More

    ਜੇਲ੍ਹਾਂ ‘ਚ ਬੰਦ ਬੇਦੋਸ਼ ਨੌਜਵਾਨਾਂ ਦੀ ਰਿਹਾਈ ਲਈ ਟੀਕਰੀ ਬਾਰਡਰ ‘ਤੇ ਕੱਢਿਆ ਗਿਆ ਰੋਸ ਮਾਰਚ

    ਟੀਕਰੀ ਬਾਰਡਰ : ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਟੀਕਰੀ ਬਾਰਡਰ ਵਿਖੇ 26 ਜਨਵਰੀ ਕਿਸਾਨ ਪਰੇਡ ਤੋਂ ਬਾਅਦ ਝੂਠੇ ਮੁਕੱਦਮੇ ਪਾਕੇ ਜੇਲ੍ਹਾਂ ਵਿੱਚ ਬੰਦ ਬੇਦੋਸ਼ ਨੌਜਵਾਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਪੈਦਲ ਮਾਰਚ ਕੀਤਾ ਗਿਆ। ਇਹ ਮਾਰਚ ਮੇਨ ਸਟੇਜ ਤੋਂ ਸ਼ੁਰੂ ਹੋ ਕੇ ਕਮੇਟੀ ਦੀ ਅਗਵਾਈ ਹੇਠ ਰੋਹਤਕ ਰੋਡ ‘ਤੇ ਗਿਆ ਅਤੇ ਵਾਪਸ ਮੇਨ ਸਟੇਜ ‘ਤੇ ਪਹੁੰਚ ਕੇ ਸਮਾਪਤ ਹੋਇਆ। ਅੱਜ ਦੀ ਸਟੇਜ ਦੀ ਪ੍ਰਧਾਨਗੀ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਪੈਨਲ ਵੱਲੋਂ ਲਗਾਤਾਰ ਜੇਲ੍ਹਾਂ ਵਿੱਚ ਬੰਦ ਬੇਦੋਸ਼ ਨੌਜਵਾਨ ਕਿਸਾਨਾਂ ਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ ਜਿਸਦੇ ਚਲਦਿਆਂ ਰੋਜ਼ਾਨਾ ਦਰਜਨਾਂ ਕਿਸਾਨਾਂ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬੂਟਾ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਬੈਠੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਬਾਰਡਰਾਂ ‘ਤੇ ਪਹੁੰਚਣਾ ਚਾਹੀਦਾ ਹੈ ਅਤੇ ਭਾਜਪਾ ਦੇ ਆਈ.ਟੀ ਸੈੱਲ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਦੇਵ ਸਿੰਘ ਸੰਦੋਹਾ ਨੇ ਦਿੱਲੀ ਪੁਲਸ ਵੱਲੋਂ ਬੇਦੋਸ਼ ਕਿਸਾਨਾਂ ਨੂੰ ਭੇਜੇ ਜਾ ਰਹੇ ਝੂਠੇ ਨੋਟਿਸਾਂ ‘ਤੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਇਹਨਾਂ ਨੋਟਿਸਾਂ ‘ਤੇ ਕਿਸਾਨਾਂ ਨੂੰ ਕੋਈ ਜਵਾਬ ਦੇਣ ਜਾਂ ਪੇਸ਼ ਹੋਣ ਦੀ ਲੋੜ ਨਹੀਂ, ਜੇਕਰ ਦਿੱਲੀ ਪੁਲਸ ਦਾ ਕੋਈ ਅਧਿਕਾਰੀ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਸੰਯੁਕਤ ਮੋਰਚਾ ਕਿਸਾਨਾਂ ਨਾਲ ਡਟਕੇ ਖੜ੍ਹਾ ਹੈ।


    ਅੰਤ ਵਿੱਚ ਸਾਰੇ ਕਿਸਾਨਾਂ, ਨੌਜਵਾਨਾਂ ਅਤੇ ਵਲੰਟੀਅਰਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਧੰਨਵਾਦ ਕੀਤਾ ਅਤੇ ਕੱਲ੍ਹ 23 ਫ਼ਰਵਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ, ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ਵਿੱਚ ਸਟੇਜ ‘ਤੇ ਪਹੁੰਚਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਅੰਗਰੇਜ਼ਾਂ ਵੱਲੋਂ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ 9 ਮਹੀਨੇ ਲੰਮਾ ਘੋਲ ਲੜਿਆ ਸੀ ਅਤੇ ਅੱਜ ਵੀ ਭਾਰਤ ਦੇ ਕਿਸਾਨ ਉਹਨਾਂ ਤੋਂ ਪ੍ਰੇਰਨਾ ਲੈਕੇ ਤਿੰਨੋ ਲੋਕ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਲੜ ਰਹੇ ਹਨ।

    ਹੋਰਨਾਂ ਤੋਂ ਇਲਾਵਾ ਹਰਦੇਵ ਅਰਸ਼ੀ, ਕੁਲਦੀਪ ਸਿੰਘ, ਅਨੂਪ ਸਿੰਘ ਚਨੌਤ, ਮੇਜਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਝਬੇਲਵਾਲੀ, ਬਲਦੇਵ ਸਿੰਘ ਭਾਈ ਰੂਪਾ ਅਤੇ ਜਸਬੀਰ ਕੌਰ ਨੱਤ ਨੇ ਸੰਬੋਧਨ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img