More

  ਜੂਨ 1984 ਦੀ ਸ੍ਰੀ ਦਰਬਾਰ ਸਾਹਿਬ ਦੀ ਘੇਰਾਬੰਦੀ ਤੇ ਸੰਤ ਭਿੰਡਰਾਂਵਾਲੇ

  ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਅਰੰਭਿਆ ਧਰਮਯੁੱਧ ਮੋਰਚਾ ਬਹੁਤ ਉਚਾਈਆਂ ਵੱਲ ਜਾ ਰਿਹਾ ਸੀ। ਅਕਾਲੀ ਵਰਕਰ ਲਗਾਤਾਰ ਵੱਡੀ ਗਿਣਤੀ ਵਿੱਚ ਹਰ ਰੋਜ ਗਿਰਫਤਾਰੀਆਂ ਦੇ ਰਹੇ ਸਨ। ਪਰ ਸ੍ਰੀ ਦਰਬਾਰ ਸਾਹਿਬ ਅੰਦਰ ਬੈਠੇ ਦੋ ਸੰਤਾਂ ਚੋ ਇੱਕ ਦਾ ਪ੍ਰਭਾਵ ਖਤਮ ਹੋਣ ਕਿਨਾਰੇ ਸੀ,ਦਫਤਰ ਵਿੱਚ ਸਿੱਖ ਸੰਗਤਾਂ ਦਾ ਆਉਣਾ ਜਾਣਾ ਤਕਰੀਬਨ ਬੰਦ ਹੋ ਜਾਣ ਵਰਗਾ ਸੀ ਤੇ ਦੂਜੇ ਦੇ ਖੇਮੇ ਚ ਸੰਗਤਾਂ ਦੀ ਗਿਣਤੀ ਵਿੱਚ ਦਿਨੋਂਂ ਦਿਨ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਸੀ।ਇੱਕ ਸੰਤ ਦੇ ਮਨ ਅੰਦਰ ਦੁਬਿਧਾ ਅਤੇ ਮੋਰਚੇ ਨੂੰ ਖਤਮ ਕਰਨ ਲਈ ਤੋੜ ਭੰਨ ਚੱਲ ਰਹੀ ਸੀ,ਜਦੋਂ ਕਿ ਦੂਜੇ ਸੰਤ ਦੇ ਚਿਹਰੇ ਤੇ ਦਿਨੋਂਂ ਦਿਨ ਸ਼ਹਾਦਤ ਨੂੰ ਪਾਉਣ ਦਾ ਰੂਹਾਨੀ ਨੂਰ ਝਲਕਣ ਲੱਗਾ ਸੀ।ਇੱਕ ਦੇ ਮਨ ਵਿਚ ਧਰਮ ਦੀ ਰਾਖੀ ਖਾਤਰ ਸਿਰ ਦੇਣ ਦੀ ਤਾਂਘ ਹੈ ਅਤੇ ਦੂਜੇ ਦੇ ਮਨ ਵਿਚ ਸਿਰ ਨੀਵਾਂ ਕਰਕੇ ਬਚ ਨਿਕਲਣ ਦੀ ਮਕਾਰੀ ਹੈ।ਇਹ ਉਸ ਸਮੇ ਦੀ ਗੱਲ ਹੈ ਜਦੋਂਂ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਮਹੌਲ ਲੱਗਭੱਗ ਤਿਆਰ ਕਰਨ ਚੁੱਕੀਆਂ ਸਨ। ਖੁਫੀਆ ਏਜੰਸੀਆਂ ਅਤੇ ਭਾਰਤ ਦੇ ਹਿੰਦੀ,ਅੰਗਰੇਜੀ ਅਖਬਾਰਾਂ ਦੀ ਮਹੀਨਿਆਂ ਬੱਧੀ ਸਖਤ ਮਿਹਨਤ ਰੰਗ ਲੈ ਹੀ ਆਈ ਸੀ।ਭਾਰਤੀ ਅਖਬਾਰਾਂ ਵੱਲੋਂ ਸਿੱਖਾਂ ਖਿਲਾਫ ਅਜਿਹਾ ਨਫਰਤੀ ਮਹੌਲ ਤਿਆਰ ਕੀਤਾ ਗਿਆ,ਜਿਸ ਦੀ ਬਦੌਲਤ ਸਾਰੇ ਭਾਰਤ ਦੇ ਲੋਕ ਸਿੱਖਾਂ ਨੂੰ ਸਬਕ ਸਿਖਾਉਣ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੀ ਜਾ ਰਹੀ ਦੇਰੀ ਤੇ ਨਰਾਜ਼ਗੀ ਜਤਾਉਣ ਲੱਗੇ। ਦਰਬਾ੍ਰ ਸਾਹਿਬ ਤੇ ਫੌਜਾਂ ਚਾੜ੍ਹਨ ਦਾ ਮਹੌਲ ਬਿਲਕੁਲ ਤਿਆਰ ਹੋ ਚੁੱਕਾ ਸੀ।