27.9 C
Amritsar
Monday, June 5, 2023

ਜੱਥੇਦਾਰ ਨੇ ਆਸਟਰੇਲੀਆ ਸਰਕਾਰ ਨੂੰ ਕੀਤੀ ਅਪੀਲ, ਕਿਹਾ- ਕਿਰਪਾਨ ਪਹਿਨਣ ’ਤੇ ਪਾਬੰਦੀ ਕਰੇ ਰੱਦ

Must read

ਅੰਮ੍ਰਿਤਸਰ , 22 ਮਈ (ਰਛਪਾਲ ਸਿੰਘ) -ਸਕੂਲ ਵਿੱਚ ਕਿਰਪਾਨ ਉੱਤੇ ਪਾਬੰਦੀ ਪਿਛਲੇ ਦਿਨੀਂ ਹੋਈ ਘਟਨਾ ਤੋਂ ਬਾਅਦ ਲਗਾਈ ਗਈ ਸੀ। 6 ਮਈ ਨੂੰ ਸਿਡਨੀ ਦੇ ਇੱਕ ਸਬਰਬ ਗਲੈਨਵੁੱਡ ਵਿੱਚ ਜਿਸ ਨੂੰ ਕਿ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਦੇ ਹਾਈ ਸਕੂਲ ਵਿਖੇ ਇਕ ਅੰਮਿ੍ਤਧਾਰੀ 9ਵੀਂ ‘ਚ ਪੜ੍ਹਦੇ ਬੱਚੇ ਨੇ ਦੂਸਰੇ ਵਿਦਿਆਰਥੀ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਿ ਬੱਚਾ ਜ਼ਖਮੀ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਦੂਜੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਭੇਦ ਭਾਵ ਕਰ ਕੇ ਸਿੱਖ ਬੱਚੇ ਨੇ ਇਹ ਕਦਮ ਚੁੱਕਿਆ। ਦੱਸਣਯੋਗ ਹੈ ਕਿ ਦਸਤਾਰਧਾਰੀ ਬੱਚੇ ਨੂੰ ਦਸਤਾਰ ਤੇ ਦਾੜ੍ਹੀ ‘ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਵੀ ਹੋਣਾ ਪਿਆ।ਜ਼ਖ਼ਮੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਹੈ। ਸੂਬੇ ਦੀ ਸਿੱਖਿਆ ਮੰਤਰੀ ਸਾਰਾ ਮਿਸ਼ੈਲ ਨੇ ਕਿਹਾ ਕਿ ਇਹ ਸਖ਼ਤ ਕਦਮ ਉਨ੍ਹਾਂ ਨੂੰ ਤਦ ਚੁੱਕਣਾ ਪਿਆ ਤਾਂ ਜੋ ਦੁਬਾਰਾ ਅਜਿਹੀਆਂ ਘਟਨਾਵਾਂ ਨਾ ਹੋਣ। ਦੂਸਰੇ ਪਾਸੇ ਪੰਜਾਬੀ ਭਾਈਚਾਰੇ ਵਿਚ ਇਸ ਪਾਬੰਦੀ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।

ਆਸਟਰੇਲੀਆ ਸਰਕਾਰ ਵੱਲੋਂ ਸਕੂਲਾਂ ਵਿੱਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਕਕਾਰ ਵਜੋਂ ਸ੍ਰੀ ਸਾਹਿਬ ਪਹਿਨਣ ’ਤੇ ਲਾਈ ਗਈ ਰੋਕ ਬਾਰੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਉਥੋਂ ਦੀ ਸਰਕਾਰ ਸਿੱਖ ਭਾਵਨਾਵਾਂ ਦਾ ਧਿਆਨ ਰੱਖਦਿਆਂ ਆਪਣੇ ਇਸ ਫ਼ੈਸਲੇ ਨੂੰ ਵਾਪਸ ਲਵੇ। ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਆਸਟਰੇਲੀਆ ਦੇ ਭਾਰਤ ਵਿਚਲੇ ਸਫਾਰਤਖਾਨੇ ਨੂੰ ਪੱਤਰ ਭੇਜ ਕੇ ਇਸ ਫ਼ੈਸਲੇ ਪ੍ਰਤੀ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ। ਸਿਡਨੀ ਦੇ ਸਕੂਲਾਂ ਵਿੱਚ ਕਿਰਪਾਨ ‘ਤੇ ਲੱਗੀ ਪਾਬੰਦੀ ਨੂੰ ਲੈ ਕੇ ਸਮੂਹ ਸਿੱਖ ਭਾਈਚਾਰੇ ਦੇ ਨੁਮਾਇੰਦੇ ਆਸਟ੍ਰੇਲੀਅਨ ਸਰਕਾਰ ਦੇ ਮੰਤਰੀਆਂ ਨਾਲ ਗੱਲ-ਬਾਤ ਕਰ ਰਹੇ ਹਨ। ਇਸ ਦੀ ਜਾਣਕਾਰੀ ਅਮਨਦੀਪ ਸਿੰਘ ਸਿੱਧੂ ਨੇ ਦਿੱਤੀ। ਉਹਨਾਂ ਗੱਲ-ਬਾਤ ਰਾਹੀਂ ਦੱਸਿਆ ਕਿ ਇਹ ਅਸਥਾਈ ਪਾਬੰਦੀ ਹੈ। ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਤੇ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਹ ਕਿਰਪਾਨ ਸਿੱਖ ਧਰਮ ਵਿੱਚ ਵਿਸ਼ਵਾਸ ਕਰਨ ਵਾਲ਼ਿਆਂ ਨੂੰ ਨਿਮਰਤਾ ਅਤੇ ਨੈਤਿਕਤਾ ਪ੍ਰਦਾਨ ਕਰਦੀ ਹੈ ਜੋ ਕਿ ਸਿੱਖ ਧਰਮ ਦੇ ਲੋਕਾਂ ਲਈ ਮਹੱਤਵ ਰੱਖਦੀ ਹੈ।

