਕੀ ਨਰਸਰੀ ‘ਚੋਂ ਯੂਥ ਹਾਕੀ ਖਿਡਾਰੀਆਂ ਨੂੰ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਨਸੀਬ ਹੋਇਆ। ਚੰਡੀਗੜ੍ਹ ਹਾਕੀ ਅਕਾਡਮੀ ਦੇ ਖਿਡਾਰੀਆਂ ਧਰਮਵੀਰ ਸਿੰਘ, ਆਕਾਸ਼ਦੀਪ ਸਿੰਘ, ਰੁਪਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ, ਗੁਰਜਿੰਦਰ ਸਿੰਘ, ਗਗਨਦੀਪ ਸਿੰਘ ਜੂਨੀਅਰ, ਹਰਜੀਤ ਸਿੰਘ, ਹਰਮਨਪੀ੍ਤ ਸਿੰਘ, ਮਨਿੰਦਰ ਸਿੰਘ, ਸੰਜੈ ਕੁਮਾਰ, ਗਗਨਦੀਪ ਸਿੰਘ ਸੀਨੀਅਰ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ, ਸੁਖਮਨ ਸਿੰਘ, ਮਨਿੰਦਰ ਸਿੰਘ, ਸੰਜੇ, ਮਨਿੰਦਰ ਸਿੰਘ, ਗਗਨਦੀਪ ਸਿੰਘ ਜੂਨੀਅਰ, ਹਰਜੀਤ ਸਿੰਘ, ਹਰਮਨਪੀ੍ਤ ਸਿੰਘ, ਮਨਿੰਦਰ ਸਿੰਘ, ਸੰਜੈ ਕੁਮਾਰ, ਗਗਨਦੀਪ ਸਿੰਘ ਸੀਨੀਅਰ ਤੇ ਅਮਨਦੀਪ ਸਿੰਘ ਦੀ ਸਮੇਂ-ਸਮੇਂ ‘ਤੇ ਜੂਨੀਅਰ-ਸੀਨੀਅਰ ਕੌਮੀ ਟੀਮਾਂ ‘ਚ ਚੋਣ ਹੁੰਦੀ ਰਹੀ ਹੈ। 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਟੋਕੀਓ ਓਲੰਪਿਕ ਖੇਡਾਂ ‘ਚ ਚੰਡੀਗੜ੍ਹ ਤੇ ਮੋਹਾਲੀ ਦੇ ਤਿੰਨ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ ਤੇ ਹਾਰਦਿਕ ਸਿੰਘ 16 ਮੈਂਬਰੀ ਕੌਮੀ ਹਾਕੀ ਟੀਮ ਦੇ ਦਸਤੇ ‘ਚ ਸ਼ਾਮਲ ਹੋਣ ਸਦਕਾ ਦੇਸ਼ ਦੀ ਨੁਮਾਇੰਦਗੀ ਕਰਨਗੇ।

  ਚੰਡੀਗੜ੍ਹ ਹਾਕੀ ਅਕਾਡਮੀ ਦੇ ਟਰੇਨੀ ਲੈਫਟ ਫੁੱਲ ਬੈਕ ਰੁਪਿੰਦਰਪਾਲ ਸਿੰਘ ਨੂੰ 2006 ‘ਚ ਸਿੰਗਾਪੁਰ ਚਾਰ ਦੇਸ਼ਾਂ ਹਾਕੀ ਮੁਕਾਬਲਾ ਖੇਡਣ ਲਈ ਸੀਨੀਅਰ ਟੀਮ ‘ਚ ਬਰੇਕ ਹਾਸਲ ਹੋਈ। ਮਲੇਸ਼ੀਆ ਦੇ ਹਾਕੀ ਮੈਦਾਨ ‘ਤੇ ਰੁਪਿੰਦਰਪਾਲ ਨੂੰ ਤੇਜ਼-ਤਰਾਰ ਡਰੈਗ ਫਲਿੱਕਾਂ ਨਾਲ ਛੇ ਗੋਲ ਦਾਗਣ ਸਦਕਾ ਵਿਸ਼ਵ ਦੇ ਨਾਮੀਂ ਡਰੈਗ ਫਲਿੱਕਰ ਪਾਕਿਸਤਾਨ ਦੇ ਸੋਹੇਲ ਅੱਬਾਸ ਨਾਲ ਸਾਂਝੇ ਰੂਪ ‘ਚ ਟਾਪ-ਸਕੋਰਰ ਬਣਨ ਦਾ ਮਾਣ ਹਾਸਲ ਹੋਇਆ। ਡਿਫੈਂਸ ‘ਚ ਵਿਰੋਧੀ ਹਮਲਾਵਰਾਂ ਦੀ ਚੰਗੀ ਸਾਰ ਲੈਣ ਵਾਲੇ ਰੁਪਿੰਦਰਪਾਲ ਨੇ ਦਿੱਲੀ ‘ਚ ‘ਹੀਰੋ ਐਫਆਈਐਚ ਰੋਡ ਟੂ ਲੰਡਨ, ਦਿੱਲੀ-2012’ ਓਲੰਪਿਕ ਕੁਆਲੀਫਾਈ ਹਾਕੀ ਟੂਰਨਾਮੈਂਟ ਖੇਡਣ ਤੋਂ ਇਲਾਵਾ ਏਸ਼ੀਆ ਹਾਕੀ ਕੱੱਪ-2013 ਉਪ-ਜੇਤੂ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਟੂਰਨਾਮੈਂਟ ‘ਚ ਰੁਪਿੰਦਰਪਾਲ ਨੇ ਡਰੈਗ ਫਲਿਕਾਂ ਰਾਹੀਂ 6 ਗੋਲ ਕੱਢ ਕੇ ਆਪਣਾ ਸਿੱਕਾ ਜਮਾਇਆ। ਹੇਗ-2014 ਵਿਸ਼ਵ ਹਾਕੀ ਕੱਪ ਖੇਡਣ ਵਾਲੇ ਰੁਪਿੰਦਰਪਾਲ ਨੂੰ ਏਸ਼ਿਆਈ ਖੇਡਾਂ ਇੰਚਿਓਨ-2014 ‘ਚ ਗੋਲਡ ਮੈਡਲ ਤੇ ਜਕਾਰਤਾ-2018 ‘ਚ ਤਾਂਬੇ ਦਾ ਤਗਮਾ ਜੇਤੂ ਟੀਮ ਨਾਲ ਖੇਡਣ ਦਾ ਹੱਕ ਹਾਸਲ ਹੋਇਆ। ਇਸ ਤੋਂ ਇਲਾਵਾ ਰੁਪਿੰਦਰਪਾਲ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਓਰਡੋਸ ਸਿਟੀ-2011 ‘ਚ ਗੋਲਡ ਮੈਡਲ, ਦੋਹਾ-2012 ‘ਚ ਸਿਲਵਰ ਮੈਡਲ ਤੇ ਕੌਆਂਟਨ-2016 ‘ਚ ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਹਾਸਲ ਹੋਇਆ। ਰੀਓ-2016 ਓਲੰਪਿਕ ਖੇਡਣ ਵਾਲੇ ਰੁਪਿੰਦਰਪਾਲ ਨੂੰ ਏਸ਼ੀਆ ਹਾਕੀ ਕੱਪ ਇਪੋਹ-2013 ਅਤੇ ਗਲਾਸਗੋ-2014 ਰਾਸ਼ਟਰਮੰਡਲ ਖੇਡਾਂ ‘ਚ ਕਰਮਵਾਰ ਚਾਂਦੀ ਦੇ ਤਗਮੇ ਜਿੱਤਣ ਵਾਲੀ ਕੌਮੀ ਟੀਮ ਨਾਲ ਮੈਦਾਨ ‘ਚ ਨਿੱਤਰਨ ਦਾ ਹੱਕ ਹਾਸਲ ਹੋਇਆ। 30 ਸਾਲਾ ਡਿਫੈਂਡਰ ਰੁਪਿੰਦਰਪਾਲ 202 ਕੌਮਾਂਤਰੀ ਮੈਚਾਂ ‘ਚ 82 ਗੋਲ ਆਪਣੀ ਹਾਕੀ ‘ਚੋਂ ਕੱਢ ਚੁੱਕਾ ਹੈ।