ਤਤਕਾਲੀ ਪੱਤਰਕਾਰਾਂ ਦੀਆਂ ਨਜਰਾਂ ਵਿੱਚ ਧਰਮਯੁੱਧ ਮੋਰਚਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਨਹੀ ਬਲਕਿ ਅਲੱਗਵਾਦ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਹੀ ਦਰਸਾਇਆ ਜਾ ਰਿਹਾ ਸੀ। ਭਾਰਤੀ ਮੀਡੀਏ ਨੇ ਦੇਸ਼ ਦੀ ਫਿਜਾ ਅੰਦਰ ਨਫਰਤ ਦਾ ਅਜਿਹਾ ਜਹਿਰ ਘੋਲ ਦਿੱਤਾ,ਜਿਸ ਦੀ ਬਦੌਲਤ ਬਹੁ ਗਿਣਤੀ ਹਿੰਦੂ ਸਮਾਜ ਦਾ ਪੜਿਆ ਲਿਖਿਆ ਵਰਗ ਦੇਸ਼ ਦੀ ਏਕਤਾ ਅਤੇ ਅਖੰਡਤਾ ਬਚਾਉਣ ਦੇ ਭਾਵਨਾਤਿਮਕ ਨਾਹਰਿਆਂ ਤੋਂਂ ਪ੍ਰਭਾਵਤ ਹੋ ਕੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਹਾਮੀ ਹੋ ਚੁੱਕਾ ਸੀ ।

  ਹਰ ਚਿਹਰੇ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਉਤਸੁਕਤਾ ਦਿਖਾਈ ਦੇ ਰਹੀ ਸੀ। ਸਿੱਖ ਇਤਿਹਾਸ ਅਤੇ ਸਿੱਖੀ ਦੀਆਂ ਮਹਾਂਨ ਪਰੰਪਰਾਵਾਂ ਤੋਂਂ ਬੇਖਬਰ ਬਹੁ ਗਿਣਤੀ ਭਾਰਤੀ ਲੋਕਾਂ ਦੀ ਨਜਰ ਵਿੱਚ ਸ੍ਰੀ ਦਰਬਾਰ ਸਾਹਿਬ ਹੁਣ ਪਵਿੱਤਰ ਧਰਮ ਅਸਥਾਨ ਨਾ ਹੋ ਕੇ ਕਤਲਾਂ,ਗੁਨਾਹਗਾਰਾਂ ਅਤੇ ਪੇਸੇਵਰ ਮੁਜਰਮਾਂ ਦੀ ਪਨਾਹਗਾਹ ਤੋ ਵੱਧ ਕੁੱਝ ਵੀ ਨਹੀ ਸੀ,ਕਿਉਕਿ ਲੋਕ ਮਨਾਂ ਤੇ ਭਾਰਤੀ ਮੀਡੀਏ ਦੇ ਬਹੁਤ ਲੰਮੇ ਨਫਰਤੀ ਪਰਚਾਰ ਨੇ ਅਪਣਾ ਜਾਦੂਈ ਅਸਰ ਛੱਡਿਆ ਸੀ।ਭਾਰਤੀ ਕੌਮਨਿਸਟ ਸਿੱਧੇ ਅਤੇ ਸਪੱਸ਼ਟ ਰੂਪ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਪਿੱਠ ਤੇ ਡਟ ਗਏ ਸਨ।ਸੋਵੀਅਤ ਰੂਸ ਤੋ ਭਾਰਤ ਨੂੰ ਟੋਟੇ ਟੋਟੇ ਕਰਨ ਲਈ ਅਮਰੀਕਾ ਅਤੇ ਪਾਕਿਸਤਾਨ ਦੀਆਂ ਸਾਜਿਸ਼ਾਂ ਦੀ ਸਖਤ ਨਿਖੇਧੀ ਦੇ ਬਿਆਨ ਭਾਰਤੀ ਕਾਮਰੇਡਾਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਸਨ। ਸੋਵੀਅਤ ਯੂਨੀਅਨ ਦੀ ਖੂਫੀਆ ਏਜੰਸੀ ਕੇ ਜੀ ਬੀ ਇਸ ਸਬੰਧ ਵਿੱਚ ਪਰਮੁੱਖ ਭੂਮਿਕਾ ਅਦਾ ਕਰ ਰਹੀ ਸੀ।ਸੋਵੀਅਤ ਯੂਨੀਅਨ ਨੂੰ ਆਪਣਾ ਮੱਕਾ ਸਮਝਣ ਵਾਲੇ ਭਾਰਤੀ ਕਾਮਰੇਡਾਂ ਲਈ ਰੂਸ ਦੀਆਂ ਨੀਤੀਆਂ ਤੇ ਇੰਨ ਬਿੰਨ ਪਹਿਰਾ ਦੇਣਾ ਹੀ ਅਸਲ ਕੌਮਨਿਸਟ ਹੋਣ ਦਾ ਪਰਮਾਣ ਸੀ,ਇਸ ਲਈ ਭਾਰਤੀ ਕੌਮਨਿਸਟ ਪਾਰਟੀ ਦੇ ਜਨਰਲ ਸਕੱਤਰ ਰਾਜੇਸ਼ਵਰ ਰਾਓ ਦੇ ਉਸ ਮੌਕੇ ਦੇ ਕਾਂਗਰਸ ਭਗਤੀ ਵਾਲੇ ਬਿਆਨ ਦਰਸਾਉਂਦੇ ਹਨ ਕਿ ਕਿਸਤਰਾਂ ਕੌਮਨਿਸਟਾਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਜਰ ਅੰਦਾਜ ਕਰਕੇ ਕੇਂਦਰ ਦੀ ਕਾਂਗਰਸ ਸਰਕਾਰ ਦੀ ਪਿੱਠ ਥਾਪੜੀ ਸੀ।ਜਦੋਕਿ ਅਜਿਹੇ ਇੱਕਾ ਦੁੱਕਾ ਪੱਤਰਕਾਰ ਵੀ ਸਨ,ਜਿਹੜੇ ਇਸ ਮਸਲੇ ਦੇ ਸਿਆਸੀ ਹੱਲ ਦੀ ਵਕਾਲਤ ਕਰਦੇ ਸਨ,ਪਰ ਉਹਨਾਂ ਦੀਆਂ ਖਬਰਾਂ/ਆਰਟੀਕਲ ਬਹੁ ਗਿਣਤੀ ਪੱਤਰਕਾਰਾਂ ਦੀਆਂ ਅੱਗ ਲਾਊ ਲਿਖਤਾਂ ਦੀ ਗਰਦਸ਼ ਵਿੱਚ ਹੀ ਗੁੰਮ ਹੋ ਕੇ ਦਮ ਤੋੜ ਜਾਂਦੇ ਰਹੇ। ਇਸ ਤਰਾਂ ਹੀ ਉਸ ਮੌਕੇ ਦੇ ਜਨਤਾ ਪਾਰਟੀ ਦੇ ਸਿਰਕੱਢ ਆਗੂ ਸੁਵਰਾਮਨੀਅਮ ਸੁਆਮੀ ਵੀ ਸਨ,ਜਿਹੜੇ ਉਸ ਮੱਚਦੀ ਅੱਗ ਵਿੱਚ ਸੰਤ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਕਰਨ ਲਈ ਲਗਾਤਾਰ ਤਿੰਨ ਦਿਨ 24 ਅਪ੍ਰੈਲ ਤੋ 27 ਅਪ੍ਰੈਲ (1984 ) ਤੱਕ ਸ੍ਰੀ ਦਰਬਾਰ ਸਾਹਿਬ ਅੰਦਰ ਰਹੇ ਸਨ।ਉਹਨਾਂ ਵੱਲੋਂ ਦਿੱਲੀ ਜਾ ਕੇ ਅਖਬਾਰਾਂ ਨੂੰ ਦਿੱਤੇ ਬਿਆਨਾਂ ਵਿੱਚ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ,ਤਾਂ ਇਹ ਸਰਕਾਰ ਦੀ ਵੱਡੀ ਭੁੱਲ ਹੋਵੇਗੀ।ਉਹਨਾਂ ਇਹ ਵੀ ਕਿਹਾ ਸੀ ਕਿ ਜੇਕਰ ਭਾਰੀ ਗੋਲਾਬਾਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਨੁਕਸਾਨ ਹੋ ਗਿਆ,ਤਾਂ ਭਾਰਤ ਦਾ ਇੱਕ ਰਹਿਣ ਦਾ ਸੁਪਨਾ ਅਤੇ ਸੰਕਲਪ ਤਹਿਸ ਨਹਿਸ ਹੋ ਜਾਵੇਗਾ।

