ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਅਤੇ ਆਖ਼ਰੀ ਵਾਰ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਤੋਂ ਵਿਦਾਇਗੀ ਲੈਂਦਿਆਂ ਜਹਾਜ਼ ਰਾਹੀਂ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ਲਈ ਰਵਾਨਾ ਹੋਏ।
ਡੈਮੋਕਰੈਟਿਕ ਆਗੂ ਬਾਇਡਨ ਨੂੰ ਪ੍ਰਮੁੱਖ ਜਸਟਿਸ ਜੌਨ ਰੌਬਰਟਸ ਨੇ ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ਵਿੱਚ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ। ਹਿੰਸਕ ਦੰਗਿਆਂ ਅਤੇ ਸੁਰੱਖਿਆ ਚਿੰਤਾਵਾਂ ਦੌਰਾਨ ਬਾਇਡਨ ਨੇ ਕਿਹਾ ਕਿ ਜਮਹੂਰੀਅਤ ਦੀ ਜਿੱਤ ਹੋਈ ਹੈ।
ਬਾਇਡਨ ਨੇ ਕਿਹਾ, “ਅਸੀਂ ਆਪਣੇ ਲੋਕਤੰਤਰ ‘ਤੇ ਹਮਲੇ ਦਾ ਸਾਹਮਣਾ ਕਰ ਰਹੇ ਹਾਂ, ਖਤਰਨਾਕਰ ਵਾਇਰਸ ਦੀ ਮਾਰ ਝੱਲ ਰਹੇ ਹਾਂ, ਨਾਬਰਾਬਰੀ ਵੱਧ ਰਹੀ ਹੈ, ਨਸਲਵਾਦ ਦਾ ਪ੍ਰਭਾਵ ਵੱਧ ਰਿਹਾ ਹੈ, ਵਾਤਾਵਰਨ ਖਤਰੇ ਹੇਠ ਹੈ।” ਉਹਨਾਂ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਵਿਚੋਂ ਹਰ ਇਕ ਬਹੁਤ ਵੱਡੀ ਹੈ ਪਰ ਅਮਰੀਕੀ ਲੋਕ ਮਿਲ ਕੇ ਇਹਨਾਂ ਦਾ ਸਾਹਮਣਾ ਕਰ ਲੈਣਗੇ।
ਚੁਣੌਤੀਆਂ ਨਾਲ ਨਜਿੱਠਣਾ ਸੌਖਾ ਨਹੀਂ ਹੋਵੇਗਾ: ਕਮਲਾ ਹੈਰਿਸ
ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਹੈ ਕਿ 20 ਜਨਵਰੀ ਨੂੰ ਜੋਅ ਬਾਇਡਨ ਵੱਲੋਂ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ, ਜਿਨ੍ਹਾਂ ਨਾਲ ਨਜਿੱਠਣਾ ਸੌਖਾ ਨਹੀਂ ਹੋਵੇਗਾ। ਬਾਇਡਨ ਭਲਕੇ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋਣਗੇ। ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੋਵਿਡ-19 ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਦੇਸ਼ ਦੀ ਅਰਥ ਵਿਵਸਥਾ ਨੂੰ ਦਰੁਸਤ ਕਰਨਾ ਹੈ। ਕਰੋਨਾਵਾਇਰਸ ਨਾਲ ਅਮਰੀਕਾ ਦੇ 3,98,000 ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਵਿਅਕਤੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।