  ਚੰਡੀਗੜ੍ਹ ਹਾਕੀ ਅਕਾਡਮੀ ਤੋਂ ਸਿਖਲਾਈਯਾਫਤਾ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਨੂੰ 2017 ‘ਚ ਕੌਮੀ ਹਾਕੀ ਟੀਮ ਵਲੋਂ ਖੇਡਣ ਲਈ ਬਰੇਕ ਮਿਲੀ। ਸੀਨੀਅਰ ਟੀਮ ਲਈ 47 ਕੌਮਾਂਤਰੀ ਮੈਚਾਂ ‘ਚ 15 ਗੋਲ ਦਾਗਣ ਵਾਲੇ ਫਾਰਵਰਡ ਗੁਰਜੰਟ ਸਿੰਘ ਨੂੰ ਅੰਡਰ-21 ਕੌਮੀ ਹਾਕੀ ਟੀਮ 11 ਮੈਚ ਖੇਡਣ ਦਾ ਮਾਣ ਹਾਸਲ ਕਰ ਚੁੱਕਾ ਹੈ। 26 ਜਨਵਰੀ, 1995 ‘ਚ ਜ਼ਿਲ੍ਹਾ ਅੰਮਿ੍ਤਸਰ ਦੇ ਕਸਬੇ ਅਟਾਰੀ ‘ਚ ਜਨਮੇਂ ਗੁਰਜੰਟ ਸਿੰਘ ਨੂੰ ਜੂਨੀਅਰ ਵਿਸ਼ਵ ਹਾਕੀ ਕੱਪ ਲਖਨਊ-2016 ਤੇ ਜੂਨੀਅਰ ਏਸ਼ੀਆ ਹਾਕੀ ਕੱਪ ਕੌਆਂਟਨ-2015 ‘ਚ ਦੋਵੇਂ ਵਾਰ ਚੈਂਪੀਅਨ ਹਾਕੀ ਟੀਮਾਂ ਨਾਲ ਮੈਦਾਨ ‘ਚ ਨਿੱਤਰਨ ਦਾ ਹੱਕ ਹਾਸਲ ਹੋਇਆ ਹੈ। ਜੂਨੀਅਰ ਕਰੀਅਰ ਤੋਂ ਇਲਾਵਾ ਗੁਰਜੰਟ ਨੂੰ ਸੀਨੀਅਰ ਹਾਕੀ ਦੀ ਨੁਮਾਇੰਦਗੀ ‘ਚ ਏਸ਼ੀਆ ਹਾਕੀ ਕੱਪ ਢਾਕਾ-2017 ਤੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਮਸਕਟ-2018 ‘ਚ ਦੋਵੇਂ ਵਾਰ ਚੈਂਪੀਅਨਸ਼ਿਪ ਜਿੱਤਣ ਤੋਂ ਇਲਾਵਾ ਵਿਸ਼ਵ ਹਾਕੀ ਲੀਗ ਭੁਵਨੇਸ਼ਵਰ-2017 ‘ਚ ਸਿਲਵਰ ਮੈਡਲ ਜਿੱਤਣ ਦਾ ਮਾਣ ਹਾਸਲ ਹੈ।

  ਮਿੱਡਫੀਲਡਰ ਹਾਰਦਿਕ ਸਿੰਘ: ਮੋਹਾਲੀ ਹਾਕੀ ਅਕਾਡਮੀ ਤੋਂ ਟਰੇਂਡ ਡਿਫੈਂਸਿਵ ਮਿੱਡਫੀਲਡਰ ਹਾਰਦਿਕ ਸਿੰਘ ਪਰਿਵਾਰ ਦੀ ਪੰਜਵੀਂ ਪੀੜੀ ‘ਚ ਦੇਸ਼ ਦੀ ਕੌਮੀ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ। ਹਾਰਦਿਕ ਦੇ ਦਾਦਾ ਪ੍ਰੀਤਮ ਸਿੰਘ ਤੇ ਪਿਤਾ ਵਰਿੰਦਰਪ੍ਰਰੀਤ ਸਿੰਘ ਨੇ ਜਿੱਥੇ ਕੌਮੀ-ਕੌਮਾਂਤਰੀ ਹਾਕੀ ਖੇਡਣ ਦਾ ਜੱਸ ਖੱਟਿਆ ਉੱਥੇ ਆਲਮੀ ਹਾਕੀ ਦੇ ਹਲਕਿਆਂ ‘ਚ ‘ਗੋਲਡਨ ਗਰਲ’ ਦੇ ਨਾਂ ਨਾਲ ਜਾਣੀ ਜਾਂਦੀ ਵਿਮੈਨ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਅਤੇ ਉਸ ਦਾ ਪਤੀ ਓਲੰਪੀਅਨ ਗੁਰਮੇਲ ਸਿੰਘ, ਹਾਰਦਿਕ ਦੇ ਭੂਆ-ਫੁੱਫੜ ਹਨ। ਵਿਸ਼ਵ ਪ੍ਰਸਿੱਧ ਡਰੈਗ ਫਲਿੱਕਰ ਸਾਬਕਾ ਓਲੰਪੀਅਨ ਜੁਗਰਾਜ ਸਿੰਘ ਤੇ ਕੌਮੀ ਖਿਡਾਰੀ ਹਰਮੀਕ ਸਿੰਘ ਵੀ ਹਾਰਦਿਕ ਦੇ ਨੇੜਲੇ ਰਿਸ਼ਤੇਦਾਰ ਹਨ। ਸਤੰਬਰ-23, 1998 ‘ਚ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ‘ਚ ਜਨਮਿਆਂ ਹਾਰਦਿਕ ਸਿੰਘ 2013 ਤੱਕ ਹਾਕੀ ਮੈਦਾਨ ਦੀ ਸਾਈਡ ਲਾਈਨ ‘ਤੇ ਬਾਲ ਸਾਂਭਣ ਲਈ ‘ਬਾਲ ਬੌਆਇ’ ਹੋਇਆ ਕਰਦਾ ਸੀ। 21 ਕੌਮਾਂਤਰੀ ਹਾਕੀ ਮੈਚ ਖੇਡ ਚੁੱਕੇ ਹਾਰਦਿਕ ਸਿੰਘ ਨੂੰ ਹਾਕੀ ਸਿਲੈਕਟਰਾਂ ਵਲੋਂ ਜੂਨੀਅਰ ਏਸ਼ੀਆ ਹਾਕੀ ਕੱਪ ਖੇਡਣ ਵਾਲੀ ਟੀਮ ਦਾ ਉਪ-ਕਪਤਾਨ ਵੀ ਨਿਯੁਕਤ ਕੀਤਾ ਗਿਆ। ਸਾਲ-2018 ‘ਚ ਸੀਨੀਅਰ ਟੀਮ ‘ਚ ਐਂਟਰੀ ਕਰਨ ਤੋਂ ਬਾਅਦ 22 ਸਾਲਾ ਹਾਰਦਿਕ ਨੂੰ ਮਸਕਟ-2018 ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ‘ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਤੋਂ ਇਲਾਵਾ ਵਿਸ਼ਵ ਹਾਕੀ ਕੱਪ ਭੁਵਨੇਸ਼ਵਰ-2018 ‘ਚ ਕੌਮੀ ਟੀਮ ਨਾਲ ਮੈਦਾਨ ‘ਚ ਨਿੱਤਰਨ ਦਾ ਸੁਭਾਗ ਪ੍ਰਾਪਤ ਹੋਇਆ।

  ਮਨਪ੍ਰੀਤ ਹੋਵੇਗਾ ਓਲੰਪਿਕ ਉਦਘਾਟਨ ਸਮਾਗਮ ਦਾ ਭਾਰਤੀ ਝੰਡਾਬਰਦਾਰ

  ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ 23 ਜੁਲਾਈ ਤੋਂ ਟੋਕੀਓ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਬਣਨਗੇ। ਉਹ ਇਹ ਮਾਣ ਛੇ ਵਾਰ ਦੀ ਵਿਸ਼ਵ ਚੈਂਪੀਅਨ ਤੇ ਲੰਡਨ ਓਲੰਪਿਕ ਦੀ ਤਾਂਬੇ ਦਾ ਮੈਡਲ ਜੇਤੂ ਮੁੱਕੇਬਾਜ਼ ਐੱਮਸੀ ਮੈਰੀਕੌਮ ਨਾਲ ਸਾਂਝੇ ਤੌਰ ’ਤੇ ਹਾਸਲ ਕਰਨਗੇ। ਜਲੰਧਰ ਦੇ ਹਿੱਸੇ ਪੰਜਵੀਂ ਵਾਰ ਇਹ ਮਾਣ ਆ ਰਿਹਾ ਹੈ ਤੇ ਮਿੱਠਾਪੁਰ ਦੇ ਹਿੱਸੇ ਦੂਜੀ ਵਾਰ।