  ਉਹਨਾਂ ਨੇ ਬਿਲਕੁਲ ਦਰੁਸਤ ਭਵਿੱਖਵਾਣੀ ਕਰਦਿਆਂ ਲਿਖਿਆ ਸੀ ਕਿ ਇਸ ਫੌਜੀ ਹਮਲੇ ਨਾਲ ਸਿੱਖ ਮਨਾਂ ਤੇ ਅਜਿਹੇ ਸਦੀਵੀ ਜਖਮ ਹੋ ਜਾਣਗੇ,ਜਿਹੜੇ ਕਦੇ ਭਰੇ ਨਹੀ ਜਾ ਸਕਣਗੇ ਅਤੇ ਇਸ ਤੋ ਉਪਰੰਤ ਹੋਣ ਵਾਲਾ ਖੂਨ ਖਰਾਬਾ ਵੀ ਰੁਕਣ ਵਾਲਾ ਨਹੀ ਹੋਵੇਗਾ।(13 ਮਈ 1984 the illustrated weekly of india)ਪ੍ਰੰਤੂ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਦੀ ਕਾਂਗਰਸ ਸਰਕਾਰ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪਿੱਠ ਉਪਰ ਖੜੀਆਂ ਬਹੁ ਗਿਣਤੀ ਕੱਟੜ ਤੇ ਫਿਰਕਾਪ੍ਰਸਤ ਤਾਕਤਾਂ ਨੇ ਉਹਨਾਂ ਨੂੰ ਅਜਿਹੀਆਂ ਲਿਖਤਾਂ ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀ ਦਿੱਤਾ ਅਤੇ ਨਾ ਹੀ ਉਹ ਖੁਦ ( ਪ੍ਰਧਾਨ ਮੰਤਰੀ ਇੰਦਰਾ ਗਾਂਧੀ)ਉਸ ਮੌਕੇ ਸੁਬਰਾਮਨੀਅਮ ਸੁਆਮੀ ਵਰਗੇ ਲੀਡਰਾਂ ਦੀ ਪ੍ਰਵਾਹ ਕਰਨ ਦੀ ਲੋੜ ਸਮਝਦੀ ਸੀ।ਉਹ ਵੱਖਰੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਹੁਤ ਭੈਅ ਭੀਤ ਅਤੇ ਡਰ ਗਈ ਸੀ,ਜਿਸ ਦਾ ਖੁਲਾਸਾ ਬਾਅਦ ਵਿੱਚ ਪੱਤਰਕਾਰਾਂ ਨੂੰ ਦਿੱਤੀ ਇੰਟਰਵਿਊ ਵਿੱਚ ਸ੍ਰੀ ਸੁਬਰਾਮਨੀਅਮ ਸੁਆਮੀ ਨੇ ਕੀਤਾ ਹੈ। ਹਾਲਾਤ ਉਸ ਸਮੇਂਂ ਵਿਚ ਪਰਵੇਸ਼ ਕਰ ਚੁੱਕੇ ਸਨ ਜਦੋਂਂ ਸਰੋਮਣੀ ਅਕਾਲੀ ਦਲ ਦਾ ਪਿੱਛੇ ਮੁੜਨਾ ਸੰਭਵ ਨਹੀ ਸੀ। ਸਰਕਾਰ ਵੀ ਗੱਲਬਾਤ ਕਰਕੇ ਮਸਲਾ ਨਿਬੇੜਨ ਤੋ ਪਾਸੇ ਹਟ ਚੁੱਕੀ ਸੀ। ਨੀਮ ਫੌਜੀ ਦਲਾਂ ਦਾ ਘੇਰਾ ਦਿਨੋ ਦਿਨ ਤੰਗ ਹੁੰਦਾ ਜਾ ਰਿਹਾ ਸੀ।ਓਧਰ ਦਮਦਮੀ ਟਕਸਾਲ ਦੇ ਸਿੰਘਾਂ ਨੇ ਵੀ ਅਪਣੇ ਮੋਰਚੇ ਮੱਲ ਲਏ ਸਨ।