ਖਸਤਾ ਹਾਲ ਸੜਕਾਂ ਕਾਰਨ ਲੋਕ ਪ੍ਰੇਸ਼ਾਨ, ਹਾਦਸਿਆਂ ਦਾ ਬਣਿਆ ਰਹਿੰਦਾ ਹੈ ਡਰ
ਜੈਤੋ, 30 ਮਾਰਚ (ਮਨਜੀਤ ਸਿੰਘ ਢੱਲਾ) – ਸਥਾਨਕ ਸ਼ਹਿਰ ਵਿੱਚ ਟੁੱਟੀਆਂ ਸੜਕਾਂ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਜੈਤੋ ਤੋਂ ਚੰਦਭਾਨ, ਗੰਗਸਰ ਗੁਰਦੁਆਰਾ ਦੇ ਮੇਨ ਗੇਟ ਅੱਗੇ, ਰੇਲਵੇ ਸਟੇਸ਼ਨ ਸ਼ਰਮਾ ਟੈਂਟ ਹਾਊਸ ਦੇ ਨਜ਼ਦੀਕ ਮੇਨ ਰੋਡ, ਜੈਤੋ ਯੂਨੀਵਰਸਿਟੀ ਕਾਲਜ ਵਾਲੀ ਰੋਡ, ਬੱਸ ਸਟੈਂਡ ਤੋਂ ਜੈਤੋ ਪਿੰਡ ਵਾਲੀ ਮੇਨ ਰੋਡ, ਕੋਟਕਪੂਰਾ ਰੋਡ ਇਲਾਹਾਬਾਦ ਬੈਂਕ ਦੇ ਨਜ਼ਦੀਕ, ਮੁਕਤਸਰ ਰੋਡ ਹਸਪਤਾਲ ਦੇ ਮੇਨ ਗੇਟ ਅੱਗੇ ਤੇ ਹੋਰ ਬਹੁਤ ਸਾਰੀਆਂ ਸੜਕਾਂ ਸ਼ਹਿਰ ਵਿਚ ਟੁੱਟ ਚੁੱਕੀਆਂ ਹਨ ਤੇ ਵੱਡੇ ਵੱਡੇ ਖੱਡੇ ਸੜਕਾਂ ਵਿਚ ਪੈ ਚੁੱਕੇ ਤੇ ਇਨ੍ਹਾਂ ਖੂਨੀ ਸੜਕਾਂ ਕਾਰਨ ਲੋਕ ਦਰਜਨਾਂ ਦੇ ਕਰੀਬ ਜ਼ਖ਼ਮੀ ਹੋ ਗਏ ਹਨ। ਅਤੇ ਹੋਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰ ਰਹੇ ਹਨ।
ਜੈਤੋ ਪਿੰਡ ਨੂੰ ਜਾਂਦੀ ਸੜਕ ਗੁਰਦੁਆਰਾ ਗੰਗਸਰ ਸਾਹਿਬ ਵਾਲੀ ਸੜਕ ਤੇ ਥੱਲਏਓ ਬੱਜਰੀ/ਪੱਥਰ ਨਿਕਲ ਕੇ ਬਾਹਰ ਆ ਗਿਆ ਹੈ ਤੇ ਮੋਟਰਸਾਈਕਲ ਸਵਾਰ ਸਲਿਪ ਹੋ ਕੇ ਬੂਰੀ ਤਰਾਂ ਜ਼ਖ਼ਮੀ ਹੋ ਜਾਂਦੇ ਹਨ। ਇਸ ਮੁੱਖ ਸੜਕ ਦੀ ਹਾਲਤ ਖਸਤਾ ਹੈ ਇੱਥੋਂ ਦੇ ਵਸਨੀਕ ਲੰਬੇ ਸਮੇਂ ਤੋਂ ਸੜਕ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ । ਇਸੇ ਤਰੀਕੇ ਦਾ ਮਾੜਾ ਹਾਲ ਜੈਤੋ ਤੋਂ ਚੰਦਭਾਨ ਸੜਕ ਦਾ ਜਿੱਥੇ ਆਉਂਦੇ ਜਾਂਦੇ ਰਾਹਗੀਰ ਬੇਹੱਦ ਟੁੱਟੀ ਸੜਕ ਦੇ ਟੱਪਣ ਵੇਲੇ ਰਾਮ ਰਾਮ ਕਰਦੇ ਹਨ। ਸ਼ਹਿਰ ਦੀਆਂ ਸੰਪਰਕ ਸੜਕ ਦਾ ਹਾਲ ਵੀ ਮਾੜਾ ਹੋਇਆ ਪਿਆ ਹੈ। ਯੂਨੀਵਰਸਿਟੀ ਕਾਲਜ ਜੈਤੋ ਦਾਣਾ ਮੰਡੀ ਨੂੰ ਜਾਂਦੀ ਸੜਕ ਕੁੱਝ ਸਾਲ ਪਹਿਲਾਂ ਬਣੀ ਇਹ ਸੜਕ ਟੁੱਟ ਚੁੱਕੀ ਜਿੱਥੇ ਕਾਲਜ ਵਿੱਚ ਆਉਣ ਜਾਣ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਕੁੱਝ ਥਾਵਾਂ ਤੇ ਟੁੱਟੀਆਂ ਸੜਕਾਂ ‘ਤੇ ਪਏ ਟੋਏ ਅਤੇ ਵੱਟੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਬਰਸਾਤੀ ਮੌਸਮ ਵਿਚ ਸੜਕ ‘ਤੇ ਪਏ ਵੱਡੇ-ਵੱਡੇ ਟੋਇਆਂ ਵਿੱਚ ਭਰੇ ਚਿੱਕੜ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ।ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਸਰਕਾਰ ਤਾਂ ਬਦਲ ਗਈ ਪਰ ਸੜਕਾਂ ਦੇ ਰੂਪ ਨਹੀਂ ਬਦਲੇ। ਜੈਤੋ ਸ਼ਹਿਰ ਵਾਸੀ ਟੁੱਟੀਆਂ ਸੜਕਾਂ ਤੋਂ ਬਦਲਾਅ ਦੀ ਉਡੀਕ ਕਰ ਰਹੇ ਹਨ ।