ਕਰਯੋਗ ਹੈ ਕਿ ਮਨਪ੍ਰੀਤ ਤੋਂ ਪਹਿਲਾਂ ਮਿੱਠਾਪੁਰ ਦੇ ਹੀ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਪਰਗਟ ਸਿੰਘ 1996 ਭਾਰਤੀ ਦਲ ਦੇ ਝੰਡਾਬਰਦਾਰ ਬਣ ਚੁੱਕੇ ਹਨ। ਇਸੇ ਤਰ੍ਹਾਂ ਜਲੰਧਰ ਵਸ ਚੁੱਕੇ ਪਹਿਲਵਾਨ ਕਰਤਾਰ ਸਿੰਘ ਵੀ 1988 ਵਿਚ ਇਹ ਮਾਣ ਹਾਸਲ ਕਰ ਚੁੱਕੇ ਹਨ। ਜਲੰਧਰ ਦੇ ਸੰਸਾਰਪੁਰ ਦੇ ਰਹਿਣ ਵਾਲੇ ਭਾਰਤੀ ਹਾਕੀ ਦੇ ਕਪਤਾਨ ਬਲਬੀਰ ਸਿੰਘ ਸੀਨੀਅਰ 1952 ਤੇ 1956 ਵਿਚ ਭਾਰਤੀ ਦਲ ਦੇ ਝੰਡਾਬਰਦਾਰ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ 2016 ਅਭਿਨਵ ਬਿੰਦਰਾ ਅਤੇ 1964 ਗੁਰਬਚਨ ਸਿੰਘ ਰੰਧਾਵਾ ਨੂੰ ਵੀ ਇਹ ਮਾਣ ਹਾਸਲ ਹੋ ਚੁੱਕਾ ਹੈ।

  ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਵੱਲੋਂ ਮੈਡਲ ਦੇ ਸਭ ਤੋਂ ਵੱਡੇ ਦਾਅਵੇਦਾਰਾਂ ਵਿਚੋਂ ਪਹਿਲਵਾਨ ਬਜਰੰਗ ਪੂਨੀਆ ਅੱਠ ਅਗਸਤ ਨੂੰ ਸਮਾਪਤੀ ਸਮਾਗਮ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣਗੇ। ਭਾਰਤੀ ਓਲੰਪਿਕ ਸੰਘ (ਆਈਓਏ) ਨੇ ਇਨ੍ਹਾਂ ਖੇਡਾਂ ਦੀ ਕਮੇਟੀ ਨੂੰ ਆਪਣੇ ਫ਼ੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਓਲੰਪਿਕ ਵਿਚ ਭਾਰਤ ਦੇ ਦੋ ਝੰਡਾਬਰਦਾਰ (ਇਕ ਪੁਰਸ਼ ਤੇ ਇਕ ਮਹਿਲਾ) ਹੋਣਗੇ। ਆਈਓਏ ਪ੍ਰਮੁੱਖ ਨਰਿੰਦਰ ਬਤਰਾ ਨੇ ਹਾਲ ਹੀ ਵਿਚ ਆਗਾਮੀ ਟੋਕੀਓ ਖੇਡਾਂ ਵਿਚ ਲਿੰਗਕ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਮੈਰੀਕੌਮ ਨੇ ਕਿਹਾ, ਇਹ ਮੇਰੇ ਲਈ ਬਹੁਤ ਵੱਡਾ ਪਲ ਹੋਵੇਗਾ ਕਿਉਂਕਿ ਇਹ ਮੇਰੀਆਂ ਆਖ਼ਰੀ ਓਲੰਪਿਕ ਖੇਡਾਂ ਹਨ। ਮੇਰੇ ਲਈ ਇਹ ਭਾਵਨਾਤਮਕ ਪਲ ਹੋ ਸਕਦਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img