ਹੁਣ ਦਰਬਾਰ ਸਾਹਿਬ ਕੰਪਲੈਕਸ ਅੰਦਰ ਹਥਿਆਰਾਂ ਨਾਲ ਸਜੇ ਦਮਦਮੀ ਟਕਸਾਲ ਦੇ ਸਿੰਘ ਦਿਖਾਈ ਨਹੀ ਸਨ ਦਿੰਦੇ। ਜਾਪਦਾ ਹੈ ਕਿ ਉਹਨਾਂ ਦੇ ਖੁਫੀਆ ਤੰਤਰ ਨੇ ਵੀ ਉਹਨਾਂ ਨੂੰ ਅਗਾਂਊਂ ਸੂਚਿਤ ਕਰ ਦਿੱਤਾ ਹੋਇਆ ਸੀ,ਕਿ ਬਹੁਤ ਥੋੜੇ ਸਮੇ ਦੇ ਅੰਦਰ ਹੀ ਫੌਜ ਦਾ ਵੱਡਾ ਹਮਲਾ ਹੋਣ ਵਾਲਾ ਹੈ,ਜਿਸ ਕਰਕੇ ਸਿੰਘਾਂ ਨੇ ਅਪਣੇ ਮੋਰਚੇ ਮੱਲ ਲਏ ਸਨ।31 ਮਈ ਦੀ ਸਾਮ ਤੱਕ ਨੀਮ ਫੌਜੀ ਬਲਾਂ ਨੇ ਵੀ ਆਪਣੇ ਮੋਰਚੇ ਮੱਲ ਲਏ ਹਨ।ਘੇਰਾਬੰਦੀ ਤੰਗ ਕਰ ਦਿੱਤੀ ਗਈ ਹੈ।ਨੀਮ ਫੌਜੀ ਦਲਾਂ ਦੇ ਜੁਆਨ ਪਾੜ ਖਾਣੀਆਂ ਨਜ਼ਰਾਂ ਨਾਲ ਅਮਦਰ ਦੇ ਮਹੌਲ ਨੂੰ ਨਿਹਾਰ ਰਹੇ ਹਨ। ਸ੍ਰੀ ਦਰਬਾਰ ਸਾਹਿਬ ਅੰਦਰ ਵੀ ਚੁੱਪ ਪਸਰ ਗਈ ਹੈ।ਹਰ ਪਾਸੇ ਸਹਿਮ ਦਾ ਮਹੌਲ ਹੈ,ਚਹਿਲ ਪਹਿਲ ਕਿਧਰੇ ਦਿਖਾਈ ਨਹੀਂਂ ਦਿੰਦੀ,ਪਰ ਇਸ ਖੌਫਨਾਕ ਵਰਤਾਰੇ ਤੋਂ ਅਸਲੋਂ ਬੇਫਿਕਰ,ਜੀਵਨ ਤੋਂਂ ਸ਼ਹਾਦਤ ਵੱਲ ਵਧ ਰਹੇ ਤੀਰ ਵਾਲੇ ਮਹਾਂਪੁਰਖ ਬਾਬੇ ਭਿੰਡਰਾਂਵਾਲੇ ਦੀ ਉੱਚੀ ਤੇ ਗਰਜਵੀਂ ਆਵਾਜ ਵਿੱਚ ਇੱਕ ਬੋਲ ਗਾਇਨ ਕੀਤਾ ਜਾ ਰਿਹਾ ਹੈ,ਜਿਸ ਦੇ ਬੋਲ ਸਨ:- “ਸਿਰ ਦਿੱਤਿਆਂ ਬਾਝ ਨਹੀ ਰਹਿਣ,ਧਰਮ ਸਿਰ ਦਿੱਤਿਆਂ ਬਾਝ ਨਹੀ ਰਹਿਣਾ”।

  ਇਸ ਵਿਚ ਕੋਈ ਸ਼ਕ ਨਹੀਂ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ।ਸੰਤ ਭਿੰਡਰਾਂਵਾਲਿਆ ਨੇ ਹਿੰਦੂਆਂ ਦੇ ਮਾਰੇ ਜਾਣ ਤੇ ਅਫਸੋਸ ਪ੍ਰਗਟ ਕੀਤਾ ਪਰ ਮੀਡੀਏ ਇਸ ਨੂੰ ਪ੍ਰਮੁਖਤਾ ਨਾਲ ਨਾ ਛਾਪਿਆ।ਸਗੋਂ ਉਨਾ ਦੇ ਅਕਸ ਨੂੰ ਵਿਗਾੜਨ ਲਈ ਪੂਰਾ ਤਾਣ ਲਾਇਆ। ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ। ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਸੰਤ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ ‘ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

