More

    ਜੱਜ ‘ਕਾਤਲ’ ਸੁਮੇਧ ਸੈਣੀ ‘ਤੇ ਮਿਹਰਬਾਨ ਕਿਉਂ?

    ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਇਕ ਬੁਝਾਰਤ ਬਣੀ ਹੋਈ ਹੈ। ਜਦੋਂ ਤੋਂ ਸੈਣੀ ਦੇ ਕਰੀਬੀ ਸਹਿਯੋਗੀ ਇੰਸਪੈਕਟਰਾਂ ਨੇ ਸੈਣੀ ਦੇ ਹੁਕਮਾਂ ਨਾਲ ਕੀਤੇ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਬਾਰੇ ਅਦਾਲਤ ਨੂੰ ਬਿਆਨ ਦਿੱਤੇ ਹਨ ਅਤੇ ਸੈਣੀ ਖਿਲਾਫ ਧਾਰਾ 302 ਦਾ ਵਾਧਾ ਹੋਇਆ ਹੈ, ਅਦਾਲਤ ਸੈਣੀ ਨੂੰ ਜ਼ਮਾਨਤ ਤੇ ਜ਼ਮਾਨਤ ਦੇ ਰਹੀ ਹੈ। ਹਲਾਂਕਿ ਸੈਣੀ ‘ਤੇ ਕਤਲ ਦਾ ਦੋਸ਼ ਹੈ ਪਰ ਆਮ ਕਰਕੇ ਸਿੱਖ ਨੌਜਵਾਨਾਂ ਨੂੰ ਮਹਿਜ਼ ਸ਼ੱਕ ਦੇ ਅਧਾਰ ‘ਤੇ ਯੂਏਪੀਏ ਵਰਗੇ ਕਾਨੂੰਨਾਂ ਵਿਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਕਈ-ਕਈ ਮਹੀਨੇ ਉਹਨਾਂ ਦੀਆਂ ਜ਼ਮਾਨਤਾਂ ਤਾਂ ਦੂਰ ਦੀ ਗੱਲ ਸੁਣਵਾਈਆਂ ਵੀ ਨਹੀਂ ਹੁੰਦੀਆਂ।

    ਸੈਣੀ ਨਾਲ ਕੀਤੇ ਜਾ ਰਹੇ ਇਸ ਖਾਸ ਵਤੀਰੇ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਸਮਾਜ ਦੀਆਂ ਭਾਰਤੀ ਰਾਜ ਵੱਲੋਂ ਬਣਾਈਆਂ ਪਰਤਾਂ ਵਿਚ ਉੱਪਰੀ ਪਰਤ ‘ਚ ਆਉਂਦਾ ਹੈ ਅਤੇ ਇਸ ਕਰਕੇ ਹੀ ਨਿਆਪਾਲਿਕਾ ਵੀ ਇਸ ਕਤਲ ਦੇ ਦੋਸ਼ੀ ਨਾਲ ਖਾਸ ਵਤੀਰਾ ਕਰ ਰਹੀ ਹੈ।

    ਅੱਜ ਵੀ ਅਦਾਲਤ ਨੇ ਸੈਣੀ ਦੀ ਗ੍ਰਿਫਤਾਰੀ ‘ਤੇ ਅਗਲੇ ਹੁਕਮਾਂ ਤਕ ਰੋਕ ਲਾਉਣ ਦਾ ਫੈਂਸਲਾ ਸੁਣਾ ਦਿੱਤਾ। ਬੀਤੇ ਕੱਲ੍ਹ ਅਦਾਲਤ ਨੇ ਸੈਣੀ ਨੂੰ ਦੋ ਦਿਨਾਂ ਦੀ ਜ਼ਮਾਨਤ ਦਿੱਤੀ ਸੀ। ਅੱਜ ਪੰਜਾਬ ਪੁਲਸ ਦੀਆਂ ਟੀਮਾਂ ਸੈਣੀ ਦੀ ਭਾਲ ਵਿਚ ਉਸਦੇ ਘਰ ਅਤੇ ਫਾਰਮ ਹਾਊਸ ‘ਤੇ ਪਹੁੰਚੀਆਂ ਪਰ ਸੈਣੀ ਦੇ ਸਰਕਾਰੀ ਅੰਗ ਰੱਖਿਅਕਾਂ ਨੇ ਪੁਲਸ ਨੂੰ ਇਹ ਕਹਿ ਕੇ ਬਰੰਗ ਮੋੜ ਦਿੱਤਾ ਕਿ ਸੈਣੀ ਘਰ ਵਿਚ ਨਹੀਂ ਹੈ।