ਸਕੂਲਾਂ ਵਿੱਚ ਕਿਰਪਾਨ ਦੀ ਪਾਬੰਦੀ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਿੱਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਇੱਕ ਆਨਲਾਈਨ ਮੀਟਿੰਗ ਵਿੱਚ ਸਾਰਾ ਮਿਸ਼ੇਲ (ਸਿੱਖਿਆ ਮੰਤਰੀ), ਜੈਫ ਲੀ (ਬਹੁ ਸਭਿਆਚਾਰਕ ਮੰਤਰੀ), ਗੁਰਮੇਸ਼ ਸਿੰਘ (ਐਮ ਐਲ ਏ ਕੌਫਸ ਹਾਰਬਰ), ਮਾਰਕ ਟੇਲਰ (ਐਮ ਐਲ ਏ ਸੈਵਨ ਹਿੱਲ),ਕੇਵਿਨ ਕੌਲੋਨੀ (ਐਮ ਐਲ ਏ ਰਿਵਰਸਟਨ) ਅਤੇ 30 ਤੋਂ ਵੱਧ ਕਮਿਉਨਿਟੀ ਲੀਡਰਾਂ ਅਤੇ ਅਧਿਕਾਰੀਆਂ ਨੇ ਮੌਜੂਦਾ ਮੁੱਦੇ ‘ਤੇ ਮੀਟਿੰਗ ਕੀਤੀ। ਸੂਬਾ ਸਰਕਾਰ ਨੇ ਇੱਕ ਯੋਜਨਾ ਤਿਆਰ ਕਰਨ ਲਈ ਸਿੱਖ ਕੌਮ ਨਾਲ ਇੱਕ ਵਿਸਥਾਰਤ ਪੜਤਾਲ ਅਤੇ ਨਿਰੰਤਰ ਸਲਾਹ ਮਸ਼ਵਰੇ ਦਾ ਭਰੋਸਾ ਦਿੱਤਾ ਹੈ ਜੋ ਭਾਈਚਾਰੇ ਦੀ ਸੁਰੱਖਿਆ ਅਤੇ ਸਿੱਖ ਧਰਮ ਦੇ ਮਾਣ ਨੂੰ ਯਕੀਨੀ ਬਣਾਏਗੀ।ਇਸ ਮੁੱਦੇ ਨੂੰ ਲੈ ਕੇ ਆਸਟ੍ਰੇਲੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਇੱਕ ਮੰਚ ‘ਤੇ ਇਕੱਠੇ ਹੋ ਕੇ ਸਾਰਥਕ ਯਤਨ ਕਰ ਰਹੇ ਹਨ ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਹੋਰ ਧਰਮਾਂ ਦੇ ਲੋਕ ਵੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹਮਾਇਤ ਵਿੱਚ ਉੱਤਰ ਆਏ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਸਟਰੇਲੀਆ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਰਪਾਨ ਪੰਜ ਕਕਾਰਾਂ ਵਿੱਚ ਸ਼ਾਮਲ ਹੈ ਤੇ ਸਿੱਖ ਧਰਮ ਵਿੱਚ ਇਸ ਦੀ ਵੱਡੀ ਅਹਿਮੀਅਤ ਹੈ, ਇਸ ਲਈ ਉਥੋਂ ਦੀ ਸਰਕਾਰ ਕਿਰਪਾਨ ਪਹਿਨਣ ’ਤੇ ਲਾਈ ਪਾਬੰਦੀ ਦਾ ਫ਼ੈਸਲਾ ਵਾਪਸ ਲਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਤੇ ਉਥੋਂ ਦੀਆਂ ਸਿੱਖ ਜਥੇਬੰਦੀਆਂ ਇਸ ਸਬੰਧੀ ਆਸਟਰੇਲੀਆ ਸਰਕਾਰ ਨਾਲ ਰਾਬਤਾ ਕਾਇਮ ਕਰਨ ਤੇ ਸਿੱਖ ਧਰਮ ਵਿੱਚ ਇਸ ਦੀ ਅਹਿਮੀਅਤ ਬਾਰੇ ਦੱਸਣ ਤੇ ਇਸ ਫ਼ੈਸਲੇ ਨੂੰ ਵਾਪਸ ਕਰਵਾਉਣ ਲਈ ਯਤਨ ਕਰਨ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਆਸਟਰੇਲੀਆ ਦੇ ਸਕੂਲਾਂ ਵਿੱਚ ਕਿਰਪਾਨ ਪਹਿਨਣ ’ਤੇ ਲਾਈ ਪਾਬੰਦੀ ਬਾਰੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੇ ਦਿੱਲੀ ’ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ’ਤੇ ਰੋਕ ਲਗਾਉਣੀ ਬੇਹੱਦ ਦੁਖਦਾਈ ਹੈ। ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਸਟਰੇਲੀਆ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨ ਪਹਿਨਣ ਦੀ ਮਨਾਹੀ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੀ ਆਜ਼ਾਦੀ ’ਤੇ ਹਮਲਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

- Advertisement -spot_img

More articles

- Advertisement -spot_img

Latest article