  1980 ਦੇ ਦਹਾਕੇ ਵਿਚ ਸਿੱਖਾਂ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਉਂਣ ਵਾਲੇ ਨੌਜਵਾਨ ਜਿਸਦੇ ਮਾਪਿਆਂ ਨੇ ਉਸ ਨੂੰ ਸੰਤ ਜਰਨੈਲ ਸਿੰਘ ਨਾਮ ਦਿੱਤਾ ਸੀ।ਸੰਤ ਜਰਨੈਲ ਸਿੰਘ ਦੇ ਨਾਮ ਨਾਲ ਸੰਤ ਤੇ ਭਿੰਡਰਾਂਵਾਲਾ ਸ਼ਬਦ ਉਦੋਂ ਜੁੜੇ ਜਦੋਂ ਉਹ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਤੇ ਪਸਾਰ ਕਰਨ ਵਾਲੀ ਸੰਸਥਾ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ।ਉਨ੍ਹਾਂ ਦਾ ਰਹੱਸਮਈ ਪਰ ਆਸਾਧਾਰਨ ਤਰੀਕੇ ਨਾਲ ਉਭਰਨਾ, ਪੰਜਾਬ ਦੇ ਹੱਕਾਂ ਦੀ ਲੜਾਈ ਦੇ ਸਭ ਤੋਂ ਖ਼ਤਰਨਾਕ ਦੌਰ ਵਿੱਚ ਪਹੁੰਚਣ ਬਾਰੇ ਕਾਫ਼ੀ ਕੁਝ ਬਿਆਨ ਕਰਦਾ ਹੈ। ਇਸ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ।ਇਹ ਅੰਦੋਲਨ ਭਾਰਤ ਸਰਕਾਰ ਦੀ ਤਾਕਤ ਨਾਲ ਲੜਨ ਵਿੱਚ ਭਾਵੇਂ ਨਾਕਾਮ ਦਿੱਸ ਰਿਹਾ ਹੈ ਪਰ ਸੰਤ ਭਿੰਡਰਾਵਾਲਿਆਂ ਦੀ ਸ਼ਖ਼ਸੀਅਤ ਅਤੇ ਸੋਚ ਅੱਜ ਵੀ ਜ਼ਿੰਦਾ ਹੈ।ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਜਿਸ ਆਗੂ ਦੀ ਤਸਵੀਰਾ ਸਭ ਤੋਂ ਵੱਧ ਵਿਕੀ ਹੈ, ਉਹ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ।ਸੰਤ ਭਿੰਡਰਾਂਵਾਲੇ ਸਿਰਫ ਸਿੱਖ ਕੌਮ ਦਾ ਸਨਮਾਨ ਚਹੁੰਦੇ ਸਨ ਅਤੇ ਭਾਰਤ ਵਿੱਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨਣ ਲਈ ਸੰਘਰਸ਼ ਕਰਦੇ ਸਨ।ਉਹ ਸਿੱਖਾਂ ਨੂੰ ਹੋਰਾਂ ਕੌਮਾਂ ਨਾਲੋਂ ਵੱਖਰਾ ਮੰਨਦੇ ਸਨ।ਕੋਈ ਵਿਅਕਤੀ ਕਿਸੇ ਲਈ ਹੀਰੋ ਹੋ ਸਕਦਾ ਹੈ ਤਾਂ ਦੂਜੇ ਲਈ ਅੱਤਵਾਦੀ। ਇਹ ਗੱਲ ਸਿਧਾਂਤਕ ਵਖਰੇਵੇਂ ਵਾਲੀ ਧਾਰਨਾ ਉੱਤੇ ਆਧਾਰਿਤ ਹੈ।ਜਿਸ ਵੇਲੇ ਸੰਤ ਭਿੰਡਰਾਂਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਉਦੋਂ ਉਨ੍ਹਾਂ ਦੀ ਉਮਰ 30 ਸਾਲ ਦੀ ਸੀ। ਕਿਸੇ ਨੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਹ ਪੰਜਾਬ ਦੀ ਫਿਜ਼ਾ ਨੂੰ ਬਦਲ ਦੇਣਗੇ।