    ਪਰ ਜਦੋਂ ਪੁਲਸ ਸੁਮੇਧ ਸੈਣੀ ਦੇ ਟਿਕਾਣਿਆਂ ‘ਤੇ ਛਾਪੇ ਮਾਰ ਰਹੀ ਸੀ ਤਾਂ ਸੈਣੀ ਨੇ ਅਦਾਲਤ ਵਿਚ ਪਹੁੰਚ ਕਰਕੇ ਗ੍ਰਿਫਤਾਰੀ ‘ਤੇ ਰੋਕ ਲਾਉਣ ਦੀ ਮੰਗ ਕੀਤੀ। ਸੁਮੇਧ ਸੈਣੀ ਨੇ ਵਕੀਲ ਏਪੀਐਸ ਦਿਉਲ ਰਾਹੀਂ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕਰਕੇ ਪੰਜਾਬ ਸਰਕਾਰ ‘ਤੇ ਅਦਾਲਤੀ ਹੁਕਮਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ।

    ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ। ਅਦਾਲਤ ਦੇ ਫੈਸਲੇ ਬਾਰੇ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਜਦੋਂ ਤੱਕ ਸੈਣੀ ਦੀ ਅਰਜ਼ੀ ਦਾ ਨਿਬੇੜਾ ਨਹੀਂ ਹੁੰਦਾ ਉਦੋਂ ਤੱਕ ਗ੍ਰਿਫ਼ਤਾਰੀ ‘ਤੇ ਅਰਜ਼ੀ ਰੋਕ ਬਰਕਰਾਰ ਰਹੇਗੀ।

    ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੋਸ਼ ਲਾਇਆ ਕਿ ਸੁਮੇਧ ਸੈਣੀ ਨੇ ਆਪਣੇ ਘਰ ਅਤੇ ਹੋਰ ਟਿਕਾਣਿਆਂ ਤੋਂ ਗਾਇਬ ਹੋ ਕੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਧਾਰਾ 364 ਮਾਮਲੇ ਵਿੱਚ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਸਮੇਂ ਸਾਬਕਾ ਪੁਲੀਸ ਅਧਿਕਾਰੀ ਨੂੰ ਇਹ ਆਦੇਸ਼ ਦਿੱਤੇ ਸੀ ਕਿ ਉਹ ਸ਼ਹਿਰ ਛੱਡ ਕੇ ਬਾਹਰ ਨਹੀਂ ਜਾਣਗੇ। ਵਿਰਕ ਨੇ ਕਿਹਾ ਕਿ ਜੇਕਰ ਸੈਣੀ ਖ਼ੁਦ ਨੂੰ ਏਨਾ ਦਲੇਰ ਅਫ਼ਸਰ ਮੰਨਦਾ ਹੈ ਤਾਂ ਹੁਣ ਉਹ ਗ੍ਰਿਫ਼ਤਾਰੀ ਦੇ ਡਰੋਂ ਕਿਉਂ ਭੱਜ ਰਹੇ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਹੋ ਕੇ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ।ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਵੇਗੀ ਤੇ ਉਸ ਸਮੇਂ ਤਕ ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ ਅਦਾਲਤ ਨੇ ਰੋਕ ਲਾ ਦਿੱਤੀ ਹੈ।

    ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img