ਸਾਲ 1977 ਵਿੱਚ ਉਨ੍ਹਾਂ ਨੂੰ ਦਮਦਮੀ ਟਕਸਾਲ ਦਾ ਪ੍ਰਮੁੱਖ ਬਣਾਏ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸਨ। ਉਹ ਵੀ ਮੁਬਾਰਕਬਾਦ ਕਹਿਣ ਲਈ ਉੱਥੇ ਹਾਜ਼ਰ ਸਨ।1978 ਦੀ ਵਿਸਾਖੀ ਦੇ ਖ਼ੂਨੀ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਹਮੇਸ਼ਾ ਲਈ ਬਦਲ ਗਿਆ। ਇਹ ਕਦੇ ਵੀ ਮੁੜ ਕੇ, ਪਹਿਲਾਂ ਵਰਗਾ ਨਹੀਂ ਹੋ ਸਕਿਆ। ਇਸ ਕਾਂਡ ਦੌਰਾਨ ਮਰਨ ਵਾਲੇ ਸਿੱਖ ਕਾਰਕੁਨ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਸਬੰਧਿਤ ਸਨ।ਇਕ ਪੱਤਰਕਾਰ (ਜਗਤਾਰ ਸਿੰਘ)ਦੇ ਰੂਪ ਵਿੱਚ ਮੇਰੀ ਸੰਤ ਭਿੰਡਰਾਂਵਾਲੇ ਨਾਲ ਰਸਮੀ ਅਤੇ ਗੈਰ-ਰਸਮੀ ਗੱਲਬਾਤ ਦੌਰਾਨ ਇਸ ਤਰ੍ਹਾਂ ਜਾਪਦਾ ਸੀ ਕਿ ਉਸ ਸਮੇਂ ਸੰਤ ਭਿੰਡਰਾਂਵਾਲੇ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਪੰਥ ਲਈ ਕੁਝ ਖ਼ਾਸ ਕਰਨ ਦਾ ਮਨ ਬਣਾ ਰਹੇ ਹਨ-ਜੋ ਜ਼ਿੰਦਗੀ ਦੀ ਕੁਰਬਾਨੀ ਵੀ ਹੋ ਸਕਦੀ ਹੈ। ਇਹ ਗੁਣ ਉਨ੍ਹਾਂ ਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਵੱਖ ਕਰਦਾ ਸੀ।

  ਇਹ ਸੱਚ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਵੱਲੋਂ 1973 ਵਿੱਚ ਪਾਸ ਕੀਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਸਮਰਥਨ ਕੀਤਾ ਸੀ ਪਰ ਇਹ ਪ੍ਰਸਤਾਵ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ, ਵੱਖਰੇ ਦੇਸ ਦੀ ਨਹੀਂ।ਸੰਤ ਭਿੰਡਰਾਂਵਾਲੇ ਦੀ ਚਰਚਾ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਨਿਰੰਕਾਰੀ ਸੰਪਰਦਾਇ ਦੇ ਆਗੂ ਗੁਰਬਚਨ ਸਿੰਘ ਦੀ ਹੱਤਿਆ ਕੀਤੀ ਗਈ ਅਤੇ ਸੰਤ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਚੌਂਕ ਮਹਿਤਾ ਨੂੰ ਛੱਡ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਗਏ ।ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਕੋਲ ਆਉਣ ਲੱਗ ਪਏ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀਂ ਆਏ ਫੌਜੀ ਕਾਰਵਾਈ ਦੌਰਾਨ ਸਹੀਦ ਹੋ ਗਏ।ਸਿੱਖ ਭਾਈਚਾਰੇ ਦੇ ਉਹ ਲੋਕ ਜਿਹੜੇ ਉਨ੍ਹਾਂ ਦੇ ਸਮਰਥਕ ਸਨ, ਉਹ ਸਮਾਜ ਵਿਚ ਵੱਖ-ਵੱਖ ਅਹੁਦਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ। ਇਨ੍ਹਾਂ ਵਿੱਚ ਸੇਵਾਮੁਕਤ ਫੌਜੀ ਅਫਸਰ, ਨੌਕਰਸ਼ਾਹ, ਅਤੇ ਸਿੱਖਿਆ ਮਾਹਰ ਸ਼ਾਮਲ ਸਨ। ਜਿਸ ਗੱਲ ਨੇ ਉਹਨਾਂ ਨੂੰ ਕ੍ਰਿਸ਼ਮਈ ਸ਼ਖਸੀਅਤ ਵੱਜੋਂ ਉਭਾਰਿਆ, ਉਹ ਸੀ ਆਮ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਲੋਕਾਂ ਦੀ ਉਨ੍ਹਾਂ ਵਿੱਚ ਭਰੋਸੇਯੋਗਤਾ।

  ਇਹ ਭਰੋਸੇਯੋਗਤਾ ਕਾਫ਼ੀ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਗੁਆ ਰਿਹਾ ਸੀ। ਉਨ੍ਹਾਂ ਦੀ ਸੋਚ ਸਪੱਸ਼ਟਵਾਦੀ ਸੀ ਅਤੇ ਉਹ ਦੋਗਲੇਪਣ ਉੱਤੇ ਵਿਸ਼ਵਾਸ਼ ਨਹੀਂ ਕਰਦੇ ਸਨ।ਇਸ ਸਮੈ ਉਨਾ ਨੂੰ ਸਮਝੌਤਾ ਕਰਨ ਲਈ ਕਰੋੜਾ ਰੁਪਿਆਂ ਦੀ ਆਫਰ ਵੀ ਹੋਈ ਪਰ ਉਨ੍ਹਾਂ ਕੌਮ ਨੂੰ ਤਰਜੀਹ ਦਿੱਤੀ।ਪੈਸਾ ਉਨਾ ਲਈ ਕੋਈ ਮਹੱਤਤਾ ਨਹੀਂ ਰੱਖਦਾ ਸੀ।ਉਨ੍ਹਾਂ ਨੇ ਜਿਹੜਾ ਰਾਹ ਚੁਣਿਆ ਸੀ , ਉਹ ਉਨ੍ਹਾਂ ਨੂੰ ਅੰਤ ਸ਼ਹਾਦਤ ਤੱਕ ਲੈ ਗਿਆ, ਜਿਸ ਨੂੰ ਉਹ ਕਾਫ਼ੀ ਸਮਾਂ ਪਹਿਲਾਂ ਤੋਂ ਲੱਭ ਰਹੇ ਸੀ।

  ਬਘੇਲ ਸਿੰਘ ਧਾਲੀਵਾਲ              (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img